ਪ੍ਰਕਾਸ਼ ਪੁਰਬ : ਵਿਸ਼ਵ ਸ਼ਾਂਤੀ ਦੇ ਪਥ ਪ੍ਰਦਰਸ਼ਕ ਸ੍ਰੀ ਗੁਰੂ ਰਵਿਦਾਸ ਜੀ

02/09/2020 8:10:54 AM

ਜਲੰਧਰ– ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਨੇ ਇਸ ਸੰਸਾਰ ਨੂੰ ਨਵੀਂ ਨਰੋਈ ਵਿਸ਼ਵ-ਵਿਆਪੀ ਸਰਬ ਸਾਂਝੀਵਾਲਤਾ ਦੀ ਵਿਚਾਰਧਾਰਾ ਪ੍ਰਦਾਨ ਕੀਤੀ ਹੈ। ਗੁਰੂ ਜੀ ਦੀ ਬਾਣੀ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਗੁਰੂ ਜੀ ਨੇ ਅੱਜ ਤੋਂ 630-40 ਸਾਲ ਪਹਿਲਾਂ ਅੱਜ ਦੀ ਅਤਿ-ਆਧੁਨਿਕ ਅਤੇ ਵਿਗਿਆਨਕ ਵਿਚਾਰਧਾਰਾ ਦਾ ਉਲੇਖ ਕੀਤਾ ਹੈ, ਜਿਸਦੀ ਅੱਜ ਤੇ ਭਵਿੱਖ 'ਚ ਪੂਰੇ ਸੰਸਾਰ ਨੂੰ ਬਹੁਤ ਲੋੜ ਹੈ। ਇਸ ਕ੍ਰਾਂਤੀਕਾਰੀ ਮਹਾਨ ਵਿਗਿਆਨੀ ਦਾ ਆਗਮਨ ਮਾਘ ਦੀ ਪੂਰਨਮਾਸ਼ੀ ਸੰਮਤ 1433 ਬਿਕ੍ਰਮੀ ਨੂੰ ਉੱਤਰ ਪ੍ਰਦੇਸ਼ ਦੀ ਭਾਗਾਂ ਭਰੀ ਧਰਤੀ ਸੀਰ ਗੋਵਰਧਨਪੁਰ ਵਿਖੇ ਪਿਤਾ ਸਤਿਕਾਰਯੋਗ ਸੰਤੋਖ ਦਾਸ ਜੀ, ਮਾਤਾ ਆਦਰਯੋਗ ਕਲਸਾਂ ਦੇਵੀ ਜੀ ਦੀ ਕੁੱਖੋਂ ਦੱਬੇ-ਕੁਚਲੇ, ਛੂਆ-ਛਾਤ, ਊਚ-ਨੀਚ ਦਾ ਜ਼ੁਲਮ ਸਹਿੰਦੇ ਗਰੀਬ ਪਰਿਵਾਰ 'ਚ ਹੋਇਆ। ਮਹਾਨ ਹੈ ਉਹ ਆਤਮਾ ਜਿਸਨੇ ਸਮਾਜਿਕ ਜ਼ੁਲਮਾਂ ਨੂੰ ਪਿੰਡੇ 'ਤੇ ਸਹਾਰਦਿਆਂ ਹੋਇਆ ਵਿਸ਼ਵ ਸ਼ਾਂਤੀ ਦੀ ਗੱਲ ਕੀਤੀ ਹੈ। ਗੁਰੂ ਸਾਹਿਬ ਜੀ ਨੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ। ਉਨ੍ਹਾਂ ਦੀ ਆਨੰਦਮਈ ਬਾਣੀ ਇਕ ਨਵੇਂ ਵਿਸ਼ਵ ਧਰਮ ਦੀ ਸਥਾਪਨਾ ਦਾ ਹੋਕਾ ਦਿੰਦੀ ਹੈ। ਗੁਰੂ ਜੀ ਦੀ ਵਿਚਾਰਧਾਰਾ ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ ਤੇ ਕਰਮਕਾਂਡਾਂ ਤੋਂ ਉੱਚੀ ਅਤੇ ਸੁੱਚੀ ਇਕ ਅਤਿ-ਆਧੁਨਿਕ ਅਤੇ ਵਿਸ਼ਵ-ਵਿਆਪੀ ਵਿਚਾਰਧਾਰਾ ਹੈ। ਇਹ ਜਾਤ-ਪਾਤ, ਊਚ-ਨੀਚ, ਰੰਗ-ਨਸਲ ਤੇ ਦੇਸ਼-ਪ੍ਰਦੇਸ਼ ਦੇ ਭੇਦਭਾਵ ਤੋਂ ਉਪਰ ਉੱਠ ਕੇ ਵਿਸ਼ਵ ਰਾਜ, ਅੰਤਰ ਰਾਜ ਦੇਸ਼ ਦੀ ਗੱਲ ਕਰਦੀ ਹੈ, ਜਿੱਥੇ ਸਭ ਲੋਕ ਬਰਾਬਰ ਅਤੇ ਭਾਈਚਾਰਕ ਸਾਂਝ ਨਾਲ ਆਪਸ 'ਚ ਮਿਲ ਕੇ ਅਨੰਦਮਈ ਜੀਵਨ ਜੀਅ ਸਕਣ।

ਬੇਗਮਪੁਰਾ ਸਹਰ ਕੋ ਨਾਉ।। ਦੂਖੁ ਅੰਦੋਹੁ ਨਹੀ ਤਿਹਿ ਠਾਉ।।
ਵਿਸ਼ਵ ਵਤਨ ਜਿਸ ਦਾ ਨਾਮ ਬੇਗਮਪੁਰਾ ਜਿੱਥੇ ਕਿਸੇ ਨੂੰ ਕੋਈ ਕਿਸਮ ਦੀ ਦੁੱਖ ਚਿੰਤਾ ਨਹੀਂ।

ਨਾ ਤਸਵੀਸ ਖਿਰਾਜੁ ਨ ਮਾਲੁ।। ਖਉਫੁ ਨ ਖਤਾ ਨ ਤਰਸੁ ਜਵਾਲੁ।।੧।।
ਇਸ ਵਤਨ ਦੇ ਵਾਸੀ ਨਿਰਭਉ ਤੇ ਨਿਰਵੈਰ ਹਨ। ਭਾਵ ਨਾ ਤਾਂ ਕਿਸੇ ਨੂੰ ਕਿਸੇ ਦਾ ਡਰ ਹੈ ਤੇ ਨਾ ਹੀ ਕਿਸੇ ਨਾਲ ਵੈਰ ਹੈ। ਵਿਸ਼ਵਾਸ ਦੇ ਕਾਬੂ ਹੋਣ ਕਰਕੇ ਕਿਸੇ ਊਣਤਾਈ ਦਾ ਡਰ ਨਹੀਂ।

ਅਬ ਮੋਹਿ ਖੂਬ ਵਤਨ ਗਹ ਪਾਈ।। ਊਹਾਂ ਖੈਰਿ ਸਦਾ ਮੇਰੇ ਭਾਈ।।1।। ਰਹਾਉ।।
ਸੋ ਹੇ ਮੇਰੇ ਭਾਈ, ਅਜਿਹੇ ਵਿਸ਼ਵ ਵਤਨ ਦਾ ਸ਼ਹਿਰੀ ਹਾਂ ਜਿੱਥੇ ਹਮੇਸ਼ਾ ਹੀ ਆਨੰਦ ਹੀ ਆਨੰਦ ਹੈ।

ਕਾਇਮੁ ਦਾਇਮੁ ਸਦਾ ਪਾਤਿਸਾਹੀ।। ਦੋਮ ਨ ਸੇਮ ਏਕ ਸੋ ਆਹੀ।।
ਇਥੇ ਸਦੀਵੀ ਅਤੇ ਅਟੱਲ ਪਾਤਿਸ਼ਾਹੀ ਹੈ। ਇਸਦੇ ਸ਼ਹਿਰੀ ਦੂਜੇ ਜਾਂ ਤੀਜੇ ਦਰਜੇ ਦੇ ਨਹੀਂ ਹਨ। ਉਨ੍ਹਾਂ ਨੂੰ ਹਰ ਪੱਖੋਂ ਬਰਾਬਰਤਾ ਦਾ ਅਧਿਕਾਰ ਹੈ।

ਆਬਾਦਾਨੁ ਸਦਾ ਮਸਹੂਰ।। ਊਹਾਂ ਗਨੀ ਬਸਹਿ ਮਾਮੂਰ।।2।।
ਇਹ ਵਿਸ਼ਵ ਵਤਨ ਸਦਾ ਤੋਂ ਹੀ ਪ੍ਰਸਿੱਧ ਹੈ। ਇੱਥੇ ਸਭ ਅਮੀਰ ਭਾਵ-ਚੰਗੇ ਗੁਣਾਂ ਵਾਲੇ ਅਤੇ ਸਬਰ ਸੰਤੋਖ ਵਾਲੇ ਵਸਦੇ ਹਨ।

ਤਿਉ-ਤਿਉ ਸੈਲ ਕਰਹਿ ਜਿਉ ਭਾਵੈ।। ਮਹਰਮ ਮਹਲ ਨ ਕੋ ਅਟਕਾਵੈ।।
ਇਸ 'ਬੇਗਮਪੁਰੇ' ਦੇ ਵਾਸੀ ਜਿਵੇਂ ਚਾਹੁਣ ਜਿੱਥੇ ਮਰਜ਼ੀ ਆਨੰਦ ਨਾਲ ਘੁੰਮ ਸਕਦੇ ਹਨ। ਮਹਿਲਾਂ ਦੇ ਪੂਰਨ ਭੇਤੀ ਵੀ ਨਹੀਂ ਰੁਕਦੇ ਭਾਵ-ਪਰਜਾ ਪਾਤਸ਼ਾਹ ਤੋਂ ਜਾਣੂ ਹੈ।

ਕਹਿ ਰਵਿਦਾਸ ਖਲਾਸ ਚਮਾਰਾ।। ਜੋ ਹਮ ਸਹਰੀ ਸੁ ਮੀਤੁ ਹਮਾਰਾ ।।3।। 2।।
ਸਤਿਗੁਰੂ ਰਵਿਦਾਸ ਜੀ ਮਹਾਰਾਜ ਫਰਮਾਉਂਦੇ ਹਨ ਕਿ ਜੋ ਵੀ ਮੇਰੇ ਇਸ ਵਤਨ ਦਾ ਸ਼ਹਿਰੀ ਹੈ, ਉਹ ਸਾਡਾ ਮਿੱਤਰ ਹੈ। ਭਾਵ ਜੋ ਵੀ ਇਸ ਵਿਸ਼ਵ ਰਾਜ ਦੇ ਵਾਸੀ ਹਨ, ਉਹ ਆਪਸ 'ਚ ਸਭ ਮਿੱਤਰ ਹਨ, ਭਾਈ-ਭਾਈ ਹਨ। 

ਅੱਜ ਪੂਰੇ ਸੰਸਾਰ ਨੂੰ ਵਿਸ਼ਵ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਦੀ ਬਹੁਤ ਲੋੜ ਹੈ, ਸਾਰਾ ਸੰਸਾਰ ਅੱਜ ਪ੍ਰਮਾਣੂ ਬੰਬ, ਹਾਈਡ੍ਰੋਜਨ ਬੰਬਾਂ ਦੇ ਢੇਰ ਦੇ ਉਪਰ ਹੈ। ਇਕ ਪਲ 'ਚ ਇਹ ਪੂਰੇ ਵਿਸ਼ਵ ਨੂੰ ਤਬਾਹ ਕਰ ਸਕਦੇ ਹਨ। ਬੜੀ ਹੈਰਾਨੀ ਦੀ ਗੱਲ ਹੈ ਕਿ ਵਿਸ਼ਵ ਸ਼ਾਂਤੀ ਦਾ ਮਾਡਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ 630 ਸਾਲ ਤੋਂ ਵੱਧ ਸਮਾਂ ਪਹਿਲਾਂ ਤਿਆਰ ਕਰ ਦਿੱਤਾ ਸੀ। ਗੁਲਾਮੀ ਬਹੁਤ ਭੈੜੀ ਹੁੰਦੀ ਹੈ, ਗੁਰੂ ਜੀ ਕਿਸੇ ਨੂੰ ਵੀ ਗੁਲਾਮ ਰੱਖਣ ਦੇ ਹੱਕ 'ਚ ਨਹੀਂ ਹਨ। ਗੁਲਾਮੀ ਬਹੁਤ ਵੱਡਾ ਪਾਪ ਹੈ। ਗੁਲਾਮ ਨਾਲ ਕੋਈ ਪਿਆਰ ਨਹੀਂ ਕਰਦਾ। ਗੁਲਾਮ ਦਾ ਕੋਈ ਧਰਮ ਨਹੀਂ ਹੁੰਦਾ। ਗੁਲਾਮ ਨੂੰ ਸਭ ਭੈੜਾ ਸਮਝਦੇ ਹਨ। ਗੁਰੂ ਜੀ ਤਾਂ ਗੁਲਾਮਾਂ ਨੂੰ ਵੀ ਝੰਜੋੜਦੇ ਹੋਏ ਆਜ਼ਾਦ ਹੋਣ ਦੇ ਲਈ ਪ੍ਰੇਰਿਤ ਕਰਦੇ ਹਨ—

ਪਰਾਧੀਨ ਕੌ ਦੀਨ ਕਯਾ ਪਰਾਧੀਨ ਬੇਦੀਨ।। ਰਵਿਦਾਸ ਦਾਸ ਪ੍ਰਾਧੀਨ ਕੌ ਸਭ ਹੀ ਸਮਝੈ ਹੀਨ।।
ਗੁਰੂ ਜੀ ਨੇ ਦੂਸਰਿਆਂ ਦੇ ਪੇਟ ਨੂੰ ਭਰਨ ਦੀ ਖਾਤਿਰ ਮਜ਼ਲੂਮਾਂ ਦੀ ਸਹਾਇਤਾ ਕਰਨ ਦਾ ਸੰਦੇਸ਼ ਵੀ ਦਿੱਤਾ ਹੈ।

ਸੋ ਕਤ ਜਾਨੈ ਪੀਰ ਪਰਾਈ।। ਜਾ ਕੈ ਅੰਤਰਿ ਦਰਦੁ ਨ ਪਾਈ।।
ਗੁਰੂ ਸਾਹਿਬ ਜੀ ਨੇ ਕਿਸੇ ਵੀ ਦੇਸ਼ ਦੇ ਧਰਮਾਂ ਦੇ ਰੱਬ ਦੀ ਪੂਜਾ ਨਹੀਂ ਕੀਤੀ, ਸਗੋਂ ਗੁਰੂ ਸਾਹਿਬ ਜੀ ਨੇ ਤਾਂ ਪੂਰੇ ਵਿਸ਼ਵ ਦੇ ਧਰਮ ਦੇ ਰੱਬ ਦੀ ਪੂਜਾ ਕੀਤੀ ਹੈ। ਗੁਰੂ ਰਵਿਦਾਸ ਜੀ ਹੀ ਹਨ ਜੋ ਦੇਸ਼ਾਂ-ਪ੍ਰਦੇਸ਼ਾਂ ਦੇ ਹੱਦ ਬੰਨਿਆਂ ਤੋਂ ਉਪਰ ਉੱਠ ਕੇ ਵਿਸ਼ਵ-ਸ਼ਾਂਤੀ ਦੇ ਪਥ ਪ੍ਰਦਰਸ਼ਕ ਬਣੇ। ਸੋ ਆਓ ਰਲ ਕੇ ਇਹ ਪ੍ਰਣ ਲਈਏ ਕਿ ਸਾਰੇ ਸੰਸਾਰ ਦੇ ਲੋਕ ਸਾਡੇ ਮਿੱਤਰ ਹਨ, ਸਾਡਾ ਕੋਈ ਦੁਸ਼ਮਣ ਨਹੀਂ। ਅਸੀਂ ਸਾਰੇ ਭਾਈ-ਭਾਈ ਹਾਂ ਅਤੇ ਸਾਰਿਆਂ ਨੂੰ ਚਾਹੀਦਾ ਹੈ ਕਿ ਗੁਰੂ ਰਵਿਦਾਸ ਜੀ ਦੇ ਵਿਸ਼ਵ-ਸ਼ਾਂਤੀ ਦੇ ਮਾਡਲ ਨੂੰ ਪੂਰੀ ਦੁਨੀਆ 'ਚ ਪ੍ਰਚਾਰਨ ਦਾ ਯਤਨ ਕਰਨ ਤਾਂ ਕਿ ਸੰਸਾਰ 'ਚ ਸਾਂਝੀਵਾਲਤਾ ਸਥਾਪਿਤ ਹੋ ਸਕੇ।

ਮਹਿੰਦਰ ਸੰਧੂ 'ਮਹੇੜੂ'


rajwinder kaur

Content Editor

Related News