ਚੋਣਾਂ ਦੌਰਾਨ 'ਆਪ' ਵੱਲੋਂ ਦਿੱਤੀਆਂ ਗਈਆਂ ਗਾਰੰਟੀਆਂ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ
Thursday, Dec 21, 2023 - 11:21 AM (IST)
ਜਲੰਧਰ/ਚੰਡੀਗੜ੍ਹ (ਧਵਨ)–ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ‘ਆਪ’ ਸਰਕਾਰ ਸੂਬੇ ’ਚ ਆਪਣੇ ਮਾਲੀਏ ਨੂੰ ਵਧਾ ਕੇ ਲੋਕਾਂ ਨੂੰ ਦਿੱਤੀਆਂ ਗਈਆਂ ਸਾਰੀਆਂ ਗਾਰੰਟੀਆਂ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੁਫ਼ਤ ਬਿਜਲੀ ਦੇਣ ਅਤੇ ਕੁਝ ਹੋਰ ਗਾਰੰਟੀਆਂ ਨੂੰ ਪੂਰਾ ਕਰ ਦਿੱਤਾ ਹੈ ਅਤੇ ਬਾਕੀ ਗਾਰੰਟੀਆਂ ਨੂੰ ਵੀ ਆਉਣ ਵਾਲੇ ਸਮੇਂ ’ਚ ਪੂਰਾ ਕਰ ਦਿੱਤਾ ਜਾਵੇਗਾ। ਜੀ. ਐੱਸ. ਟੀ. ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਨੂੰ ਲਾਗੂ ਕਰਦੇ ਸਮੇਂ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਇਸ ਨਾਲ ਨੁਕਸਾਨ ਹੋਣ ’ਤੇ ਕੇਂਦਰ ਮੁਆਵਜ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਸਾਬਕਾ ਕਾਂਗਰਸ ਸਰਕਾਰ ਦੇ ਸਮੇਂ ਜੀ. ਐੱਸ. ਟੀ. ਨਾਲ ਮਾਲੀਏ ’ਚ ਵਾਧਾ ਨਹੀਂ ਹੋਇਆ ਜਦਕਿ ‘ਆਪ’ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਮਾਲੀਏ ’ਚ ਵਾਧਾ ਹੋ ਰਿਹਾ ਹੈ। ਟੈਕਸਾਂ ’ਚ ਚੋਰੀ ਨੂੰ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ’ਚ ਵੱਡੇ ਪੱਧਰ ’ਤੇ ਟੈਕਸਾਂ ਦੀ ਚੋਰੀ ਹੁੰਦੀ ਹੈ ਪਰ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਇਸ ਚੋਰੀ ’ਚ ਕਮੀ ਆਈ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੀ. ਐੱਸ. ਟੀ. ਕੌਂਸਲ ਦੀ ਬੈਠਕ ’ਚ ਪੰਜਾਬ ਸਰਕਾਰ ਲਗਾਤਾਰ ਟੈਕਸਾਂ ਨੂੰ ਤਰਕਸੰਗਤ ਬਣਾਉਣ ’ਤੇ ਜ਼ੋਰ ਦੇ ਰਹੀ ਹੈ। ਪੰਜਾਬ ਦਾ ਮਾਲੀਆ ਲਗਾਤਾਰ ਵਧ ਰਿਹਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਨੌਜਵਾਨ ਸਿੱਖਿਆ ਲਈ ਵਿਦੇਸ਼ ਜਾ ਰਿਹਾ ਹੈ ਅਤੇ ਸੂਬੇ ਦੇ ਕਈ ਹਿੱਸਿਆਂ ’ਚ ਆਈਲੈਟਸ ਸੈਂਟਰ ਖੁੱਲ੍ਹੇ ਹੋਏ ਹਨ। ਇਹ ਸੈਂਟਰ ਬੱਚਿਆਂ ਤੋਂ ਟੈਕਸ ਵਸੂਲ ਕਰਦੇ ਹਨ ਪਰ ਸਰਕਾਰ ਨੂੰ ਨਹੀਂ ਦਿੰਦੇ। ਕੁਝ ਆਈਲੈਟਸ ਸੈਂਟਰਾਂ ਦਾ ਪਤਾ ਲੱਗਾ ਹੈ, ਜੋ ਸਰਕਾਰ ਨੂੰ ਇਕ-ਇਕ ਕਰੋੜ ਦੇ ਟੈਕਸ ਦਾ ਭੁਗਤਾਨ ਨਹੀਂ ਕਰ ਰਹੇ ਸਨ। ਇਸੇ ਤਰ੍ਹਾਂ ਕੁਝ ਵੱਡੇ ਬੁਟੀਕ ਵਾਲੇ ਵੀ ਟੈਕਸਾਂ ਦਾ ਭੁਗਤਾਨ ਨਹੀਂ ਕਰ ਰਹੇ ਸਨ। ਲੋਕ ਟੈਕਸ ਦਿੰਦੇ ਸਨ ਪਰ ਇਹ ਅੱਗੇ ਟੈਕਸਾਂ ਦਾ ਭੁਗਤਾਨ ਨਹੀਂ ਕਰਦੇ ਸਨ।
ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਤੇ ਨਵਜੋਤ ਸਿੱਧੂ ਵਿਚਾਲੇ ਖੜਕੀ, ਵੱਖਰਾ ਅਖਾੜਾ ਨਾ ਲਗਾਉਣ ਵਾਲੇ ਬਿਆਨ 'ਤੇ ਸਿੱਧੂ ਦਾ ਮੋੜਵਾਂ ਜਵਾਬ
ਹਰਪਾਲ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਤੀ ਸੰਗਠਨਾਂ ਨਾਲ ਬੈਠਕ ਕੀਤੀ ਸੀ ਅਤੇ ਉਸ ’ਚ ਕਿਸਾਨਾਂ ਦੇ ਮਸਲਿਆਂ ’ਤੇ ਚਰਚਾ ਹੋਈ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਸੋਚ ਹੈ ਕਿ ਪੰਜਾਬ ਦਾ ਕਿਸਾਨ ਤਰੱਕੀ ਕਰੇ ਅਤੇ ਖੇਤੀ ਖੇਤਰ ’ਚ ਤਰੱਕੀ ਹੋਵੇ। ਪੰਜਾਬ ਖੇਤੀ ਵਾਲਾ ਸੂਬਾ ਹੈ ਅਤੇ ਖੇਤੀ ਖੇਤਰ ’ਚ ਉਤਪਾਦਨ ਵਧਾ ਕੇ ਪੰਜਾਬ ਦੇਸ਼ ’ਚ ਹੋਰ ਅੱਗੇ ਤਰੱਕੀ ਕਰ ਸਕੇਗਾ। ਉਨ੍ਹਾਂ ਕਿਹਾ ਕਿ ਐਕਸਾਈਜ਼ ਨਾਲ ਵੀ ਮਾਲੀਏ ’ਚ ਵਾਧਾ ਹੋ ਰਿਹਾ ਹੈ ਅਤੇ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਕਾਰਗਰ ਨਹੀਂ ਰਹੀਆਂ। ਮੌਜੂਦਾ ਸਰਕਾਰ ਦੇ ਸਮੇਂ ’ਚ ਐਕਸਾਈਜ਼ ਨਾਲ ਮਾਲੀਆ 9800 ਕਰੋੜ ਤੋਂ ਪਾਰ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੀ ਸਮੱਗਲਿੰਗ ’ਤੇ ਰੋਕ ਲਗਾਈ ਗਈ ਹੈ।
ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਜਾਅਲੀ ਅਤੇ ਮਿਲਾਵਟੀ ਸ਼ਰਾਬ ਪੀਣ ਨਾਲ 128 ਮੌਤਾਂ ਪੰਜਾਬ ’ਚ ਹੋਈਆਂ ਸਨ। ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਸੂਬੇ ’ਚ ਕਿਸੇ ਵੀ ਹਾਲਤ ’ਚ ਨਾਜਾਇਜ਼ ਸ਼ਰਾਬ ਦੀ ਵਿਕਰੀ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਵਿਭਾਗ ’ਚ ਨਵਾਂ ਡਾਗ ਸਕੁਐਡ ਸ਼ਾਮਲ ਕੀਤਾ ਜਾ ਰਿਹਾ ਹੈ, ਜਿਸ ਨਾਲ ਜ਼ਮੀਨ ’ਚ ਦਬਾ ਕੇ ਰੱਖੀ ਨਾਜਾਇਜ਼ ਸ਼ਰਾਬ ਬਾਰੇ ਤੁਰੰਤ ਪਤਾ ਲੱਗ ਜਾਵੇਗਾ। ਇਸ ਤੋਂ ਪਹਿਲਾਂ ਹੁਣ ਤੱਕ ਜ਼ਮੀਨ ’ਚ ਦਬਾ ਕੇ ਰੱਖੀ ਨਾਜਾਇਜ਼ ਸ਼ਰਾਬ ਦਾ ਪਤਾ ਲਗਾਉਣਾ ਕਾਫ਼ੀ ਮੁਸ਼ਕਿਲ ਸੀ।
ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ’ਚ 3 ਲੱਖ ਕਰੋੜ ਦਾ ਕਰਜ਼ਾ ਹੈ, ਇਸ ਨੂੰ ਵਾਪਸ ਕਰਨ ਦੇ ਨਾਲ-ਨਾਲ ਪੰਜਾਬ ਸਰਕਾਰ ਆਪਣੇ ਕਰਮਚਾਰੀਆਂ ਨੂੰ ਮਹੀਨਾਵਾਰ ਤਨਖਾਹ ਦਾ ਭੁਗਤਾਨ ਕਰਨ ਅਤੇ ਲੋਕਾਂ ਨੂੰ ਸਹੂਲਤਾਂ ਦੇਣ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਕਰਜ਼ੇ ਦੀਆਂ ਕਿਸ਼ਤਾਂ ਨੂੰ ਵਾਪਸ ਕਰਨ ਲਈ ਕਦੇ-ਕਦੇ ਮੌਜੂਦਾ ਸਰਕਾਰ ਨੂੰ ਕਰਜ਼ਾ ਲੈਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲਗਾਤਾਰ ਜੀ. ਐੱਸ. ਟੀ. ਮਾਲੀਏ ਨੂੰ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਨੂੰ ਘਟਾ ਕੇ ਸਰਕਾਰ ਨੇ ਸਾਲਾਨਾ 18 ਕਰੋੜ ਰੁਪਏ ਬਚਾਏ ਹਨ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਜਨਤਾ ਨਾਲ ਕੀਤੇ ਇਕ ਵੀ ਵਾਅਦੇ ਨੂੰ ਪੂਰਾ ਨਹੀ ਕਰ ਸਕੀ ਸੀ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਸਿਰਫ਼ 4700 ਕਰੋੜ ਦਾ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਸੀ ਜਦਕਿ ਸਰਕਾਰ ਨੇ 10,000 ਕਰੋੜ ਦਾ ਕਰਜ਼ਾ ਲਿਆ ਸੀ। ਉਨ੍ਹਾਂ ਕਿਹਾ ਕਿ ਓਲਡ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੇ ਸਬੰਧ ’ਚ ਕੇਂਦਰ ਸਰਕਾਰ ਨਾਲ ਪੰਜਾਬ ਸਰਕਾਰ ਗੱਲਬਾਤ ਕਰੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਵਿਭਾਗ ਵੱਲੋਂ ‘ਯੈਲੋ ਅਲਰਟ’ ਜਾਰੀ, ਜਾਣੋ ਆਉਣ ਵਾਲੇ ਦਿਨਾਂ ਦੀ Weather ਦੀ ਤਾਜ਼ਾ ਅਪਡੇਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।