ਜ਼ਮੀਨ ਪ੍ਰਾਪਤੀ ਲਈ ਮੋਰਚੇ ''ਤੇ ਡਟੇ ਦਲਿਤਾਂ ਦੇ ਹੱਕ ਆਈ ਆਮ ਆਦਮੀ ਪਾਰਟੀ

Saturday, Aug 01, 2020 - 02:10 PM (IST)

ਭਵਾਨੀਗੜ੍ਹ (ਵਿਕਾਸ, ਸੰਜੀਵ, ਕਾਂਸਲ): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸ਼ਨੀਵਾਰ ਨੂੰ ਜ਼ਮੀਨ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਦਲਿਤ ਮਜ਼ਦੂਰਾਂ ਦੇ ਹੱਕ ਵਿੱਚ ਪਿੰਡ ਘਰਾਚੋਂ ਵਿਖੇ ਪਹੁੰਚੇ। ਇਸ ਮੌਕੇ ਚੀਮਾ ਨੇ ਕਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਰਾਖਵੇਂ ਹਿੱਸੇ ਦੀ ਜ਼ਮੀਨ ਪਾਉਣ ਤੇ ਡੰਮੀ ਬੋਲੀ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਢਾਈ ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਦਲਿਤ ਭਾਈਚਾਰੇ ਦੇ ਲੋਕਾਂ ਦੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਈ ਸਾਰ ਨਹੀਂ ਲਈ ਜਾ ਰਹੀ।

ਇਹ ਵੀ ਪੜ੍ਹੋ: ਧਮਕੀਆਂ ਮਿਲਣ ਕਾਰਨ ਵਿਅਕਤੀ ਵਲੋਂ ਖ਼ੁਦਕੁਸ਼ੀ, ਕਹਿ ਰਿਹਾ ਸੀ-'ਬਾਪੂ ਮੈਨੂੰ ਮਰਨਾ ਹੀ ਪਵੇਗਾ'

ਉਨ੍ਹਾਂ ਹਲਕਾ ਵਿਧਾਇਕ ਤੇ ਪ੍ਰਸ਼ਾਸਨ 'ਤੇ ਦਲਿਤਾਂ ਨਾਲ ਜੁੜੇ ਇਸ ਮਾਮਲੇ ਨੂੰ ਉਲਝਾਉਣ ਦਾ ਦੋਸ਼ ਲਗਾਇਆ ਤੇ ਕਿਹਾ ਕਿ ਸਰਕਾਰ ਦੀ ਸ਼ਹਿ 'ਤੇ ਪ੍ਰਸ਼ਾਸਨ ਨੇ ਜ਼ਮੀਨ ਦੀ ਬੋਲੀ ਪਿਛਲੇ ਸਾਲ ਨਾਲੋਂ ਦੁੱਗਣੇ ਰੇਟ 'ਤੇ ਕਰਵਾ ਦਿੱਤੀ ਤਾਂ ਜੋ ਗਰੀਬ ਲੋਕ ਇਹ ਮਹਿੰਗੀ ਬੋਲੀ ਦੇ ਹੀ ਨਾ ਸਕਣ। ਚੀਮਾ ਨੇ ਗਰੀਬ ਲੋਕਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਵਿਸ਼ਵਾਸ ਦਵਾਇਆ ਕਿ ਜ਼ਮੀਨ ਮਾਮਲੇ 'ਚ ਦਲਿਤਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਇਸ ਮਾਮਲੇ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਗਰੀਬ ਲੋਕ ਆਪਣਾ ਬਣਦਾ ਹੱਕ ਪਾ ਆਪਣੇ ਪਰਿਵਾਰਾਂ ਤੇ ਬੱਚਿਆਂ ਦਾ ਪੇਟ ਭਰ ਸਕਣ। ਇਸ ਮੌਕੇ ਹਰਪਾਲ ਚੀਮਾ ਨੇ ਐਲਾਨ ਕੀਤਾ ਕਿ ਪੰਜਾਬ 'ਚ ਪੰਚਾਇਤੀ ਜ਼ਮੀਨਾਂ ਦੀ ਵੰਡ ਨੂੰ ਲੈ ਕੇ ਜੇਕਰ ਦਲਿਤ ਭਾਈਚਾਰੇ ਨਾਲ ਕਿਸੇ ਕਿਸਮ ਦਾ ਧੱਕਾ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਵਲੋਂ ਇਸਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਚੀਮਾ ਨੇ ਮੰਗ ਕੀਤੀ ਕਿ ਸਰਕਾਰ ਤੇ ਪ੍ਰਸ਼ਾਸਨ ਮਸਲੇ ਦਾ ਜਲਦ ਹੱਲ ਕੱਢੇ ਨਹੀਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਤੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਹਰਪਾਲ ਚੀਮਾ ਦਾ ਇੱਥੇ ਪਹੁੰਚਣ 'ਤੇ ਧੰਨਵਾਦ ਕੀਤਾ।

ਇਹ ਵੀ ਪੜ੍ਹੋ: ਵੱਡਾ ਖੁਲਾਸਾ, ਪਰਿਵਾਰ ਦਾ ਨਾਜਾਇਜ਼ ਮਾਈਨਿੰਗ ਦਾ ਧੰਦਾ ਹੀ ਬਣਿਆ ਬੱਚਿਆਂ ਦੀ ਮੌਤ ਦਾ ਕਾਰਨ


Shyna

Content Editor

Related News