ਦੇਸ਼ਾਂ-ਵਿਦੇਸ਼ਾਂ ਤੋਂ ਹਰੀਕੇ ਵੈਟਲੈਂਡ ਪੁੱਜੇ ਪੰਛੀ ਕਰ ਰਹੇ ਅਠਖੇਲੀਆਂ ਤੇ ਮਸਤੀਆਂ

01/03/2020 2:30:36 PM

ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਦੇ ਅਧੀਨ ਆਉਂਦੇ ਹਰੀਕੇ ਪੱਤਣ ਵਿਖੇ ਸਥਿਤ ਵੈਟਲੈਂਡ ਵਿਖੇ ਪੁੱਜ ਚੁੱਕੇ ਰੰਗ ਬਿਰੰਗੇ ਸੁੰਦਰ ਵਿਦੇਸ਼ੀ ਪੰਛੀਆਂ ਦੀ ਗਿਣਤੀ ਵਧ ਕੇ ਕਰੀਬ 70 ਹਜ਼ਾਰ ਹੋ ਗਈ ਹੈ ਜੋ ਆਉਣ ਵਾਲੇ ਦਿਨਾਂ 'ਚ ਵਧ ਕੇ ਕਰੀਬ 1 ਲੱਖ ਤੋਂ ਵੱਧ ਸਕਦੀ ਹੈ। ਰੰਗ ਬਿਰੰਗੇ ਵੱਖ-ਵੱਖ ਪ੍ਰਜਾਤੀਆਂ ਦੇ ਮਨਮੋਹਕ ਪੰਛੀਆਂ ਤੋਂ ਇਲਾਵਾ ਇਸ ਸਾਲ ਇਕ ਅਨੋਖਾ ਨਵਾਂ ਪੰਛੀ ਜੋੜਾ ਨਵੇਂ ਸਾਲ 'ਚ ਵੇਖਿਆ ਗਿਆ ਹੈ। ਇਸ ਹਰੀਕੇ ਪੱਤਣ ਸਥਿਤ ਵੈਟਲੈਂਡ ਵਿਖੇ ਰੌਣਕਾਂ ਦਿਨ-ਬਾ-ਦਿਨ ਵੱਧ ਰਹੀਆਂ ਹਨ, ਜਿਸ ਅਧੀਨ ਵਧ ਰਹੀ ਠੰਡ ਦਾ ਆਨੰਦ ਪੰਛੀਆਂ ਵਲੋਂ ਮਾਣਿਆ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਦੀ ਦੇ ਦਸਤਕ ਦੇਣ ਦੌਰਾਨ 2 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰਕੇ ਵਿਦੇਸ਼ੀ ਸੁੰਦਰ ਪੰਛੀ ਅੰਤਰਰਾਸ਼ਟਰੀ ਬਰਡ ਸੈਂਚੁਰੀ (ਵੈਟਲੈਂਡ) ਵਿਖੇ ਪੁੱਜ ਗਏ ਹਨ। ਜਿਨ੍ਹਾਂ ਦੀ ਮਹਿਮਾਨ ਨਿਵਾਜ਼ੀ ਕਰਨ ਅਤੇ ਸੁਰੱਖਿਆ ਲਈ ਜੰਗਲਾਤ ਵਿਭਾਗ ਅਤੇ ਵਰਲਡ ਵਾਈਲਡ ਲਾਈਫ ਫੰਡ ਦੀ ਟੀਮ ਵਲੋਂ ਮਿਹਨਤ ਕੀਤੀ ਜਾ ਰਹੀ ਹੈ।

ਠੰਡ ਨਾਲ ਮੌਸਮ ਹੋਇਆ ਖੁਸ਼ਗਵਾਰ
ਹਰੀਕੇ ਪੱਤਣ ਵੈਟਲੈਂਡ ਵਿਖੇ ਵਿਦੇਸ਼ੀ ਪੰਛੀਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਦੇ ਆਉਣ ਨਾਲ ਇਲਾਕੇ ਦਾ ਮਾਹੌਲ ਖੁਸ਼ਗਵਾਰ ਬਣ ਗਿਆ ਹੈ। ਇਨ੍ਹਾਂ ਪੰਛੀਆਂ ਦੀ ਚਹਿ ਚਹਾਹਟ ਨਾਲ ਵਾਤਾਵਰਣ ਮਨਮੋਹਕ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਲੋਕਾਂ ਦੀ ਆਮਦ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਹਰੀਕੇ ਪੱਤਣ ਵੈਟਲੈਂਡ ਝੀਲ ਵਿਖੇ ਸ਼ਾਂਤਮਈ ਮਾਹੌਲ ਹੋਣ ਕਾਰਨ ਪੰਛੀ ਆਪਣੀ ਮੌਜ ਮਸਤੀ ਅਤੇ ਅਠਖੇਲੀਆਂ ਕਰਦੇ ਵੇਖੇ ਜਾ ਸਕਦੇ ਹਨ। ਜਿਨ੍ਹਾਂ ਦੀ ਦੇਖ ਭਾਲ ਲਈ ਵੱਖ-ਵੱਖ ਟੀਮਾਂ ਆਪਣੇ ਕੰਮਾਂ 'ਚ ਲੱਗੀਆਂ ਹੋਈਆਂ ਹਨ।

ਕਾਮਨ ਮਰਗੈਂਜਰ ਨਾਮਕ ਪੰਛੀ ਜੋੜੇ ਨੇ ਵਧਾਈਆਂ ਰੌਣਕਾਂ
ਇਸ ਬਰਡ ਸੈਂਚੁਰੀ (ਵੈਟਲੈਂਡ) ਵਿਖੇ ਨਵੇਂ ਸਾਲ ਵਾਲੇ ਦਿਨ ਕਾਮਨ ਮਰਗੈਂਜਰ ਨਾਮਕ ਪੰਛੀ ਜੋੜੇ ਨੂੰ ਵੇਖਿਆ ਗਿਆ ਹੈ ਜੋ ਪਹਿਲੀ ਵਾਰ ਹਰੀਕੇ ਪੱਤਣ ਵਿਖੇ ਵੇਖਿਆ ਗਿਆ ਹੈ। ਇਸ ਤੋਂ ਇਲਾਵਾ ਪਹਿਲਾਂ ਹਰ ਸਾਲ ਰੂਡੀ ਸ਼ੈੱਲਡੱਕ, ਕੌਮਨ ਸ਼ੈੱਲਡੱਕ, ਸ਼ੌਵਲਰ, ਕੌਮਨ ਪੋਚਰਡ, ਰੈੱਡ ਕਰਿਸਟਡ ਪੋਚਰਡ, ਗ੍ਰੇ-ਲੈੱਗ-ਗੀਜ਼, ਪਿੰਨ ਟੇਲ, ਨੋਰਥਨ ਸ਼ੌਵਲਰ, ਗਾਡਵਾਲ, ਗਾਡਵਿੱਟ, ਰੱਫ, ਰੀਵ, ਗਾਡ ਵਿੱਟ, ਨਾਰਥਨ ਲੈਪਵਿੰਗ, ਫਿਰੋਜਨਸ ਪੋਚਰਡ, ਵੂਲੀ ਨੈਕੱਡ ਸਟਰੋਕ, ਸੈਂਡ ਪਾਈਪਰ, ਸਾਈਬੇਰੀਅਨ ਗਲਜ਼, ਸਪੁਨ ਬਿੱਲਜ, ਪੇਂਟਡ ਸਟੌਰਕ, ਕੌਮਨ ਟੌਚਰੱਡ ਆਦਿ ਤੋਂ ਇਲਾਵਾ ਕਰੀਬ 250 ਕਿਸਮ ਦੇ ਪੰਛੀ ਹਰ ਸਾਲ ਆ ਕੇ ਅਠਖੇਲੀਆਂ ਕਰਦੇ ਨਜ਼ਰ ਆਉਂਦੇ ਹਨ। ਇਸ ਸਾਲ ਇਨ੍ਹਾਂ ਤੋਂ ਇਲਾਵਾ ਪਾਈਡ ਅਤੇ ਐਵੋਸੈੱਟ ਨਾਮਕ ਪੰਛੀ ਵੀ ਖੂਬ ਰੌਣਕ ਵਧਾ ਰਹੇ ਹਨ। ਦੇਸ਼ਾਂ-ਵਿਦੇਸ਼ਾਂ 'ਚ ਇਨ੍ਹਾਂ ਪੰਛੀਆਂ ਦੀਆਂ ਕਰੀਬ 360 ਕਿਸਮਾਂ ਪਾਈਆਂ ਜਾਂਦੀਆਂ ਹਨ। ਇਨ੍ਹਾਂ 'ਚ ਜ਼ਿਆਦਾਤਰ ਪੰਛੀ ਰੋਜ਼ਾਨਾ ਆਸ-ਪਾਸ ਦੇ ਇਲਾਕੇ ਦਾ ਦੌਰਾ ਕਰਕੇ ਮੁੜ ਵਾਪਸ ਬਰਡ ਸੈਂਚੁਰੀ ਦੀ ਖੁੱਲ੍ਹੀ ਥਾਂ 'ਤੇ ਆ ਕੇ ਮਸਤੀ ਕਰਦੇ ਵੇਖੇ ਜਾਂਦੇ ਹਨ।

ਟੀਮਾਂ ਵਲੋਂ ਕੀਤੀ ਜਾਵੇਗੀ ਗਿਣਤੀ
ਹਰੀਕੇ ਵੈਟਲੈਂਡ ਦੇ ਅਧਿਕਾਰੀਆਂ ਸਮੇਤ ਵਰਲਡ ਵਾਈਲਡ ਲਾਈਫ ਫੰਡ ਦੇ ਪ੍ਰਾਜੈਕਟ ਅਫ਼ਸਰ ਮੈਡਮ ਗੀਤਾਂਜਲੀ ਨੇ ਦੱਸਿਆ ਕਿ ਜਨਵਰੀ ਦੇ ਆਖਿਰ 'ਚ ਹਰੀਕੇ ਪੱਤਣ ਦਰਿਆ 'ਚ ਰਹਿਣ ਵਾਲੇ ਪੰਛੀਆਂ ਦੀ ਗਿਣਤੀ ਕਰੀਬ 20 ਮੈਂਬਰੀ ਟੀਮ ਵਲੋਂ ਕੀਤੀ ਜਾ ਰਹੀ ਹੈ। ਇਸ ਟੀਮ 'ਚ ਪੰਜਾਬ ਅਤੇ ਦੂਸਰੇ ਰਾਜਾਂ ਦੇ ਮੈਂਬਰ ਸ਼ਾਮਲ ਹੁੰਦੇ ਹਨ ਜੋ ਤਿੰਨ ਦਿਨਾਂ 'ਚ ਇਸ ਗਿਣਤੀ ਨੂੰ ਪੂਰਾ ਕਰੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪੰਛੀਆਂ ਦੀ ਗਿਣਤੀ 1 ਲੱਖ 23 ਹਜ਼ਾਰ ਵੇਖੀ ਗਈ ਸੀ ਜੋ 93 ਕਿਸਮ ਦੇ ਪੰਛੀ ਸਨ। ਉਨ੍ਹਾਂ ਦੱਸਿਆ ਕਿ ਹਰੀਕੇ ਪੱਤਣ ਪੁੱਜਣ ਲਈ ਪੰਛੀ ਹਰੀਕੇ ਸੈਂਟਰਲ ਏਸ਼ੀਅਨ ਫਲਾਈਵੇ ਰਾਹੀਂ ਪੁੱਜਦੇ ਹਨ ਜੋ ਮੰਗੋਲੀਆ, ਕ੍ਰਿਗੇਸਤਾਨ, ਯੁਰੋਪ, ਰਸ਼ੀਆ, ਸਾਈਬੇਰੀਆ ਤੋਂ ਇਲਾਵਾ ਲੇਹ ਲੱਦਾਖ ਅਤੇ ਜੰਮੂ ਕਸ਼ਮੀਰ ਤੋਂ ਵੀ ਆਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਪੰਛੀਆਂ ਦੇ ਪੈਰਾਂ 'ਚ ਰਿੰਗ ਪਾਉਣ ਦਾ ਕੰਮ ਫਿਲਹਾਲ ਬੰਦ ਹੈ ਪਰ ਆਉਣ ਵਾਲੇ ਦਿਨਾਂ 'ਚ ਇਸ ਜਗ੍ਹਾ 'ਤੇ ਇਕ ਸਟੇਸ਼ਨ ਤਿਆਰ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਪੰਛੀਆਂ ਦੀ ਅਗਲੇ ਸਾਲ ਆਉਣ ਸਬੰਧੀ ਸਥਿਤੀ ਜਾਂਚਣ ਲਈ ਉਨ੍ਹਾਂ ਦੇ ਪੈਰਾਂ 'ਚ ਰਿੰਗ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਾਲ 1984, 1990, 2012 ਤੱਕ ਪੰਛੀਆਂ ਦੇ ਪੈਰਾਂ 'ਚ ਰਿੰਗ ਪਾਏ ਜਾਂਦੇ ਰਹੇ ਹਨ।


Anuradha

Content Editor

Related News