ਹਰੀਸ਼ ਰਾਵਤ ਦਾ ਚੰਡੀਗੜ੍ਹ ਦੌਰਾ ਹੁਣ ਅਗਲੇ ਹਫ਼ਤੇ, ਕੈਪਟਨ ਤੇ ਸਿੱਧੂ ਦੀ ਨਵੀਂ ਟੀਮ ਨਾਲ ਕਰਨਗੇ ਮੁਲਾਕਾਤ
Thursday, Aug 19, 2021 - 10:45 AM (IST)
ਜਲੰਧਰ (ਧਵਨ) : ਉੱਤਰਾਖੰਡ ਦੇ ਚੋਣ ਰੁਝੇਵਿਆਂ ਕਾਰਨ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦਾ ਚੰਡੀਗੜ੍ਹ ਦੌਰਾ ਹੁਣ ਅਗਲੇ ਹਫ਼ਤੇ ਹੋਵੇਗਾ। ਪਹਿਲਾਂ ਉਨ੍ਹਾਂ ਨੇ 16 ਜਾਂ 17 ਅਗਸਤ ਨੂੰ ਚੰਡੀਗੜ੍ਹ ਆਉਣਾ ਸੀ। ਹੁਣ ਕਿਉਂਕਿ ਉੱਤਰਾਖੰਡ ਵਿਚ ਚੋਣ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ, ਇਸ ਲਈ ਰਾਵਤ ਦੇ ਰੁਝੇਵੇਂ ਉੱਥੇ ਕੁੱਝ ਵਧ ਗਏ ਹਨ। ਉਨ੍ਹਾਂ ਵੱਲੋਂ ਅਗਲੇ ਸੋਮਵਾਰ ਜਾਂ ਮੰਗਲਵਾਰ ਨੂੰ ਚੰਡੀਗੜ੍ਹ ਆਉਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ ਦਰਦਨਾਕ ਘਟਨਾ, ਛੁੱਟੀ ਆਏ 3 ਫ਼ੌਜੀ ਦੋਸਤ ਕਾਰ ਸਮੇਤ ਭਾਖੜਾ ਨਹਿਰ 'ਚ ਡਿਗੇ
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਪਿੱਛੋਂ ਹਰੀਸ਼ ਰਾਵਤ ਨੂੰ ਕਿਹਾ ਕਿ ਉਹ ਪੰਜਾਬ ਦਾ ਦੌਰਾ ਕਰ ਕੇ ਸਰਕਾਰ ਨਾਲ ਸੰਗਠਨ ਨੂੰ ਤਾਲਮੇਲ ਬਣਾ ਕੇ ਚੱਲਣ ਲਈ ਕਹਿਣ। ਰਾਵਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੰਡੀਗੜ੍ਹ ਆ ਕੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕਰਨ ਦਾ ਭਰੋਸਾ ਦਿੱਤਾ ਸੀ। ਸੋਨੀਆ ਦੇ ਨਿਰਦੇਸ਼ਾਂ ਮੁਤਾਬਕ ਹੀ ਰਾਵਤ ਦੀ ਫੇਰੀ ਨੂੰ ਜੋੜ ਕੇ ਵੇਖਿਆ ਜਾ ਰਿਹਾ ਹੈ। ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਰਾਵਤ ਵੱਲੋਂ ਇਸ ਸਬੰਧੀ ਪੰਜਾਬ ਕਾਂਗਰਸ ਦੀ ਨਵੀਂ ਟੀਮ ਨਾਲ ਗੱਲਬਾਤ ਕਰਨ ਦੇ ਨਾਲ-ਨਾਲ ਇਸ ਮਸਲੇ ਦਾ ਹੱਲ ਕਰਨ ਲਈ ਮੁੱਖ ਮੰਤਰੀ ਨਾਲ ਇਕ ਬੈਠਕ ਵੀ ਕੀਤੀ ਜਾਏਗੀ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਮੁਲਾਜ਼ਮਾਂ ਲਈ ਜ਼ਰੂਰੀ ਖ਼ਬਰ, ਮੈਡੀਕਲ ਛੁੱਟੀ ਲੈਣ ਸਬੰਧੀ ਜਾਰੀ ਹੋਏ ਨਵੇਂ ਹੁਕਮ
ਅਮਰਿੰਦਰ ਸਿੰਘ ਨੇ ਸੋਨੀਆ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਸੀ ਕਿ ਸੂਬਾਈ ਕਾਂਗਰਸ ਦੀ ਨਵੀਂ ਟੀਮ ਵਿਚ ਸਿੱਧੂ ਵੱਲੋਂ ਸੂਬਾ ਸਰਕਾਰ ਨੂੰ ਵੀ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮੁੱਦੇ ’ਤੇ ਵਿਸ਼ੇਸ਼ ਤੌਰ ’ਤੇ ਚਰਚਾ ਹੋਵੇਗੀ। ਰਾਵਤ ਦੀ ਚੰਡੀਗੜ੍ਹ ਫੇਰੀ ਦਾ ਮੰਤਵ ਪੰਜਾਬ ਸਰਕਾਰ ਅਤੇ ਸੰਗਠਨ ਦਰਮਿਆਨ ਤਾਲਮੇਲ ਨੂੰ ਬਿਠਾਉਣਾ ਹੈ। ਸੋਨੀਆ ਗਾਂਧੀ ਨੇ ਆਖ਼ਰ ਕੀ ਸੰਦੇਸ਼ ਰਾਵਤ ਨੂੰ ਦਿੱਤਾ ਹੈ, ਦਾ ਪਤਾ ਵੀ ਉਨ੍ਹਾਂ ਨੂੰ ਹੀ ਹੈ।
ਇਹ ਵੀ ਪੜ੍ਹੋ : ਤਰਨਤਾਰਨ : 'ਆਪ' ਤੇ ਕਾਂਗਰਸੀ ਵਰਕਰਾਂ ਵਿਚਕਾਰ ਝੜਪ ਦੌਰਾਨ ਚੱਲੀ ਗੋਲੀ, ਤਣਾਅ ਪੂਰਨ ਹੋਇਆ ਮਾਹੌਲ
ਕਾਂਗਰਸੀਆਂ ਵਿਚ ਚਰਚਾ ਹੈ ਕਿ ਰਾਵਤ ਦੇ ਦੌਰੇ ਪਿੱਛੋਂ ਕੁੱਝ ਨਾ ਕੁੱਝ ਤਬਦੀਲੀ ਸੂਬਾਈ ਪੱਧਰ ’ਤੇ ਜ਼ਰੂਰ ਵੇਖਣ ਨੂੰ ਮਿਲੇਗੀ। ਦੂਜੇ ਪਾਸੇ ਰਾਵਤ ਨੇ ਮੰਨਿਆ ਹੈ ਕਿ ਉਹ ਅਜੇ ਨਵਾਂ ਸੰਗਠਨ ਬਣਾਉਣ ਪਿੱਛੋਂ ਸੂਬੇ ਵਿਚ ਜੋ ਕੁੱਝ ਹੋ ਰਿਹਾ ਹੈ, ਨੂੰ ਲੈ ਕੇ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਨ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਨਿਮਰਤਾ ਦਿਖਾਉਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਵੱਡਾ ਦਿਲ ਦਿਖਾਇਆ ਹੈ। ਉਸ ’ਤੇ ਉਨ੍ਹਾਂ ਨੂੰ ਕਾਇਮ ਰਹਿਣਾ ਹੋਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ