ਠੱਗਾਂ ਨੇ ਦੁਬਈ ਦੀ ਜਗ੍ਹਾ ਭੇਜ''ਤਾ ਪਾਕਿਸਤਾਨ, ਨਰਕ ਵਰਗੀ ਜ਼ਿੰਦਗੀ ਕੱਟ 22 ਸਾਲਾਂ ਬਾਅਦ ਹੋਈ ''ਘਰ ਵਾਪਸੀ''
Tuesday, Dec 17, 2024 - 04:11 AM (IST)
ਅੰਮ੍ਰਿਤਸਰ (ਵੈੱਬਡੈਸਕ)- ਠੱਗੀ ਦਾ ਸ਼ਿਕਾਰ ਹੋ ਕੇ 22 ਸਾਲਾਂ ਤੋਂ ਦੁਬਈ ਦੀ ਜਗ੍ਹਾ ਪਾਕਿਸਤਾਨ ਵਿਚ ਰਹਿ ਰਹੀ ਭਾਰਤੀ ਨਾਗਰਿਕ ਹਮੀਦਾ ਬਾਨੋ ਹੁਣ ਆਖ਼ਿਰਕਾਰ ਆਪਣੇ ਵਤਨ ਵਾਪਸ ਪਰਤ ਆਈ ਹੈ। ਉਹ ਅੰਮ੍ਰਿਤਸਰ ਦੇ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਤੋਂ ਭਾਰਤ 'ਚ ਦਾਖਲ ਹੋਈ ਹੈ ਤੇ ਆਪਣੇ ਪਰਿਵਾਰ ਨਾਲ ਇੰਨੇ ਲੰਬੇ ਸਮੇਂ ਬਾਅਦ ਮਿਲ ਕੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।
ਕਰੀਬ 22 ਸਾਲ ਪਹਿਲਾਂ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਈ ਹਮੀਦਾ ਬਾਨੋ ਦੀ ਕਹਾਣੀ ਬਹੁਤ ਹੀ ਦਰਦਨਾਕ ਹੈ। ਤਸਕਰਾਂ ਨੇ ਉਸ ਨੂੰ ਦੁਬਈ 'ਚ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਸ ਨੂੰ ਦੁਬਈ ਦੀ ਬਜਾਏ ਪਾਕਿਸਤਾਨ ਭੇਜ ਦਿੱਤਾ ਗਿਆ। 22 ਸਾਲਾਂ ਤੋਂ ਹਮੀਦਾ ਬਾਨੋ ਆਪਣੇ ਦੇਸ਼ ਪਰਤਣ ਲਈ ਦਿਨ-ਰਾਤ ਦੁਆਵਾਂ ਕਰ ਰਹੀ ਸੀ।
ਜ਼ਿਕਰਯੋਗ ਹੈ ਕਿ ਸਾਲ 2022 'ਚ ਮੁੰਬਈ 'ਚ ਰਹਿ ਰਹੇ ਹਮੀਦਾ ਬਾਨੋ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਉਸ ਦੇ ਪਾਕਿਸਤਾਨ 'ਚ ਹੋਣ ਦਾ ਪਤਾ ਲੱਗਾ। ਸਾਲ 2022 'ਚ ਪਾਕਿਸਤਾਨ ਦੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕੀਤੀ ਗਈ, ਜਿਸ 'ਚ ਹਮੀਦਾ ਬਾਨੋ ਨੇ ਦੱਸਿਆ ਸੀ ਕਿ ਸਾਲ 2002 'ਚ ਇਕ ਏਜੰਟ ਨੇ ਉਸ ਨੂੰ ਦੁਬਈ 'ਚ ਕੁੱਕ ਦੀ ਨੌਕਰੀ ਦੁਆਉਣ ਦਾ ਵਾਅਦਾ ਕੀਤਾ ਸੀ, ਪਰ ਧੋਖੇਬਾਜ਼ ਏਜੰਟ ਨੇ ਉਸ ਨੂੰ ਧੋਖੇ ਨਾਲ ਪਾਕਿਸਤਾਨ ਭੇਜ ਦਿੱਤਾ। ਬਾਨੋ ਨੇ ਦੱਸਿਆ ਕਿ ਏਜੰਟ ਨੇ ਉਸ ਨੂੰ ਏਅਰਪੋਰਟ 'ਤੇ ਇਕੱਲੇ ਆਉਣ ਲਈ ਕਿਹਾ ਸੀ।
ਇਹ ਵੀ ਪੜ੍ਹੋ- MP ਮੀਤ ਹੇਅਰ ਨੇ ਸੰਸਦ 'ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਕਿਹਾ- '2 ਸੂਬਿਆਂ ਦੀ ਸਰਹੱਦ ਨੂੰ 'ਬਾਰਡਰ' ਬਣਾ ਦਿੱਤਾ...'
ਹਮੀਦਾ ਬਾਨੋ ਕੋਲ ਪਾਕਿਸਤਾਨ ਦੇ ਜਾਇਜ਼ ਦਸਤਾਵੇਜ਼ ਨਹੀਂ ਸਨ, ਜਿਸ ਕਾਰਨ ਉਸ ਨੇ ਪਾਕਿਸਤਾਨੀ ਅਧਿਕਾਰੀਆਂ ਤੋਂ ਮਦਦ ਨਹੀਂ ਮੰਗੀ। ਕੁਝ ਸਾਲਾਂ ਬਾਅਦ ਕਰਾਚੀ ਦੇ ਇਕ ਵਿਅਕਤੀ ਨੇ ਉਸ ਨਾਲ ਵਿਆਹ ਕਰਾ ਲਿਆ ਅਤੇ ਉਹ ਉਸ ਨਾਲ ਰਹਿਣ ਲੱਗ ਪਈ। ਇਸ ਤੋਂ ਬਾਅਦ ਵੀ ਉਸ ਨੇ ਆਪਣੇ ਵਤਨ ਭਾਰਤ ਪਰਤਣ ਦੀ ਉਮੀਦ ਨਹੀਂ ਛੱਡੀ।
ਇਸ ਦੌਰਾਨ ਕਰੀਬ ਦੋ ਸਾਲ ਪਹਿਲਾਂ 2022 'ਚ ਉਸ ਨੇ ਸੋਸ਼ਲ ਮੀਡੀਆ ਰਾਹੀਂ ਮੁੰਬਈ 'ਚ ਰਹਿੰਦੇ ਆਪਣੇ ਬੱਚਿਆਂ ਨਾਲ ਗੱਲ ਕੀਤੀ ਸੀ। ਪਾਕਿਸਤਾਨ 'ਚ ਆਪਣੇ ਦਿਨਾਂ ਨੂੰ ਯਾਦ ਕਰਦੇ ਹੋਏ ਹਮੀਦਾ ਬਾਨੋ ਨੇ ਕਿਹਾ ਸੀ ਕਿ ਇੰਨੇ ਸਾਲਾਂ 'ਚ ਉਸ ਨੇ ਕਦੇ ਵੀ ਈਦ ਖੁਸ਼ੀ ਨਾਲ ਨਹੀਂ ਮਨਾਈ। ਉਹ ਕੋਨੇ ਵਿੱਚ ਬੈਠ ਕੇ ਰੋਂਦੀ ਰਹਿੰਦੀ ਸੀ। ਹਮੀਦਾ ਨੇ ਪਾਕਿਸਤਾਨ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਉਸ ਨੂੰ ਭਾਰਤ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਆਖਰੀ ਪਲ ਆਪਣੇ ਪਰਿਵਾਰ ਨਾਲ ਬਿਤਾ ਸਕੇ। ਹਮੀਦਾ ਬਾਨੋ ਦਾ ਪਾਕਿਸਤਾਨ ਵਿੱਚ ਕੋਈ ਬੱਚਾ ਨਹੀਂ ਹੈ, ਸਗੋਂ ਉਹ ਉੱਥੇ ਆਪਣੇ ਸਿੰਧੀ ਪਤੀ ਦੇ 4 ਬੱਚੇ ਪਾਲਦੀ ਸੀ ਤੇ ਕੋਰੋਨਾ ਕਾਲ ਦੌਰਾਨ ਉਸ ਦੇ ਪਤੀ ਦੀ ਮੌਤ ਹੋਣ ਮਗਰੋਂ ਉਹ ਉਨ੍ਹਾਂ ਬੱਚਿਆਂ ਨਾਲ ਰਹਿੰਦੀ ਰਹੀ।
ਇਹ ਵੀ ਪੜ੍ਹੋ- ਛੋਲਿਆਂ ਦੀ ਸਬਜ਼ੀ 'ਚੋਂ ਨਿਕਲਿਆ ਕੰਨ ਖਜੂਰਾ, ਦੁਕਾਨ ਵਾਲਾ ਕਹਿੰਦਾ- 'ਇਹ ਤਾਂ ਪਾਲਕ ਦੀ ਡੰਡੀ ਐ ਜੀ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e