ਹਰਪਾਲ ਚੀਮਾ ਨੇ ਭਾਜਪਾ 'ਤੇ ਬੋਲਿਆ ਵੱਡਾ ਹਮਲਾ, ਕਿਹਾ- ਜਾਂਚ ਏਜੰਸੀਆਂ ਦੀ ਕੀਤੀ ਜਾ ਰਹੀ ਦੁਰਵਰਤੋਂ
Sunday, Apr 16, 2023 - 05:00 PM (IST)
ਜਲੰਧਰ (ਵੈੱਬ ਡੈਸਕ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੀ. ਬੀ. ਆਈ. ਵੱਲੋਂ ਤਲਬ ਕੀਤੇ ਜਾਣ 'ਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ 'ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਸਮੇਤ ਭਾਜਪਾ ਦੇ ਸਾਬਕਾ ਆਗੂ ਮੋਹਿੰਦਰ ਭਗਤ ਨੇ ਜਲੰਧਰ ਦੇ ਮਾਡਲ ਟਾਊਨ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਦੇਸ਼ ਦੇ ਅੰਦਰ ਭਾਜਪਾ ਦਾ ਤਾਨਾਸ਼ਾਹੀ ਰਵੱਈਆ ਦੇਸ਼ ਦੇ ਲੋਕਾਂ ਦੇ ਸਾਹਮਣੇ ਲੰਘੀ ਹੋਈ ਹੈ। ਦੇਸ਼ 'ਚ ਸਿਰਫ਼ ਆਮ ਆਦਮੀ ਪਾਰਟੀ ਹੀ ਅਜਿਹੀ ਹੈ, ਜਿਸ ਨੂੰ ਸਿਆਸਤ 'ਚ ਆਏ ਸਿਰਫ਼ 10 ਸਾਲ ਹੋਏ ਹਨ। 10 ਸਾਲ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਦਿੱਲੀ ਤੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਗੁਜਰਾਤ 'ਚ ਪਹਿਲੀ ਵਾਰ ਚੋਣ ਲੜੀ ਹੈ ਤੇ ਉੱਥੇ 'ਆਪ' ਨੂੰ 13 ਫ਼ੀਸਦੀ ਵੋਟ ਮਿਲੀ ਹੈ ਤੇ ਗੋਆ 'ਚ 'ਆਪ' ਦੇ ਦੋ ਵਿਧਾਇਕ ਹਨ।
ਇਹ ਵੀ ਪੜ੍ਹੋ- ਨਹਿਰ 'ਚ ਰੁੜ੍ਹੇ 3 ਨੌਜਵਾਨਾਂ ਵਿਚੋਂ ਇਕ ਦੀ ਮਿਲੀ ਲਾਸ਼, ਰੋ-ਰੋ ਪਰਿਵਾਰ ਦਾ ਹੋਇਆ ਬੁਰਾ ਹਾਲ
ਚੀਮਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇਸ਼ 'ਚ ਜਿੱਥੇ ਵੀ ਚੋਣਾਂ ਲੜਦੀ ਹੈ, ਉੱਥੇ-ਉੱਥੇ ਉਸ ਦਾ ਜਨਾਧਾਰ ਲਗਾਤਾਰ ਵਧਦਾ ਹੈ। 'ਆਪ' ਇਕਲੌਤੀ ਅਜਿਹੀ ਪਾਰਟੀ ਹੈ, ਜਿਸ ਨੇ 10 ਸਾਲਾਂ 'ਚ ਹੀ ਨੈਸ਼ਨਲ ਪਾਰਟੀ ਹੋਣ ਦਾ ਦਰਜਾ ਹਾਸਲ ਕੀਤਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਨੂੰ ਹਰ ਵਿਅਕਤੀ ਪਸੰਦ ਕਰਦਾ ਹੈ। ਚੀਮਾ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ 70 ਸਾਲ ਤੱਕ ਚੰਗੀ ਸਿੱਖਿਆ ਤੇ ਸਿਹਤ ਸਹੂਲਤਾਂ ਤੋਂ ਵਾਂਝਾ ਰੱਖਿਆ ਗਿਆ ਪਰ ਅਰਵਿੰਦ ਕੇਜਰੀਵਾਲ ਚੰਗਾ ਇਲਾਜ ਤੇ ਸਿੱਖਿਆ ਦੇਣ ਦੀ ਗੱਲ ਕਰਦੇ ਹਨ। ਇਸ ਲਈ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਯਤਾ ਦਿਨੋਂ-ਦਿਨ ਵੱਧਦੀ ਜਾ ਰਹੀ ਹੈ ਤੇ ਦੂਜੇ ਪਾਸੇ ਭਾਜਪਾ ਦਾ ਤਾਨਾਸ਼ਾਹੀ ਰਵੱਈਆ ਲੋਕਾਂ ਸਾਹਮਣੇ ਆ ਰਿਹਾ ਹੈ ਕਿ ਕਿਵੇਂ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।
ਚੀਮਾ ਨੇ ਕਿਹਾ ਕਿ ਭਾਜਪਾ ਨੇ ਸ਼ਰਾਬ ਘੁਟਾਲੇ ਮਾਮਲੇ 'ਚ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਜੇਲ੍ਹ ਅੰਦਰ ਰੱਖਿਆ ਗਿਆ ਹੈ ਅਤੇ ਸਿਸੋਦੀਆ ਉਹ ਵਿਅਕਤੀ ਹਨ, ਜਿਨ੍ਹਾਂ ਨੂੰ ਦੇਸ਼ ਦਾ ਬੱਚਾ-ਬੱਚਾ ਜਾਣਦਾ ਹੈ ਤੇ ਉਨ੍ਹਾਂ ਨੇ ਦਿੱਲੀ 'ਚ ਸਕੂਲ ਆਫ਼ ਐਮੀਨੇਂਸ ਬਣਾਏ ਹਨ ਤੇ ਚੰਗੀ ਸਿੱਖਿਆ ਦਿੱਤੀ ਹੈ। ਇਸ ਤੋਂ ਇਲਾਵਾ ਸਤਿੰਦਰ ਜੈਨ , ਜਿਨ੍ਹਾਂ ਨੇ ਮਹੁੱਲਾ ਕਲੀਨਿਕਾਂ ਬਣਾਏ ਹਨ, ਉਨ੍ਹਾਂ ਨਾਲ ਵੀ ਅਜਿਹਾ ਹੀ ਕੀਤਾ ਗਿਆ। ਭਾਜਪਾ ਨੇ ਲੋਕਾਂ ਦਾ ਭਲਾ ਕਰਨ ਵਾਲੇ ਵਿਅਕਤੀਆਂ ਨੂੰ ਜੇਲ੍ਹ 'ਚ ਬੰਦ ਕੀਤਾ ਹੋਇਆ ਹੈ ਤੇ ਦੂਜੇ ਪਾਸੇ ਦੇਸ਼ ਨੂੰ ਲੁੱਟਣ ਵਾਲੇ ਅਡਾਨੀ ਤੇ ਅੰਬਾਨੀ ਨੂੰ ਐਸ਼ ਕਰ ਰਹੇ ਹਨ।
ਇਹ ਵੀ ਪੜ੍ਹੋ- ਜਲਾਲਾਬਾਦ 'ਚ ਵਾਪਰਿਆ ਦਿਲ ਵਲੂੰਧਰ ਦੇਣ ਵਾਲਾ ਹਾਦਸਾ, ਟਰਾਲੇ ਨੇ ਬੁਰੀ ਤਰ੍ਹਾ ਦਰੜਿਆ ਸਕੂਟਰੀ ਸਵਾਰ
ਚੀਮਾ ਨੇ ਭਾਜਪਾ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ 'ਚ ਭ੍ਰਿਸ਼ਟਾਚਾਰ ਸਿਖਰਾਂ 'ਤੇ ਪਹੁੰਚਿਆ ਹੋਇਆ ਹੈ ਤੇ ਅੱਜ ਈ. ਡੀ. ਤੇ ਸੀ. ਬੀ. ਆਈ. ਦਾ ਦੁਰਵਰਤੋਂ ਸਿਰਫ਼ ਵਿਰੋਧੀ ਪਾਰਟੀਆਂ 'ਤੇ ਕੀਤੀ ਜਾ ਰਹੀ ਹੈ। ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਭਾਜਪਾ ਵੱਲੋਂ ਜੇਲ੍ਹ ਭੇਜਿਆ ਜਾ ਰਿਹਾ ਹੈ ਪਰ ਅਰਵਿੰਦ ਕੇਜਰੀਵਾਲ ਕੱਟੜ ਈਮਾਨਦਾਰ ਹਨ ਤੇ ਉਨ੍ਹਾਂ ਨੇ ਸੀ. ਬੀ. ਆਈ. ਵੱਲੋਂ ਤਲਬ ਕੀਤੇ ਜਾਣ 'ਤੇ ਬਿਨਾਂ ਬਹਾਨਾ ਬਣਾਏ ਕਿਹਾ ਕਿ ਮੈਂ ਪੁੱਛਗਿੱਛ 'ਚ ਸ਼ਾਮਲ ਹੋਣ ਜ਼ਰੂਰ ਜਾਵਾਂਗਾ। ਮੰਤਰੀ ਨੇ ਕਿਹਾ ਸਾਡਾ ਹੱਕ ਹੈ ਪ੍ਰਦਰਸ਼ਨ ਕਰਨਾ ਪਰ ਅੱਜ 'ਆਪ' ਵੱਲੋਂ ਪ੍ਰਦਰਸ਼ਨ ਦੌਰਾਨ ਸਾਡੇ ਕੋਲੋਂ ਇਹ ਹੱਕ ਵੀ ਖੋਹਿਆ ਗਿਆ। ਅੱਜ ਪੰਜਾਬ ਦੇ ਬਹੁਤ ਸਾਰੇ ਵਿਧਾਇਕ ਤੇ ਮੰਤਰੀ ਪ੍ਰਦਰਸ਼ਨ ਲਈ ਦਿੱਲੀ ਗਏ ਤੇ ਸ਼ੰਭੂ ਬਾਰਡਰ, ਜਿੱਥੇ ਪ੍ਰਦਰਸ਼ਨ ਕਰਕੇ ਕਿਸਾਨਾਂ ਨੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਸਨ, ਅੱਜ ਉੱਥੇ ਹੀ ਭਾਜਪਾ ਦਾ ਤਾਨਾਸ਼ਾਹੀ ਰੂਪ ਦੇਖਣ ਨੂੰ ਮਿਲਿਆ।
ਅੱਜ ਭਾਜਪਾ ਦੀ ਸਰਕਾਰ 'ਚ ਦਿਨ-ਦਿਹਾੜੇ ਫਿਰ ਲੋਕਤੰਤਰ ਦਾ ਕਤਲ ਹੋਇਆ ਹੈ। ਲੋਕਤੰਤਰ 'ਚ ਵਿਰੋਧੀ ਧਿਰਾਂ ਦਾ ਹੋਣਾ ਇਹ ਅਹਿਮ ਭੂਮਿਕਾ ਹੈ ਤੇ ਜੇਕਰ ਸਰਕਾਰ ਕੁਝ ਗ਼ਲਤ ਕਰਦੀ ਹੈ ਤਾਂ ਵਿਰੋਧੀ ਧਿਰ ਲੋਕਾਂ ਨੂੰ ਦੱਸਦੀ ਹੈ ਕਿ ਇਹ ਗ਼ਲਤ ਹੋ ਰਿਹਾ ਹੈ ਪਰ ਹੁਣ 2024 ਦੀਆਂ ਚੋਣਾਂ ਦੇ ਮੱਦੇਨਜ਼ਰ ਭਾਜਪਾ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਜੇਲ੍ਹਾਂ 'ਚ ਭੇਜ ਰਹੀ ਹੈ ਤਾਂ ਜੋ ਉਹ ਚੋਣਾਂ 'ਚ ਹਿੱਸਾ ਨਾ ਲੈ ਸਕਣ। ਮੰਤਰੀ ਚੀਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੋੜੀ ਨੂੰ ਤਾਨਾਸ਼ਾਹੀ ਜੋੜੀ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਦੇਸ਼ ਨੂੰ ਤਬਾਹ ਕਰਨ 'ਤੇ ਲੱਗੇ ਹੋਏ ਹਨ। ਅੱਜ ਭਾਜਪਾ ਨੇ ਪੰਜਾਬ ਦੇ ਕਈ 'ਆਪ' ਦੇ ਮੰਤਰੀ, ਵਿਧਾਇਕ, ਵਰਕਰ ਤੇ ਵਾਲੰਟੀਅਰ ਦਿੱਲੀ ਦੀਆਂ ਜੇਲ੍ਹਾਂ 'ਚ ਬੰਦ ਕੀਤੇ ਹਨ ਤਾਂ ਜੋ ਦੇਸ਼ 'ਚ ਕੋਈ ਪ੍ਰਦਰਸ਼ਨ ਨਾ ਹੋ ਸਕੇ ਤਾਂ ਜੋ ਦੇਸ਼ ਨੂੰ ਇਹ ਨਾ ਪਤਾ ਲੱਗੇ ਕਿ ਕਿਵੇਂ ਭਾਜਪਾ ਦੇਸ਼ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਪਰ ਅਰਵਿੰਦ ਕੇਜਰੀਵਾਲ ਦਾ ਇਹ ਸੁਫ਼ਨਾ ਹੈ ਕਿ ਭਾਰਤ ਨੂੰ ਨੰਬਰ 1 ਦੇਸ਼ ਬਣਾਉਣਾ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।