ਹਰਭਜਨ ਖੇਲ ਰਤਨ ਮਾਮਲੇ 'ਚ ਨਵਾਂ ਮੋੜ, ਪੰਜਾਬ ਸਰਕਾਰ ਵੱਲੋਂ ਜਾਂਚ ਦੇ ਹੁਕਮ

08/01/2019 11:33:49 AM

ਚੰਡੀਗੜ੍ਹ : ਪੰਜਾਬ ਸਰਕਾਰ ਨੇ ਤਜ਼ਰਬੇਕਾਰ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦੇ ਇਨ੍ਹਾਂ ਦੋਸ਼ਾਂ ਦੀ ਜਾਂਚ ਦੇ ਹੁਕਮ ਦਿਤੇ ਹਨ ਕਿ ਰਾਜ ਦੇ ਖੇਡ ਵਿਭਾਗ ਦੀ ਪ੍ਰਸ਼ਾਸਨਿਕ ਦੇਰੀ ਉਨ੍ਹਾਂ ਨੂੰ ਸਨਮਾਨਜਨਕ ਖੇਲ ਰਤਨ ਪੁਰਸਕਾਰ ਨਹੀਂ ਮਿਲ ਸਕਣ ਦਾ ਕਾਰਨ ਹੈ। ਖੇਲ ਰਤਨ ਪੁਰਸਕਾਰ ਲਈ ਇਸ ਆਫ਼ ਸਪਿਨਰ ਦੇ ਨਾਮ ਨੂੰ ਕੇਂਦਰੀ ਖੇਡ ਅਤੇ ਨੌਜਵਾਨ ਮਾਮਲਿਆਂ ਦੇ ਮੰਤਰਾਲਾ ਨੇ ਇਸ ਆਧਾਰ 'ਤੇ ਖਾਰਜ ਕਰ ਦਿਤਾ ਸੀ ਕਿ ਉਨ੍ਹਾਂ ਦੇ ਕਾਗ਼ਜ਼ ਦੇਰੀ ਨਾਲ ਪਹੁੰਚੇ। ਹਰਭਜਨ ਨੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਅਪੀਲ ਕੀਤੀ ਅਤੇ ਮੰਤਰੀ ਨੇ ਇਸ ਕ੍ਰਿਕਟਰ ਦੇ ਕਾਗ਼ਜ਼ ਕੇਂਦਰ ਨੂੰ ਕਥਿਤ ਰੂਪ ਨਾਲ ਦੇਰੀ ਨਾਲ ਭੇਜਣ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ।
PunjabKesari
ਸੋਢੀ ਨੇ ਬੁਧਵਾਰ ਨੂੰ ਦਸਿਆ,''ਮੈ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਹਨ। ਜਾਂਚ ਦੀ ਜ਼ਿੰਮੇਵਾਰੀ ਪ੍ਰਧਾਨ (ਖੇਡ) ਨੂੰ ਦਿਤੀ ਗਈ ਹੈ।'' ਅਪਣੇ ਟਵਿਟਰ ਹੈਂਡਲ 'ਤੇ ਪਾਏ ਵੀਡੀਓ ਵਿਚ ਹਰਭਜਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਇਸ ਪੁਰਸਕਾਰ ਲਈ ਅਪਣਾ ਫ਼ਾਰਮ ਪੰਜਾਬ ਖੇਡ ਵਿਭਾਗ ਨੂੰ ਸਮੇਂ ਸਿਰ ਜਮ੍ਹਾਂ ਕਰਵਾ ਦਿਤਾ ਸੀ। ਹਰਭਜਨ ਨੇ ਕਿਹਾ,''ਮੈਂਨੂੰ ਮੀਡੀਆ ਰਾਹੀਂ ਪਤਾ ਲੱਗਿਆ ਕਿ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਲਈ ਪੰਜਾਬ ਸਰਕਾਰ ਨੇ ਮੇਰੇ ਨਾਮ ਦੀ ਸਫ਼ਾਰਸ਼ ਕਰਨ ਵਾਲੀ ਜੋ ਫ਼ਾਈਲ ਕੇਂਦਰ ਨੂੰ ਭੇਜੀ ਸੀ ਉਸ ਨੂੰ ਇਹ ਕਾਰਨ ਦਸ ਕੇ ਖਾਰਜ ਕਰ ਦਿਤਾ ਗਿਆ ਕਿ ਕਾਗ਼ਜ਼ਾਤ ਕਾਫ਼ੀ ਦੇਰੀ ਨਾਲ ਪਹੁੰਚੇ।''
PunjabKesari
ਉਨ੍ਹਾਂ ਕਿਹਾ,''ਮੈਨੂੰ ਪਤਾ ਲੱਗਿਆ ਕਿ ਇਸ ਦੇਰੀ ਕਾਰਨ ਇਸ ਵਾਰ ਪੁਰਸਕਾਰ ਲਈ ਮੇਰੀ ਅਰਜ਼ੀ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ ਇਸ ਦੇ ਕਾਰਨ ਇਸ ਵਾਰ ਮੈਨੂੰ ਪੁਰਸਕਾਰ ਨਹੀਂ ਮਿਲੇਗਾ।'' ਹਰਭਜਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਬੰਧਤ ਦਸਤਾਵੇਜ਼ 29 ਮਾਰਚ ਨੂੰ ਜਮ੍ਹਾਂ ਕਰਵਾ ਦਿਤੇ ਸਨ ਪਰ ਹੁਣ ਉਨ੍ਹਾਂ ਦੀ ਸਮਝ ਵਿਚ ਆਇਆ ਕਿ ਉਨ੍ਹਾਂ ਦੇ ਕਾਗ਼ਜ਼ਾਤ ਕੇਂਦਰ ਸਰਕਾਰ ਕੋਲ ਭੇਜਣ ਵਿਚ ਦੇਰੀ ਕੀਤੀ ਗਈ ਸੀ ਜਿਸ ਕਾਰਨ ਇਸ ਨੂੰ ਖਾਰਜ ਕਰ ਦਿਤਾ ਗਿਆ। ਟੈਸਟ ਕ੍ਰਿਕਟ ਵਿਚ ਭਾਰਤ ਦੇ ਤੀਜੇ ਸੱਭ ਤੋਂ ਸਫ਼ਲ ਗੇਂਦਬਾਜ਼ ਹਰਭਜਨ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਅਗਲੇ ਸਾਲ ਉਨ੍ਹਾਂ ਦੀ ਅਰਜ਼ੀ ਦੁਬਾਰਾ ਭੇਜੀ ਜਾਵੇ।


Tarsem Singh

Content Editor

Related News