ਹਰਸਿਮਰਤ ਬਾਦਲ ਦਾ ਕੇਜਰੀਵਾਲ 'ਤੇ ਤੰਜ, ਚੋਣਾਂ ਦੌਰਾਨ ਫ਼ਸਲੀ ਬਟੇਰੇ ਆਉਣੇ ਹੋਏ ਸ਼ੁਰੂ

Friday, Dec 17, 2021 - 06:14 PM (IST)

ਹਰਸਿਮਰਤ ਬਾਦਲ ਦਾ ਕੇਜਰੀਵਾਲ 'ਤੇ ਤੰਜ, ਚੋਣਾਂ ਦੌਰਾਨ ਫ਼ਸਲੀ ਬਟੇਰੇ ਆਉਣੇ ਹੋਏ ਸ਼ੁਰੂ

ਚੰਡੀਗੜ੍ਹ : ਹਰਸਿਮਰਤ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਤੰਜ ਕੱਸਦਿਆਂ ਕਿਹਾ ਕਿ ਚੋਣਾਂ ਆਉਂਦੇ ਹੀ ਪੰਜਾਬ ਵਿੱਚ ਫ਼ਸਲੀ ਬਟੇਰੇ ਆਉਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਨੇ ਪੰਜ ਸਾਲ ਪੰਜਾਬ ’ਚ ਸ਼ਕਲ ਨਹੀਂ ਦਿਖਾਈ। ਦਰਅਸਲ, ਬੀਤੇ ਦਿਨ ਅਰਵਿੰਦ ਕੇਜਰੀਵਾਲ ਨੇ ਲੰਬੀ ਹਲਕੇ ਦੇ ਪਿੰਡ ਖੁੱਡੀਆਂ ’ਚ ਭਰਵੀਂ ਰੈਲੀ ਕੀਤੀ ਸੀ ਅਤੇ ਪੰਜਾਬੀਆਂ ਨੂੰ 'ਆਪ' ਦੀ ਸਰਕਾਰ ਬਣਾਉਣ ਦਾ ਹੋਕਾ ਦਿੱਤਾ ਸੀ। ਹਰਸਿਮਰਤ ਨੇ ਇਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਲੰਬੀ ਹਲਕੇ ’ਚ ਕੇਜਰੀਵਾਲ ਨੇ ਸਿੱਖਿਆ ਅਤੇ ਸਿਹਤ ਮਾਡਲ ਨੂੰ ਲੈ ਕੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਪਰ ਇਨ੍ਹਾਂ ਦਾ ਝੂਠ ਲੋਕ 2017 ’ਚ ਹੀ ਸਮਝ ਗਏ ਸਨ। ਫਿਰ ਵੀ ਲੋਕਾਂ ਨੇ 20 ਵਿਧਾਇਕ ਜਿਤਾ ਕੇ ਇਨ੍ਹਾਂ ਨੂੰ ਵਿਰੋਧੀ ਧਿਰ ਦਾ ਮਾਣ ਦਿੱਤਾ ਪਰ ਇਨ੍ਹਾਂ ਨੇ ਸਰਕਾਰ ਕੋਲੋਂ ਕੋਈ ਕੰਮ ਨਹੀਂ ਕਰਵਾਇਆ। ਅੱਜ ਹਾਲਾਤ ਇਹ ਹਨ ਕਿ 'ਆਪ' ਦੇ ਕਈ ਵਿਧਾਇਕ ਕਾਂਗਰਸ ’ਚ ਜਾ ਚੁੱਕੇ ਹਨ ਅਤੇ ਕਈ ਜਾਣ ਦੀ ਤਿਆਰੀ ’ਚ ਹਨ।

ਇਹ ਵੀ ਪੜ੍ਹੋਪੰਜਾਬ 'ਚ ਵੱਡਾ ਧਮਾਕਾ ਕਰਨ ਦੀ ਰੌਂਅ 'ਚ ਭਾਜਪਾ, ਬਦਲਣਗੇ ਸਿਆਸੀ ਸਮੀਕਰਨ

ਹਰਸਿਮਰਤ ਨੇ ਕੇਜਰੀਵਾਲ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜਿਹੜਾ ਇਨਸਾਨ ਅੰਨਾ ਹਜ਼ਾਰੇ ਦੇ ਸਹਾਰੇ ਸੱਤਾ ’ਚ ਆਇਆ ਅਤੇ ਲੋਕਪਾਲ ਬਿੱਲ ਲਾਗੂ ਕਰਨ ਦੀਆਂ ਗੱਲਾਂ ਕਰਦਾ ਸੀ ਅਤੇ ਕਹਿੰਦਾ ਸੀ ਕਿ ਸ਼ੀਲਾ ਦੀਕਸ਼ਤ ਨੂੰ ਜੇਲ੍ਹ ਭੇਜਣ ਵਾਸਤੇ ਹੀ ਪਾਰਟੀ ਬਣਾਉਣੀ ਪੈ ਰਹੀ ਹੈ ਪਰ ਹਕੀਕਤ ਇਹ ਹੈ ਕਿ ਇਸ ਨੇ ਅੱਜ ਤੱਕ ਵੀ ਇਹ ਬਿੱਲ ਲਾਗੂ ਨਹੀਂ ਕੀਤਾ। ਉਨ੍ਹਾਂ ਕਿਹਾ ਕੇ ਕੇਜਰੀਵਾਲ ਨੇ ਸਹੁੰ ਖਾਧੀ ਸੀ ਕਿ ਮੈਂ ਕਿਸੇ ਪਾਰਟੀ ਨਾਲ ਗੱਠਜੋੜ ਨਹੀਂ ਕਰਾਂਗਾ ਪਰ ਲੋੜ ਪੈਣ 'ਤੇ ਕਾਂਗਰਸ ਨਾਲ ਸਮਝੌਤਾ ਵੀ ਕੀਤਾ। ਹਰਸਿਮਰਤ ਨੇ ਕੇਜਰੀਵਾਲ ਨੂੰ ਕਾਂਗਰਸ ਦੀ ਬੀ-ਟੀਮ ਦਾ ਨਾਮ ਦਿੰਦਿਆਂ ਕਿਹਾ ਕਿ ਦਿੱਲੀ ਦੇ ਮਰਹੂਮ ਵਿਧਾਇਕ ਜਰਨੈਲ ਸਿੰਘ ਨੇ ਦਿੱਲੀ ਸਰਕਾਰ ਅੱਗੇ ਤਰਲੇ ਕਰਦਿਆਂ ਟਵੀਟ ਕੀਤਾ ਸੀ ਕਿ ਮੈਨੂੰ ਕੋਰੋਨਾ ਕਾਰਨ ਆਕਸੀਜਨ ਦੀ ਲੋੜ ਹੈ ਤੇ ਇਕ ਬੈੱਡ ਵੀ ਮੁਹੱਈਆ ਕਰਵਾਇਆ ਜਾਵੇ ਪਰ ਅਫ਼ਸੋਸ ਇਹ ਉਨ੍ਹਾਂ ਦੀ ਜਾਨ ਵੀ ਨਹੀਂ ਬਚਾ ਸਕੇ।

ਇਹ ਵੀ ਪੜ੍ਹੋਅੰਮ੍ਰਿਤਸਰ ਹਵਾਈ ਅੱਡੇ ਪੁੱਜੇ ਅਰਵਿੰਦ ਕੇਜਰੀਵਾਲ, ਜਲੰਧਰ ਲਈ ਰਵਾਨਾ ਹੋਣ ਤੋਂ ਪਹਿਲਾਂ ਦਿੱਤਾ ਵੱਡਾ ਬਿਆਨ

ਹਰਸਿਮਰਤ ਨੇ ਕੇਜਰੀਵਾਲ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੋ ਵੱਡੇ-ਵੱਡੇ ਵਾਅਦੇ ਪੰਜਾਬੀਆਂ ਨਾਲ ਕੀਤੇ ਜਾ ਰਹੇ ਹਨ, ਉਹ ਪਹਿਲਾਂ ਦਿੱਲੀ ਵਿਚ ਤਾਂ ਪੂਰਾ ਕਰਕੇ ਦਿਖਾਉਣ। ਉਨ੍ਹਾਂ ਕਿਹਾ ਕਿ ਜੋ ਹਲਫਨਾਮਾ ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ’ਚ ਦਿੱਤਾ ਹੈ ਕਿ ਪੰਜਾਬ ਦਾ ਪਾਣੀ ਦਿੱਲੀ ਜਾਣਾ ਚਾਹੀਦਾ ਹੈ, ਪਹਿਲਾਂ ਉਹ ਵੀ ਵਾਪਸ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਜੋ ਹਲਫ਼ਨਾਮਾ ਹਾਈਕੋਰਟ ’ਚ ਦਿੱਤਾ ਗਿਆ ਹੈ ਕਿ ਪੰਜਾਬ ਦੇ ਥਰਮਲ ਬੰਦ ਕੀਤੇ ਜਾਣ ਤਾਂ ਜੋ ਪ੍ਰਦੂਸ਼ਿਤ ਹਵਾ ਦਿੱਲੀ ਨਾ ਜਾਵੇ, ਉਸ ਦਾ ਵੀ ਪੰਜਾਬੀਆਂ ਨੂੰ ਜਵਾਬ ਦਿੱਤਾ ਜਾਵੇ। ਕੇਜਰੀਵਾਲ ’ਤੇ ਵਿਅੰਗ ਕਰਦਿਆਂ ਹਰਸਿਮਰਤ ਨੇ ਕਿਹਾ ਕਿ ਤੁਸੀਂ ਤਾ ਖ਼ੁਦ ਸਾਫ਼ ਹਵਾ ਲੈਣ ਲਈ ਪੰਜਾਬ ਆਉਂਦੇ ਹੋ। ਉਨ੍ਹਾਂ ਕਿਹਾ ਕਿ ਜੋ ਸ਼ਖ਼ਸ ਦਿੱਲੀ ਛੱਡ ਕੇ ਆਪਣਾ ਇਲਾਜ ਕਰਵਾਉਣ ਬੈਂਗਲੁਰੂ ਜਾਂਦਾ ਹੈ, ਉਹ ਪੰਜਾਬੀਆਂ ਨੂੰ ਕੀ ਸਿਹਤ ਸਹੂਲਤਾਂ ਦੇ ਸਕਦਾ ਹੈ।

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ?
 


author

Harnek Seechewal

Content Editor

Related News