ਹਰਸਿਮਰਤ ਬਾਦਲ ਦਾ ਬਾਘਾਪੁਰਾਣਾ ਪੁੱਜਣ ’ਤੇ ਵਿਰੋਧ, ਦਿਖਾਈਆਂ ਕਾਲੀਆਂ ਝੰਡੀਆਂ
Friday, Oct 22, 2021 - 05:21 PM (IST)
ਬਾਘਾਪੁਰਾਣਾ (ਅਜੇ) : ਅੱਜ ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਵੱਲੋਂ ਹਰਸਿਮਰਤ ਕੌਰ ਬਾਦਲ ਦਾ ਵਿਰੋਧ ਕੀਤਾ ਗਿਆ। ਹਰਸਿਮਰਤ ਕੌਰ ਬਾਦਲ ਅੱਜ ਡੀ. ਐੱਮ. ਮੈਰਿਜ ਪੈਲੇਸ ਵਿੱਚ ਮੀਟਿੰਗ ਦਾ ਨਾਂ ਲੈ ਕੇ ਅਕਾਲੀ ਦਲ ਵਰਕਰਾਂ ਨਾਲ ਰੈਲੀ ਕਰਨ ਪੁੱਜੇ ਸਨ। ਕਿਸਾਨ ਜੱਥੇਬੰਦੀਆ ਨੂੰ ਇਸ ਮੀਟਿੰਗ ਦੀ ਭਿਣਕ ਪੈ ਗਈ ਤਾਂ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਨੇ ਡੀ. ਐੱਮ. ਮੈਰਿਜ ਪੈਲੇਸ ਕੋਲ ਹੀ ਬੀਬਾ ਬਾਦਲ ਦਾ ਘਿਰਾਓ ਕੀਤਾ ਅਤੇ ਕਿਰਤੀ ਕਿਸਾਨ ਯੂਨੀਅਨ ਜੱਥੇਬੰਦੀ ਦੇ ਝੰਡੇ ਵਿੱਖਾ ਕੇ ਨਾਅਰੇਬਾਜ਼ੀ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕਿਸਾਨ ਜੱਥੇਬੰਦੀਆ ਅਤੇ ਰਾਜਨੀਤਕ ਪਾਰਟੀਆਂ ਦੀ ਇੱਕ ਮੀਟਿੰਗ ਹੋਈ ਸੀ, ਜਿਸ ਵਿੱਚ ਇਹ ਫੈਸਲਾ ਹੋਇਆ ਸੀ ਕਿ ਰਾਜਨੀਤਿਕ ਆਗੂ ਕਿਸੇ ਭੋਗ ’ਤੇ ਅਤੇ ਵਿਆਹ ਸਮਾਰੋਹ ਵਿੱਚ ਜਾ ਸਕਦੇ ਹਨ ਪਰ ਚੋਣਾਂ ਦੇ ਸਬੰਧ ਵਿੱਚ ਕੋਈ ਰੈਲੀ ਜਾਂ ਪ੍ਰੋਗਰਾਮ ਨਹੀਂ ਕਰਨਗੇ, ਅਕਾਲੀ ਦਲ ਨੇ ਉਦੋਂ ਵੀ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਸੀ।
ਇਹ ਰਾਜਨੀਤਿਕ ਪਾਰਟੀਆਂ ਜਾਣ ਬੁੱਝ ਕੇ ਅੰਦਰ ਖਾਤੇ ਰੈਲੀਆਂ, ਮੀਟਿੰਗਾਂ ਕਰਕੇ ਚੋਣਾਂ ਦਾ ਮਾਹੌਲ ਬਣਾ ਰਹੀਆਂ ਹਨ, ਜੋ ਕਿਸਾਨ ਜੱਥੇਬੰਦੀਆਂ ਹਰਗਿੱਜ ਬਰਦਾਸ਼ਤ ਨਹੀ ਕਰਨਗੀਆਂ। ਜੇਕਰ ਰਾਜਨੀਤਿਕ ਪਾਰਟੀਆ ਇਸ ਤਰ੍ਹਾਂ ਚੋਣਾਂ ਦਾ ਮਾਹੌਲ ਬਣਾਉਣਗੇ ਤਾਂ ਇਨ੍ਹਾਂ ਦਾ ਵਿਰੋਧ ਹਰ ਹਾਲਤ ਵਿੱਚ ਕੀਤਾ ਜਾਵੇਗਾ। ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁੰਨਾਂ ਦੀ ਪੁਲਸ ਪ੍ਰਸ਼ਾਸਨ ਨਾਲ ਵੀ ਤਿੱਖੀ ਬਹਿਸਬਾਜ਼ੀ ਹੋਈ।
ਪੁਲਸ ਪ੍ਰਸ਼ਾਸਨ ਨੇ ਜੱਥੇਬੰਦੀਆਂ ਨੂੰ ਵਿਸਵਾਸ਼ ਦਿਵਾਇਆ ਸੀ ਕਿ ਜੱਥੇਬੰਦੀ ਦੀਆਂ ਦੋ ਆਗੂ ਔਰਤਾਂ ਅੱਗੇ ਜਾਕੇ ਬੀਬਾ ਬਾਦਲ ਨਾਲ ਸਵਾਲ ਜਵਾਬ ਕਰ ਸਕਦੀਆ ਹਨ ਪਰ ਪੁਲਸ ਪ੍ਰਸ਼ਾਸਨ ਆਪਣੇ ਵਾਅਦੇ ਤੋਂ ਮੁਕਰਨ ਹੋ ਗਿਆ ਅਤੇ ਵਰਕਰਾਂ ਨੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਵੀ ਨਾਅਰੇਬਾਜੀ ਕੀਤੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਸਕੱਤਰ ਜਸਮੇਲ ਸਿੰਘ, ਔਰਤ ਵਿੰਗ ਦੇ ਆਗੂ ਛਿੰਦਰਪਾਲ ਕੌਰ ਰੋਡੇਖੁਰਦ, ਜਗਵਿੰਦਰ ਕੌਰ, ਸਵਰਨਜੀਤ ਕੌਰ, ਕੁਲਜੀਤ ਕੌਰ, ਮਨਜੀਤ ਕੌਰ, ਰਛਪਾਲ ਕੌਰ, ਸੁਨੀਤਾ ਰਾਣੀ, ਅਮਰਜੀਤ ਕੌਰ, ਬਲਜੀਤ ਕੌਰ, ਜਸਵਿੰਦਰ ਕੌਰ, ਸਰਬਣ ਲੰਡੇ ਅਤੇ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।