ਸੱਚਖੰਡ ਹਰਮਿੰਦਰ ਸਾਹਿਬ ਵਿਖੇ ਸੰਗਤਾਂ ਦੀਆਂ ਰੌਣਕਾਂ ਵਧਣ ਨਾਲ ਫੁੱਲਾਂ ਨੇ ਵੀ ਬਿਖੇਰੀ ਮਹਿਕ (ਤਸਵੀਰਾਂ)
Monday, Mar 30, 2020 - 06:24 PM (IST)
ਅੰਮ੍ਰਿਤਸਰ (ਅਨਜਾਣ) : ਕੋਰੋਨਾ ਵਾਇਰਸ ਨੂੰ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿੱਥੇ ਸੰਗਤਾਂ ਦੀ ਆਮਦ ਨਾ-ਮਾਤਰ ਰਹਿ ਗਈ ਸੀ, ਉਥੇ ਪਿਛਲੇ ਦੋ ਦਿਨਾਂ ਤੋਂ ਹੌਲੀ-ਹੌਲੀ ਸੰਗਤਾਂ ਦੀ ਰੌਣਕ ਲੱਗਣੀ ਸ਼ੁਰੂ ਹੋ ਗਈ ਹੈ। ਭਾਵੇਂ ਇੰਨੀ ਗਿਣਤੀ ਨਹੀਂ ਵਧੀ ਪਰ ਪਹਿਲਾਂ ਨਾਲੋਂ ਜ਼ਿਆਦਾ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਣੀਆਂ ਸ਼ੁਰੂ ਹੋ ਗਈਆਂ ਹਨ। ਜਨਤਾ ਕਰਫਿਊ ਨੂੰ ਲੈ ਕੇ ਬਹੁਤ ਦਿਨਾਂ ਬਾਅਦ ਦਰਸ਼ਨੀ ਡਿਓਢੀ ਅੰਦਰ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ 'ਤੇ ਸੇਵਾਦਾਰਾਂ ਵੱਲੋਂ ਸੰਗਤਾਂ ਨੂੰ ਦੋ ਲਾਈਨਾਂ ਵਿਚ ਲਗਾ ਕੇ ਦਰਸ਼ਨਾਂ ਲਈ ਭੇਜਦਿਆਂ ਵੇਖਿਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕੇ ਬਾਗ ਵਿਖੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਪੌਦੇ ਲਗਾਉਣ ਦੀ ਸੌਂਪੀ ਗਈ ਕਾਰ ਸੇਵਾ ਤਹਿਤ ਗੁਰੂ ਕੇ ਬਾਗ ਵਿਖੇ ਦੇਸ਼-ਵਿਦੇਸ਼ ਤੋਂ ਮੰਗਵਾ ਕੇ ਲਗਾਏ ਰੰਗ-ਬਿਰੰਗੇ ਫੁੱਲਾਂ ਨੇ ਮਹਿਕ ਬਿਖੇਰਨੀ ਸ਼ੁਰੂ ਕਰ ਦਿੱਤੀ ਹੈ। ਇਹ ਫੁੱਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਵਾਲੀਆਂ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਅੱਜ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ ਦੀਆਂ ਸੰਗਤਾਂ ਨੂੰ ਉਨ੍ਹਾਂ ਦੇ ਘਰਾਂ 'ਚ ਭੇਜਣ ਲਈ ਦੋ ਬੱਸਾਂ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਦੇ ਬਾਹਰੋਂ ਰਵਾਨਾ ਕੀਤੀਆਂ ਗਈਆਂ।
ਇਹ ਵੀ ਪੜ੍ਹੋ : ਕੋਰੋਨਾ ਸੰਕਟ 'ਚ ਲੋਕਾਂ ਦੀ ਮਦਦ ਲਈ ਅੱਗੇ ਆਏ ਸੁਖਬੀਰ ਬਾਦਲ, ਕੀਤਾ ਵੱਡਾ ਐਲਾਨ
ਲੰਗਰ ਲਈ ਰਸਦ ਪੱਕਣ 'ਚ ਵੀ ਹੋਇਆ ਵਾਧਾ
ਜਗਬਾਣੀ/ਪੰਜਾਬ ਕੇਸਰੀ ਨਾਲ ਗੱਲਬਾਤ ਕਰਦਿਆਂ ਬਲਜਿੰਦਰ ਸਿੰਘ ਲੰਗਰ ਇੰਚਾਰਜ ਨੇ ਦੱਸਿਆ ਕਿ ਕੱਲ 19 ਕੁਇੰਟਲ ਦਾਲ ਤੇ ਪਚਵੰਜਾ ਕੁਇੰਟਲ ਆਟਾ ਪੱਕਿਆ ਹੈ। ਜਿਸ ਵਿਚ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀਆਂ ਸੰਗਤਾਂ ਦੇ ਇਲਾਵਾ ਵੱਖ-ਵੱਖ ਇਲਾਕਿਆਂ ਵਿਚ ਗਰੀਬ ਲੋਕਾਂ ਨੂੰ ਵੀ ਲੰਗਰ ਵਰਤਾਇਆ ਗਿਆ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਸੰਕਟ ਦਰਮਿਆਨ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਐਲਾਨ
ਮਰਿਆਦਾ ਅਨੁਸਾਰ ਸਵੇਰ ਦੀ ਚੌਂਕੀ ਸਾਹਿਬ ਨੇ ਵੀ ਕੀਤਾ ਗੁਰੂ ਜੱਸ ਗਾਇਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਅਨੁਸਾਰ ਸਵੇਰ ਦੀ ਚੌਂਕੀ ਸਾਹਿਬ ਵੀ ਆਪਣੇ ਨਿਰਧਾਰਤ ਸਮੇਂ 'ਤੇ ਪਹੁੰਚੀ। ਚੌਂਕੀ ਸਾਹਿਬ ਵਿਚ ਸ਼ਾਮਿਲ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰੀਕਰਮਾ ਕਰਦਿਆਂ ਗੁਰੂ ਜੱਸ ਗਾਇਨ ਕੀਤਾ ਅਤੇ ਪਵਿੱਤਰ ਮਰਿਆਦਾ ਨੂੰ ਕਾਇਮ ਰੱਖਦਿਆਂ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਝੋਲੀ ਪਵਾਈਆਂ।
ਇਹ ਵੀ ਪੜ੍ਹੋ : ਧੁੰਦ-ਤ੍ਰੇਲ ਦੇ ਬਾਵਜੂਦ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈਆਂ ਸੰਗਤਾਂ, ਦੇਖੋ ਤਸਵੀਰਾਂ