ਬਾਦਲਾਂ ਨੂੰ ਬਚਾਉਣ ਲਈ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੈ ''ਸਿਟ'' ''ਚ ਬਗ਼ਾਵਤ : ਹਰਪਾਲ ਚੀਮਾ

Sunday, Jun 02, 2019 - 09:56 AM (IST)

ਬਾਦਲਾਂ ਨੂੰ ਬਚਾਉਣ ਲਈ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੈ ''ਸਿਟ'' ''ਚ ਬਗ਼ਾਵਤ : ਹਰਪਾਲ ਚੀਮਾ

ਚੰਡੀਗੜ੍ਹ (ਸ਼ਰਮਾ)— ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੇ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਕਮੇਟੀ (ਸਿਟ) ਦੇ ਮੁਖੀ ਅਤੇ 3 ਹੋਰ ਮੈਂਬਰ ਪੁਲਸ ਅਧਿਕਾਰੀਆਂ ਵੱਲੋਂ ਆਪਣੇ ਸਾਥੀ ਮੈਂਬਰ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਖ਼ਿਲਾਫ਼ ਖੋਲ੍ਹੇ ਮੋਰਚੇ ਨੂੰ ਵੱਡੇ ਪੱਧਰ ਦੀ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੱਤਾ, ਜਿਸ ਦਾ ਮਕਸਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ਾਂ 'ਚ ਘਿਰੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਸਮੇਤ ਬਾਕੀ ਗੁਨਾਹਗਾਰਾਂ ਨੂੰ ਬਚਾਉਣਾ ਹੈ। ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਵਾਲ 'ਟਾਈਮਿੰਗ' ਦਾ ਹੈ। ਜੇਕਰ 'ਸਿਟ' ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਸੰਵੇਦਨਸ਼ੀਲ ਜਾਂਚ ਦੌਰਾਨ ਸੱਚਮੁੱਚ ਆਪਹੁਦਰੀ ਕਰ ਰਿਹਾ ਸੀ ਤਾਂ ਇਹ ਚਾਰੇ ਸੀਨੀਅਰ ਪੁਲਸ ਅਧਿਕਾਰੀ ਜਾਂਚ ਦੌਰਾਨ ਹੀ ਕਿਉਂ ਨਹੀਂ ਬੋਲੇ? ਜਦਕਿ ਲੰਘੀ 26 ਮਈ ਨੂੰ 'ਸਿਟ' ਵਲੋਂ ਅਦਾਲਤ 'ਚ ਚਲਾਨ ਪੇਸ਼ ਕਰਨ ਤੋਂ ਬਾਅਦ ਇਨ੍ਹਾਂ ਪੁਲਸ ਅਫ਼ਸਰਾਂ ਨੇ ਨਾ ਸਿਰਫ਼ ਹੱਥ ਪਿੱਛੇ ਖਿੱਚੇ ਹਨ, ਸਗੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਰੁੱਧ ਸ਼ਿਕਾਇਤ ਕਰ ਕੇ ਜਾਂਚ ਰਿਪੋਰਟ ਵੀ ਪ੍ਰਭਾਵਿਤ ਕਰ ਦਿੱਤੀ ਹੈ, ਜਿਸ ਆਧਾਰ 'ਤੇ ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਸਮੇਤ ਬਾਕੀ ਦੋਸ਼ੀਆਂ ਵਿਰੁੱਧ ਚਲਾਨ ਪੇਸ਼ ਹੋਇਆ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਰਗੇ ਅਤਿ ਸੰਵੇਦਨਸ਼ੀਲ ਮਸਲੇ ਦੀ ਜਿਸ ਤਰੀਕੇ ਨਾਲ ਜਾਂਚ ਹੋ ਰਹੀ ਹੈ, ਇਹ ਦੋਸ਼ੀਆਂ ਨੂੰ ਫੜਨ ਦੀ ਥਾਂ ਬਚਾਉਣ 'ਤੇ ਕੇਂਦਰਿਤ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਦੀ ਮੋਦੀ ਸਰਕਾਰ ਚਾਹੁੰਦੀ ਹੀ ਨਹੀਂ ਕਿ ਬਾਦਲ ਅਤੇ ਸੈਣੀ ਸਮੇਤ ਇਸ ਮਸਲੇ ਦੇ ਬਾਕੀ ਗੁਨਾਹਗਾਰਾਂ ਨੂੰ ਸਖ਼ਤ ਸਜ਼ਾ ਮਿਲੇ। ਚੀਮਾ ਨੇ ਮੰਗ ਕੀਤੀ ਕਿ ਕਿਸੇ ਵੀ ਕੀਮਤ 'ਤੇ ਇਸ ਸੰਵੇਦਨਸ਼ੀਲ ਮਸਲੇ ਦੀ ਜਾਂਚ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ ਅਤੇ ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸਿੰਘ ਸੈਣੀ ਸਮੇਤ ਸਾਰੇ ਦੋਸ਼ੀ ਤੁਰੰਤ ਗ੍ਰਿਫ਼ਤਾਰ ਕੀਤੇ ਜਾਣ।


author

Shyna

Content Editor

Related News