ਹਰੀਸ਼ ਰਾਵਤ ਦੀ ਕੈਪਟਨ ਨੂੰ ਦੋ ਟੁੱਕ, ਕਿਹਾ-ਭਾਜਪਾ ਨਾਲ ਹੱਥ ਮਿਲਾਇਆ ਤਾਂ ਸਨਮਾਨ ਗੁਆ ਦੇਣਗੇ ਅਮਰਿੰਦਰ ਸਿੰਘ

10/22/2021 5:17:18 PM

ਚੰਡੀਗੜ੍ਹ (ਹਰੀਸ਼)- ਹਰੀਸ਼ ਰਾਵਤ ਇਕ ਸਾਲ 1 ਮਹੀਨਾ ਪੰਜਾਬ ਕਾਂਗਰਸ ਦੇ ਇੰਚਾਰਜ ਰਹਿਣ ਤੋਂ ਬਾਅਦ ਹੁਣ ਵਾਪਸ ਆਪਣੇ ਗ੍ਰਹਿ ਰਾਜ ਉੱਤਰਾਖੰਡ ਜਾਣਾ ਚਾਹੁੰਦੇ ਹਨ, ਜਿੱਥੇ ਅਗਲੇ ਸਾਲ ਦੀ ਸ਼ੁਰੂਆਤ ਵਿਚ ਹੀ ਵਿਧਾਨਸਭਾ ਚੋਣਾਂ ਹੋਣ ਜਾ ਰਹੀਆਂ ਹਨ। ਉਨ੍ਹਾਂ ਦੇ 13 ਮਹੀਨਿਆਂ ਦੇ ਬਤੌਰ ਇੰਚਾਰਜ ਕਾਰਜਕਾਲ ਦੌਰਾਨ ਪੰਜਾਬ ਕਾਂਗਰਸ ਨੇ ਅਜਿਹੀ ਖਿੱਚੋਤਾਣ ਵੇਖੀ, ਜਿਸ ਵਿਚ ਮੁੱਖ ਮੰਤਰੀ ਦਾ ਅਸਤੀਫ਼ਾ ਤਕ ਹੋਇਆ, ਨਵਾਂ ਪ੍ਰਦੇਸ਼ ਪ੍ਰਧਾਨ ਵੀ ਲਾਇਆ ਗਿਆ। ਇਸ ਪੂਰੇ ਘਟਨਾਕਰਮ ਨੂੰ ਬੇਹੱਦ ਨਜ਼ਦੀਕ ਤੋਂ ਵੇਖਣ ਵਾਲੇ ਰਾਵਤ ਦੀ ਪੰਜਾਬ ਵਿਚ ਕਾਂਗਰਸ ਨੂੰ ਦੋਬਾਰਾ ਚੋਣਾਵੀ ਲੜਾਈ ਵਿਚ ਵਾਪਸ ਲਿਆਉਣ ਵਿਚ ਨਿਭਾਈ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾ। ‘ਜਗ ਬਾਣੀ’ ਦੇ ਹਰੀਸ਼ਚੰਦਰ ਨੇ ਤਾਜ਼ਾ ਮਸਲਿਆਂ ’ਤੇ ਉਨ੍ਹਾਂ ਨਾਲ ਵਿਸਥਾਰ ’ਚ ਗੱਲ ਕੀਤੀ। ਗੱਲਬਾਤ ਦੇ ਪ੍ਰਮੁੱਖ ਅੰਸ਼ :-

ਸਵਾਲ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਵੱਖ ਹੋ ਕੇ ਨਵੀਂ ਪਾਰਟੀ ਬਣਾਉਣ ਅਤੇ ਜੇਕਰ ਵਿਵਾਦਿਤ ਖੇਤੀ ਕਾਨੂੰਨਾਂ ਦਾ ਕੋਈ ਹੱਲ ਨਿਕਲਦਾ ਹੈ ਤਾਂ ਭਾਰਤੀ ਜਨਤਾ ਪਾਰਟੀ ਨਾਲ ਸੀਟਾਂ ਨੂੰ ਲੈ ਕੇ ਤਾਲਮੇਲ ਕਰਨ ਦੀ ਗੱਲ ਵੀ ਕਹੀ ਹੈ, ਤੁਹਾਡੀ ਪ੍ਰਤੀਕਿਰਿਆ ਕੀ ਹੈ?
ਜਵਾਬ : ਕੈ. ਅਮਰਿੰਦਰ ਸਿੰਘ ਜੇਕਰ ਭਾਜਪਾ ਦੇ ਨਾਲ ਜਾਂਦੇ ਹਨ ਤਾਂ ਉਹ ਪੰਜਾਬ ਦੇ ਲੋਕਾਂ ਵਿਚ ਸਨਮਾਨ ਗੁਆ ਦੇਣਗੇ। ਜੋ ਵਿਅਕਤੀ ਜੀਵਨ ਭਰ ਪਾਰਟੀ ਵਿਚ ਏਕਤਾ ਦੀ ਗੱਲ ਕਰਦਾ ਰਿਹਾ, ਪਾਰਟੀ ਵਿਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦਾ ਸੀ, ਉਹ ਉਸ ਦਲ ਨਾਲ ਕਿਵੇਂ ਤਾਲਮੇਲ ਬਿਠਾਏਗਾ, ਜਿਸ ਦਾ ਅਕਸ ਪੰਜਾਬ ਅਤੇ ਕਿਸਾਨ ਵਿਰੋਧੀ ਹੋਵੇ। ਉਹ ਪੰਜਾਬ ਦੇ ਲੋਕਾਂ ਨੂੰ ਕਿਵੇਂ ਬਿਆਨ ਕਰਨਗੇ ਕਿ ਜਿਸ ਸਰਕਾਰ ਵਿਚ 600 ਤੋਂ ਜ਼ਿਆਦਾ ਕਿਸਾਨ ਮਾਰੇ ਗਏ, 3 ਕੁਚਲ ਦਿੱਤੇ ਗਏ, ਉਸ ਭਾਜਪਾ ਨਾਲ ਹੱਥ ਕਿਉਂ ਮਿਲਾਇਆ।

ਸਵਾਲ : ਕੀ ਸੱਚ ਵਿੱਚ ਅਮਰਿੰਦਰ ਤੋਂ ਕਾਂਗਰਸ ਨੂੰ ਪੰਜਾਬ ਵਿਚ ਨੁਕਸਾਨ ਹੋ ਰਿਹਾ ਸੀ ਜਾਂ ਇਹ ਕੁਝ ਵਿਧਾਇਕਾਂ ਦੀ ਇੱਛਾਵਾਂ ਤੋਂ ਉਪਜੀਆਂ ਚਰਚਾਵਾਂ ਸਨ ?
ਜਵਾਬ : ਪੰਜਾਬ ਵਿਚ ਇਹ ਧਾਰਨਾ ਆਮ ਸੀ ਕਿ ਕੈਪਟਨ ਅਮਰਿੰਦਰ ਕੇਂਦਰ ਦੀ ਭਾਜਪਾ ਸਰਕਾਰ ਦੇ ਦਬਾਅ ਵਿਚ ਕੰਮ ਕਰ ਰਹੇ ਹਨ। ਇਹ ਵੀ ਕਿਹਾ ਜਾਂਦਾ ਸੀ ਕਿ ਰਾਜ ਵਿਚ ਅਕਾਲੀ ਦਲ ਦੀ ਸਰਕਾਰ ਚੱਲ ਰਹੀ ਹੈ, ਬਿਊਰੋਕ੍ਰੇਸੀ ਅਕਾਲੀ ਦਲ ਦਾ ਕਹਿਣਾ ਮੰਨਦੀ ਸੀ। ਲੋਕ ਅਜਿਹਾ ਕਹਿੰਦੇ ਸਨ ਪਰ ਪਾਰਟੀ ਲੀਡਰਸ਼ਿਪ ਨੇ ਅਜਿਹਾ ਕਦੇ ਨਹੀਂ ਮੰਨਿਆ ਪਰ ਹੁਣ ਅਮਰਿੰਦਰ ਸਿੰਘ ਦੀ ਬਿਆਨਬਾਜ਼ੀ ਨਾਲ ਇਹ ਧਾਰਨਾ ਸੱਚ ਸਾਬਿਤ ਹੋਈ ਹੈ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਦਾ ਕੈਪਟਨ ’ਤੇ ਵੱਡਾ ਹਮਲਾ, ਕਿਹਾ-3 ਕਾਲੇ ਖੇਤੀ ਕਾਨੂੰਨਾਂ ਦੇ ਨਿਰਮਾਤਾ ਨੇ ਅਮਰਿੰਦਰ ਸਿੰਘ

ਸਵਾਲ : ਤੁਹਾਡਾ ਕਹਿਣਾ ਹੈ ਕਿ ਕੈਪਟਨ ਦੇ ਮੁੱਖ ਮੰਤਰੀ ਰਹਿੰਦੇ ਪਾਰਟੀ ਦਾ ਵੋਟ ਬੈਂਕ ਖਿਸਕ ਰਿਹਾ ਸੀ, ਜਨ ਆਧਾਰ ਵਿਚ ਗਿਰਾਵਟ ਆ ਰਹੀ ਸੀ?
ਜਵਾਬ : ਪਾਰਟੀ ਨੇ ਕੁਝ ਸਰਵੇ ਕਰਵਾਏ ਸਨ, ਉਸ ਵਿਚ ਸਥਿਤੀ ਬਹੁਤ ਖ਼ਰਾਬ ਸੀ। ਸਰਵੇ ਮੁਤਾਬਕ ਆਮ ਆਦਮੀ ਪਾਰਟੀ ਨੂੰ ਲੀਡ ਮਿਲ ਰਹੀ ਸੀ ਅਤੇ ਕਈ ਜਗ੍ਹਾ ਅਕਾਲੀ ਦਲ ਬਹੁਤ ਅੱਗੇ ਸੀ। ਬਰਗਾੜੀ, ਬੇਅਦਬੀ ਆਦਿ ਮਾਮਲਿਆਂ ਨੂੰ ਲੈ ਕੇ ਵੀ ਸਾਡੀ ਸਥਿਤੀ ਬੇਹੱਦ ਖ਼ਰਾਬ ਸੀ। ਇਕ ਤਰ੍ਹਾਂ ਨਾਲ ਅਮਰਿੰਦਰ ਨੇ ਪਾਰਟੀ ਨੂੰ ਅਜਿਹੀ ਸਥਿਤੀ ਵਿਚ ਪਹੁੰਚਾ ਦਿੱਤਾ ਸੀ, ਜਿਸ ਵਿਚ ਪੰਜਾਬ ਦੇ ਇਤਿਹਾਸ ਵਿਚ ਉਹ ਕਾਂਗਰਸ ਦੇ ਆਖਰੀ ਮੁੱਖ ਮੰਤਰੀ ਹੁੰਦੇ।

ਸਵਾਲ : ਅਮਰਿੰਦਰ ਮੁੱਖ ਮੰਤਰੀ ਸਨ ਪਰ ਫ਼ੈਸਲੇ ਤਾਂ ਸਰਕਾਰ ਵਿਚ ਸਮੂਹਿਕ ਤੌਰ ’ਤੇ ਲਏ ਜਾਂਦੇ ਹਨ। ਸਰਕਾਰ ਤੋਂ ਲੋਕ ਨਾਰਾਜ਼ ਸੀ ਤਾਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਸੁਧਾਰ ਲਈ ਕੋਈ ਕਦਮ ਕਿਉਂ ਨਹੀਂ ਚੁੱਕੇ ?
ਜਵਾਬ : ਅਸੀਂ ਸੁਧਾਰ ਦੀ ਕੋਸ਼ਿਸ਼ ਕੀਤੀ, 18 ਸੂਤਰੀ ਪ੍ਰੋਗਰਾਮ ਦਿੱਤਾ, ਜਿਸ ਨੂੰ ਚੋਣਾਂ ਤੋਂ ਪਹਿਲਾਂ ਪੂਰਾ ਕਰਨਾ ਸੀ ਜਾਂ ਇਨ੍ਹਾਂ 18 ਮਸਲਿਆਂ ਨੂੰ ਠੋਸ ਹੱਲ ਤੱਕ ਲਿਜਾਣਾ ਸੀ ਪਰ ਅਮਰਿੰਦਰ ਸਿੰਘ ਖ਼ਿਲਾਫ਼ ਵਿਧਾਇਕਾਂ ਵਿਚ ਨਾਰਾਜ਼ਗੀ ਬਹੁਤ ਸੀ। 43 ਵਿਧਾਇਕਾਂ ਨੇ ਲਿਖ ਕੇ ਕਿਹਾ ਕਿ ਤੁਰੰਤ ਵਿਧਾਇਕ ਦਲ ਦੀ ਬੈਠਕ ਬੁਲਾਈ ਜਾਵੇ ਜਾਂ ਫਿਰ ਉਹ ਸਾਥ ਛੱਡ ਦੇਣਗੇ। ਅਸੀਂ ਬੈਠਕ ਬੁਲਾਈ, ਮੈਂ ਖ਼ੁਦ ਚੰਡੀਗੜ੍ਹ ਪਹੁੰਚਿਆ ਪਰ ਅਮਰਿੰਦਰ ਬੈਠਕ ਵਿਚ ਵਿਧਾਇਕਾਂ ਦੀ ਗੱਲ ਦਾ ਜਵਾਬ ਦੇਣ ਦੀ ਥਾਂ ਅਸਤੀਫ਼ਾ ਦੇਣ ਰਾਜਭਵਨ ਪਹੁੰਚ ਗਏ।

ਇਹ ਵੀ ਪੜ੍ਹੋ:  ਉੱਪ ਮੁੱਖ ਮੰਤਰੀ ਰੰਧਾਵਾ ਨੇ ਸ਼ਹੀਦ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਲਈ ਕੀਤੇ ਅਹਿਮ ਐਲਾਨ

ਸਵਾਲ : ਪੰਜਾਬ ਵਿਚ ਹੁਣ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵੀ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਟੜੀ ਨਹੀਂ ਬੈਠ ਰਹੀ, ਕੀ ਇਸ ਦਾ ਕਾਂਗਰਸ ਦੀ ਕਾਰਗੁਜ਼ਾਰੀ ’ਤੇ ਅਸਰ ਨਹੀਂ ਪਵੇਗਾ?
ਜਵਾਬ : ਚੰਨੀ ਦੇ ਆਉਣ ਤੋਂ ਬਾਅਦ ਕਾਂਗਰਸ ਪ੍ਰਤੀ ਲੋਕਾਂ ਦਾ ਭਰੋਸਾ ਵਧਿਆ ਹੈ, ਸਾਡੀ ਪ੍ਰਫਾਰਮੈਂਸ ਬਿਹਤਰ ਹੋਈ ਹੈ। ਕਾਂਗਰਸ 2022 ਵਿਚ ਪੰਜਾਬ ਵਿਚ ਦੁਬਾਰਾ ਸੱਤਾ ਵਿਚ ਆਵੇਗੀ। ਇਹ ਚੰਨੀ ਅਤੇ ਸਿੱਧੂ ’ਤੇ ਵੀ ਨਿਰਭਰ ਕਰਦਾ ਹੈ ਕਿਉਂਕਿ ਦੋਵੇਂ ਮਿਲ ਕੇ ਕੰਮ ਕਰਨਗੇ ਤਾਂ ਪਾਰਟੀ ਦੀ ਜਿੱਤ ਯਕੀਨੀ ਹੈ।

ਸਵਾਲ : ਪਰ ਨਵਜੋਤ ਸਿੱਧੂ ਤਾਂ ਚੰਨੀ ਸਰਕਾਰ ਬਣਨ ਤੋਂ ਬਾਅਦ ਸਰਕਾਰ ’ਤੇ ਸੋਸ਼ਲ ਮੀਡੀਆ ਜ਼ਰੀਏ ਟਿੱਪਣੀਆਂ ਕਰਨ ਤੋਂ ਨਹੀਂ ਰੁਕ ਰਹੇ।
ਜਵਾਬ : ਸੋਸ਼ਲ ਮੀਡੀਆ ਵਿਚ ਚੀਜ਼ਾਂ ਸਪੱਸ਼ਟ ਨਹੀਂ ਹੁੰਦੀਆਂ। ਸਿੱਧੂ ਨੂੰ ਚਾਹੀਦਾ ਹੈ ਕਿ ਉਹ ਪਾਰਟੀ ਪਲੇਟਫਾਰਮ ਜਾਂ ਮੀਡੀਆ ਨਾਲ ਗੱਲ ਕਰਨ। ਸੋਸ਼ਲ ਮੀਡੀਆ ਕਿਸੇ ਵੀ ਸੂਰਤ ਵਿਚ ਮੀਡੀਆ ਦਾ ਬਦਲ ਨਹੀਂ ਬਣ ਸਕਦਾ।

ਸਵਾਲ : ਤੁਹਾਨੂੰ ਨਹੀਂ ਲੱਗਦਾ ਕਿ ਸਿੱਧੂ ਦਾ ਫੋਕਸ ਪਾਰਟੀ ਦੀ ਥਾਂ ਸਰਕਾਰ ’ਤੇ ਜ਼ਿਆਦਾ ਹੈ?
ਜਵਾਬ :
ਸਿੱਧੂ ਨੂੰ ਕਾਂਗਰਸ ਪਾਰਟੀ ਦਾ ਸੰਗਠਨਾਤਮਕ ਕਲਚਰ ਸਮਝਣਾ ਚਾਹੀਦਾ ਹੈ, ਸੂਬੇ ਵਿਚ ਕਾਂਗਰਸ ਦਾ ਢਾਂਚਾ ਵਿਕਸਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਸਮਝਣਾ ਹੋਵੇਗਾ ਕਿ ਉਨ੍ਹਾਂ ਦੀ ਪ੍ਰਾਇਮਰੀ ਡਿਊਟੀ ਸੰਗਠਨ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਸ ਸੂਬੇ ਦੀ ਸੁਰੱਖਿਆ ਕਰਨ ’ਚ ਪੂਰੀ ਤਰ੍ਹਾਂ ਸਮਰੱਥ: ਸੁਖਜਿੰਦਰ ਸਿੰਘ ਰੰਧਾਵਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News