ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਲਈ 71 ਕਰੋੜ ਰੁਪਏ ਜਾਰੀ : ਹਰਪਾਲ  ਚੀਮਾ

08/08/2022 4:04:44 PM

ਚੰਡੀਗੜ੍ਹ : ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਕਿਹਾ ਕਿ ਵਿੱਤ ਵਿਭਾਗ ਨੇ ਸੰਤ ਬਾਬਾ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਮਸਤੂਆਣਾ ਸਾਹਿਬ, ਸੰਗਰੂਰ ਲਈ 71 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਤਾਂ ਜੋ ਇਸ ਅਤਿ ਮਹੱਤਵਪੂਰਨ ਪ੍ਰਾਜੈਕਟ ਦੇ ਕੰਮ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕੀਤਾ ਜਾਣਾ ਯਕੀਨੀ ਬਣਾਇਆ ਜਾ ਸਕੇ। ਇੱਥੇ ਜਾਰੀ ਇੱਕ ਪ੍ਰੈਸ ਬਿਆਨ 'ਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਮੈਡੀਕਲ ਕਾਲਜ ਦਾ ਨਿਰਮਾਣ 31 ਮਾਰਚ, 2023 ਤੱਕ ਮੁਕੰਮਲ ਕਰਨ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਵਿੱਤ ਵਿਭਾਗ ਨੇ ਇਸ ਸੰਸਥਾ ਲਈ 1020 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ ਅਤੇ ਅਗਲੇ ਸਾਲ 1 ਅਪ੍ਰੈਲ ਤੋਂ ਵਿੱਦਿਅਕ ਸੈਸ਼ਨ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਐੱਮ. ਬੀ. ਬੀ. ਐੱਸ. ਦੀਆਂ ਸੀਟਾਂ ਵਾਲਾ ਇਹ ਕਾਲਜ ਸਮੁੱਚੇ ਖੇਤਰ 'ਚ ਮੈਡੀਕਲ ਸਿੱਖਿਆ ਦੇ ਕੇਂਦਰ ਵਜੋਂ ਉਭਰੇਗਾ। ਇਸ ਮੈਡੀਕਲ ਕਾਲਜ ਲਈ ਜਾਰੀ ਗ੍ਰਾਂਟਾਂ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਮੁੰਡਿਆਂ ਅਤੇ ਕੁੜੀਆਂ ਦੇ ਹੋਸਟਲ ਦੀ ਉਸਾਰੀ ਲਈ ਸੰਸਥਾ ਨੂੰ 49.98 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਅਤੇ ਮੌਜੂਦਾ ਸਿਵਲ ਹਸਪਤਾਲ, ਸੰਗਰੂਰ ਦੇ ਵਿਸਤਾਰ ਅਤੇ ਸਿਵਲ ਹਸਪਤਾਲ ਵਿੱਚ ਵਾਧੂ ਮੰਜ਼ਿਲ ਦੀ ਉਸਾਰੀ ਲਈ 21.19 ਰੁਪਏ ਜਾਰੀ ਕੀਤੇ ਗਏ ਹਨ।

ਇੱਥੇ ਜ਼ਿਕਰਯੋਗ ਹੈ ਕਿ ਮਸਤੂਆਣਾ ਸਾਹਿਬ ਵਿਖੇ 25 ਏਕੜ ਰਕਬੇ 'ਚ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਬਣਨ ਜਾ ਰਿਹਾ ਹੈ, ਜਿਸ 'ਤੇ ਲਗਭਗ 345 ਕਰੋੜ ਰੁਪਏ ਦੀ ਲਾਗਤ ਆਵੇਗੀ। ਸਿਵਲ ਹਸਪਤਾਲ ਸੰਗਰੂਰ ਨੂੰ ਵੀ ਮੈਡੀਕਲ ਕਾਲਜ ਨਾਲ ਜੋੜਿਆ ਜਾਵੇਗਾ।
 


Babita

Content Editor

Related News