ਅਕਾਲੀ, ਭਾਜਪਾ ਤੇ ਕਾਂਗਰਸ ਦਾ ਸਿਆਸੀ ਅੰਤ ਤੈਅ : ਹਰਪਾਲ ਸਿੰਘ ਚੀਮਾ

06/18/2022 1:56:43 PM

ਲਹਿਰਾਗਾਗਾ (ਜ.ਬ.)  : 23 ਜੂਨ ਨੂੰ ਹੋ ਰਹੀ ਲੋਕ ਸਭਾ ਹਲਕਾ ਸੰਗਰੂਰ ਦੀ ਹੋ ਰਹੀ ਉਪ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ’ਚ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਤੂਫਾਨੀ ਦੌਰਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ-ਵੱਖ ਪਾਰਟੀਆਂ ਛੱਡਣ ਵਾਲੇ ਦਰਜਨਾਂ ਪਰਿਵਾਰਾਂ ਨੂੰ ‘ਆਪ’ ’ਚ ਸ਼ਾਮਲ ਕਰਵਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਆਪਣੀ ਪਾਰਟੀ ਹੈ , ਇਸ ਲਈ ਲੋਕ ਵੱਖ-ਵੱਖ ਪਾਰਟੀਆਂ ਛੱਡ ਕੇ ‘ਆਪ’ ਵਿਚ ਸ਼ਾਮਲ ਹੋ ਰਹੇ ਹਨ, ਜਿਸ ਕਾਰਨ ਸੂਬੇ ’ਚੋਂ ਅਕਾਲੀ ,ਭਾਜਪਾ ਤੇ ਕਾਂਗਰਸ ਦਾ ਸਿਆਸੀ ਅੰਤ ਤੈਅ ਹੈ।

ਇਹ ਵੀ ਪੜ੍ਹੋ- ਸੰਗਰੂਰ ਦੇ ਵਪਾਰੀਆਂ ਨਾਲ ਮਨੀਸ਼ ਸਿਸੋਦੀਆ ਦੀ ਗੱਲਬਾਤ, CM ਮਾਨ ਨੇ ਵੀ ਆਖੀਆਂ ਇਹ ਗੱਲਾਂ

ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਕੋਈ ਚੁਣਾਵੀ ਮੁੱਦਾ ਨਹੀਂ, ਸੁਖਬੀਰ ਸਿੰਘ ਬਾਦਲ ਬੰਦੀ ਸਿੰਘਾਂ ਦੇ ਨਾਂ ’ਤੇ ਸਿਆਸਤ ਕਰ ਰਿਹਾ ਹੈ ਤੇ ਦੂਜੇ ਪਾਸੇ ਭਾਜਪਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਸੂਬੇ ’ਚ ਆਪਣਾ ਸਿਆਸੀ ਵਜੂਦ ਕਾਇਮ ਰੱਖਣਾ ਚਾਹੁੰਦੀ ਹੈ ਅਤੇ ਕਾਂਗਰਸ ਦਾ ਤਾਂ ਰੱਬ ਹੀ ਰਾਖਾ ਹੈ। ਆਮ ਆਦਮੀ ਪਾਰਟੀ ਵੱਲੋਂ ਜੋ ਵੀ ਵਾਅਦੇ ਸੂਬੇ ਦੇ ਲੋਕਾਂ ਨਾਲ ਕੀਤੇ ਗਏ ਹਨ, ਉਨ੍ਹਾਂ ਨੂੰ ਇਨ-ਬਿਨ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਇਤਿਹਾਸਕ ਵੋਟਾਂ ’ਤੇ ਜਿੱਤੇਗੀ ਅਤੇ ਵਿਰੋਧੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ। ਸਰਕਾਰ ਵੱਲੋਂ ਜੋ ਬਜਟ ਪੇਸ਼ ਕੀਤਾ ਜਾਵੇਗਾ ਉਹ ਲੋਕ ਪੱਖੀ ਹੋਵੇਗਾ ਅਤੇ ਹਰ ਵਰਗ ਦੇ ਹਿੱਤਾਂ ਦੀ ਰਾਖੀ ਕਰੇਗਾ ਅਤੇ ਪੰਜਾਬ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ’ਤੇ ਪਹੁੰਚਾਏਗਾ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News