ਅੰਮ੍ਰਿਤਸਰ ’ਚ ਹੋਣਗੇ ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਮੁੱਖ ਸਮਾਗਮ : ਬੀਬੀ ਜਗੀਰ ਕੌਰ

2/24/2021 10:37:59 AM

ਅੰਮ੍ਰਿਤਸਰ (ਦੀਪਕ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸਮਾਗਮ 1 ਮਈ 2021 ਨੂੰ ਅੰਮ੍ਰਿਤਸਰ ਵਿਖੇ ਹੋਵੇਗਾ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਸਥਿਤ ਹੈ ਅਤੇ ਸ਼ਤਾਬਦੀ ਦਾ ਮੁੱਖ ਸਮਾਗਮ ਵੀ ਅੰਮ੍ਰਿਤਸਰ ਵਿਖੇ ਹੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸਕ ਅਸਥਾਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ, ਤਖ਼ਤ ਸ੍ਰੀ ਕੇਸਗਡ਼੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਸਮੇਤ ਦੇਸ਼ ਦੀਆਂ ਵੱਖ-ਵੱਖ ਥਾਵਾਂ ’ਤੇ ਵੀ ਸਮਾਗਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ਸਮਾਗਮਾਂ ਦੌਰਾਨ ਸੰਗਤ ਨੂੰ ਗੁਰਬਾਣੀ ਉਚਾਰਨ ਦੀ ਜਾਣਕਾਰੀ ਦੇਣ ਲਈ ਪਾਠ ਬੋਧ ਸਮਾਗਮ ਵਿਸ਼ੇਸ਼ ਤੌਰ ’ਤੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਇਸਤਰੀ ਗੁਰਮਤਿ ਸਮਾਗਮ, ਸੈਮੀਨਾਰ, ਨਗਰ ਕੀਰਤਨ, ਸਕੂਲਾਂ-ਕਾਲਜਾਂ ਅੰਦਰ ਗੁਰਮਤਿ ਮੁਕਾਬਲੇ, ਰੌਸ਼ਨੀ ਅਤੇ ਆਵਾਜ਼ ਆਧਾਰਿਤ ਪ੍ਰੋਗਰਾਮ ਆਦਿ ਵਿਸ਼ੇਸ਼ ਹੋਣਗੇ।

ਇਹ ਵੀ ਪੜ੍ਹੋ: ਲੱਖਾ ਸਿਧਾਣਾ ਦੇ ਹੱਕ ’ਚ ਉਮੜ ਪਏ ਪੰਜਾਬੀ, ਮਹਿਰਾਜ ਰੋਸ ਰੈਲੀ ’ਚ ਭਾਰੀ ਇਕੱਠ

ਉਨ੍ਹਾਂ ਦੱਸਿਆ ਕਿ ਗੁ. ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ 14 ਫ਼ਰਵਰੀ ਤੋਂ ਚੱਲ ਰਹੇ ਪਾਠ ਬੋਧ ਸਮਾਗਮ ਦੀ ਸੰਪੂਰਨਤਾ 16 ਮਾਰਚ ਨੂੰ ਹੋਵੇਗੀ ਅਤੇ 17 ਮਾਰਚ ਨੂੰ ਮਾਤਾ ਨਾਨਕੀ ਜੀ ਇਸਤਰੀ ਗੁਰਮਤਿ ਸੰਮੇਲਨ ਕੀਤਾ ਜਾਵੇਗਾ। 18 ਮਾਰਚ ਨੂੰ ਵਿਸ਼ੇਸ਼ ਸਮਾਗਮ ਦੌਰਾਨ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ। ਇਸੇ ਤਰ੍ਹਾਂ ਤਖ਼ਤ ਸ੍ਰੀ ਕੇਸਗਡ਼੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ 26 ਫ਼ਰਵਰੀ ਨੂੰ ਪਾਠ ਬੋਧ ਸਮਾਗਮ ਆਰੰਭ ਹੋਵੇਗਾ, ਜਿਸ ਦੀ ਸੰਪੂਰਨਤਾ 27 ਮਾਰਚ ਨੂੰ ਕੀਤੀ ਜਾਵੇਗੀ। 28 ਮਾਰਚ ਨੂੰ ਮਾਤਾ ਗੁਜਰੀ ਜੀ ਇਸਤਰੀ ਗੁਰਮਤਿ ਸਮਾਗਮ ਸਜਾਇਆ ਜਾਵੇਗਾ ਅਤੇ 29 ਮਾਰਚ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਭਾਈ ਜੈਤਾ ਜੀ ਨੂੰ ਸਮਰਪਿਤ ਹੋਵੇਗਾ। ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 10 ਮਾਰਚ ਨੂੰ ਪਾਠ ਬੋਧ ਸਮਾਗਮ ਸ਼ੁਰੂ ਹੋਵੇਗਾ ਅਤੇ ਸੰਪੂਰਨਤਾ 11 ਅਪ੍ਰੈਲ ਨੂੰ ਕੀਤੀ ਜਾਵੇਗੀ। ਇਥੇ 12 ਅਪ੍ਰੈਲ ਨੂੰ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਇਸਤਰੀ ਗੁਰਮਤਿ ਸਮਾਗਮ ਅਤੇ 13 ਅਪ੍ਰੈਲ ਨੂੰ ਮੁੱਖ ਸਮਾਗਮ ਖਾਲਸਾ ਸਿਰਜਣਾ ਦਿਵਸ ਮੌਕੇ ਕਰਵਾਏ ਜਾਣਗੇ।

ਇਹ ਵੀ ਪੜ੍ਹੋ:  ਗੁਰਲਾਲ ਭਲਵਾਨ ਕਤਲ ਕਾਂਡ 'ਚ ਸ਼ੂਟਰ ਸੁਖਵਿੰਦਰ ਸਣੇ 3 ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਇਕ ਸਹਿਜ ਪਾਠ ਸਮਾਗਮ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ 26 ਮਾਰਚ ਤੋਂ 29 ਅਪ੍ਰੈਲ ਤਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਵੇਗਾ। 30 ਮਾਰਚ ਨੂੰ ਬੀਬੀ ਵੀਰੋ ਜੀ ਇਸਤਰੀ ਗੁਰਮਤਿ ਸਮਾਗਮ ਅਤੇ 1 ਮਈ ਨੂੰ ਸ਼ਤਾਬਦੀ ਦਾ ਮੁੱਖ ਸਮਾਗਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ਸਬੰਧੀ ਕਰਵਾਇਆ ਜਾਣ ਵਾਲਾ ਮੁੱਖ ਸਮਾਗਮ ਅੰਮ੍ਰਿਤਸਰ ਵਿਖੇ ਕਿਸੇ ਖੁੱਲ੍ਹੇ ਸਥਾਨ ’ਤੇ ਵਿਸ਼ਾਲ ਪੰਡਾਲ ਵਿਚ ਹੋਵੇਗਾ। ਸ਼ਤਾਬਦੀ ਸਬੰਧੀ ਕੀਤੇ ਜਾਣ ਵਾਲੇ ਸਾਰੇ ਸਮਾਗਮ ਯਾਦਗਾਰੀ ਹੋਣਗੇ।

ਇਹ ਵੀ ਪੜ੍ਹੋ:  ਸ਼ਰਾਰਤੀ ਅਨਸਰਾਂ ਨੇ ਟਾਂਡਾ ਉੜਮੁੜ 'ਚ ਗੁਰੂ ਰਵਿਦਾਸ ਜੀ ਦੇ ਸਰੂਪ ਵਾਲੇ ਬੈਨਰ ਨੂੰ ਪਹੁੰਚਾਇਆ ਨੁਕਸਾਨ


Shyna

Content Editor Shyna