ਪਾਵਰਕਾਮ ਅਤੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਕੋਆਰਡੀਨੇਸ਼ਨ ਕਮੇਟੀ ਦਰਮਿਆਨ ਸਮਝੌਤਾ

03/31/2018 7:27:28 AM

ਪਟਿਆਲਾ (ਪ. ਪ.) - ਅੱਜ ਇੱਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਦੋ ਡਾਇਰੈਕਟਰਾਂ/ਡਾਇਰੈਕਟਰ ਵਿੱਤ ਸ੍ਰੀ ਐੈੱਸ. ਸੀ. ਅਰੋੜਾ ਅਤੇ ਡਾਇਰੈਕਟਰ ਪ੍ਰਬੰਧਕੀ ਸ੍ਰੀ ਆਰ. ਪੀ. ਪਾਂਡਵ ਦੀ ਹਾਜ਼ਰੀ ਵਿਚ ਥਰਮਲ ਕੋਆਰਡੀਨੇਸ਼ਨ ਯੂਨੀਅਨ ਨਾਲ ਸਮਝੌਤਾ ਕਰਨ ਉਪਰੰਤ ਯੂਨੀਅਨ ਵੱਲੋਂ ਲਗਾਤਾਰ 3 ਮਹੀਨਿਆਂ ਤੋਂ ਪੱਕੇ ਤੌਰ 'ਤੇ ਚੱਲ ਰਿਹਾ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ।
ਸਮਝੌਤੇ ਅਨੁਸਾਰ 31.12.2017 ਨੂੰ ਥਰਮਲ ਬਠਿੰਡਾ ਵਿਖੇ ਕੰਮ ਕਰ ਰਹੇ 635  ਠੇਕੇਦਾਰਾਂ ਦੇ ਕਾਮਿਆਂ ਨੂੰ ਪੈਸਕੋ ਰਾਹੀਂ ਬਿਜਲੀ ਕਾਰਪੋਰੇਸ਼ਨ ਦੇ ਥਰਮਲ ਪਲਾਂਟਾਂ/ਮੁੱਖ ਇੰਜੀ./ਪੱਛਮੀ ਜ਼ੋਨ ਬਠਿੰਡਾ ਵਿਖੇ ਉਸੇ ਹੀ ਸਮਰੱਥਾ ਵਿਚ ਕੰਮ 'ਤੇ ਰੱਖਿਆ ਜਾਵੇਗਾ। ਇਥੇ ਇਹ ਵੀ ਵਰਨਣਯੋਗ ਹੈ ਕਿ ਇਨ੍ਹਾਂ ਕਾਮਿਆਂ ਨੂੰ ਤਨਖਾਹ ਅਤੇ ਭੱਤੇ ਇਸ ਵੇਲੇ ਜੋ ਮਿਲ ਰਹੇ ਹਨ, ਉਹ ਇਸੇ ਤਰ੍ਹਾਂ ਹੀ ਪੈਸਕੋ ਰਾਹੀਂ ਮਿਲਣਯੋਗ ਹੋਣਗੇ।
    ਸਮਝੌਤੇ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਤੋਂ ਸਰਪਲੱਸ ਹੋਏ ਇਹ ਕਿਰਤੀ ਬਿਜਲੀ ਕਾਰਪੋਰੇਸ਼ਨ ਵਿਚ ਸਮਾਉਣ ਜਾਂ ਪੱਕਾ ਕਰਨ ਦੇ ਦਾਅਵੇਦਾਰ ਨਹੀਂ ਹੋਣਗੇ। ਫਿਰ ਵੀ ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਐਡਹਾਕ ਕੰਟਰੈਕਚੂਅਲ, ਡੇਲੀਵੇਜ, ਟੈਂਪਰੇਰੀ, ਵਰਕ-ਚਾਰਜਡ ਅਤੇ ਆਊਟਸੋਰਸਡ ਇੰਪਲਾਈਜ਼ ਵੈੱਲਫੇਅਰ ਐਕਟ 2016 ਪਾਸ ਕੀਤਾ ਗਿਆ ਸੀ, ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚੈਲੇਂਜ ਕੀਤਾ ਹੋਇਆ ਹੈ। ਇਸ ਬਾਰੇ ਕੋਰਟ ਵੱਲੋਂ ਜੋ ਵੀ ਫੈਸਲਾ ਕੀਤਾ ਜਾਵੇਗਾ, ਉਹ ਦੋਵੇਂ ਧਿਰਾਂ ਨੂੰ ਮੰਨਣਾ ਪਵੇਗਾ।
ਇਥੇ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਇਨ੍ਹਾਂ ਕਿਰਤੀਆਂ ਨੂੰ ਪੈਸਕੋ ਰਾਹੀਂ ਨਿਯੁਕਤੀ-ਪੱਤਰ ਮਿਤੀ 22.4.2018 ਤੋਂ ਪਹਿਲਾਂ ਜਾਰੀ ਕਰ ਦਿੱਤੇ ਜਾਣਗੇ ਅਤੇ ਇਨ੍ਹਾਂ ਕਾਮਿਆਂ ਦੀ ਵੱਧ ਤੋਂ ਵੱਧ ਭਰਤੀ ਉਮਰ ਸੀਮਾ 60 ਸਾਲ ਹੋਵੇਗੀ। ਉਪਰੋਕਤ ਸਮਝੌਤਾ ਪੀ. ਐੈੱਸ. ਪੀ. ਸੀ. ਐੈੱਲ./ਪੀ. ਐੈੱਸ. ਟੀ. ਸੀ. ਐੈੱਲ. ਅਧੀਨ ਹੋਰ ਸੰਸਥਾਵਾਂ ਉੱਪਰ ਪੰਜਾਬ ਸਰਕਾਰ ਜਾਂ ਇਸ ਦੇ ਅਧੀਨ ਆਉਂਦੇ ਬੋਰਡਾਂ-ਕਾਰਪੋਰੇਸ਼ਨਾਂ ਉੱਪਰ ਲਾਗੂ ਨਹੀਂ ਹੋਵੇਗਾ। ਕੇਵਲ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਤੋਂ ਸਰਪਲੱਸ ਹੋਏ 635 ਕਾਮਿਆਂ ਉੱਪਰ ਹੀ ਲਾਗੂ ਹੋਵੇਗਾ।
ਇਸ ਸਮਝੌਤੇ 'ਤੇ ਦੋਵਾਂ ਧਿਰਾਂ ਵੱਲੋਂ ਹਸਤਾਖਰ ਕੀਤੇ ਗਏ, ਜਿਨ੍ਹਾਂ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਤੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਜਨਰਲ ਮੈਨੇਜਰ ਇੰਜੀਨੀਅਰ ਵੀ. ਕੇ. ਗਰਗ, ਸੁਸ਼ਮਾ ਭੱਟੀ, ਨਿਗਰਾਨ ਇੰਜੀ./ਸਦਰ ਮੁਕਾਮ, ਪੱਛਮੀ ਜ਼ੋਨ, ਬਠਿੰਡਾ ਅਤੇ ਸ੍ਰੀ ਬੀ. ਐੈੱਸ. ਗੁਰਮ, ਉੱਪ-ਸਕੱਤਰ/ਆਈ. ਆਰ., ਪੀ. ਐੈੱਸ. ਪੀ. ਸੀ. ਐੈੱਲ. ਪਟਿਆਲਾ ਅਤੇ ਥਰਮਲ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਪੰਜਾਬ ਵੱਲੋਂ ਸਰਵਸ੍ਰੀ ਜਗਰੂਪ ਸਿੰਘ, ਅਸ਼ਵਨੀ ਕੁਮਾਰ, ਵਿਜੇ ਕੁਮਾਰ, ਗੁਰਵਿੰਦਰ ਸਿੰਘ ਪਨੂੰ ਅਤੇ ਜਗਸੀਰ ਸਿੰਘ ਭੰਗੂ ਸ਼ਾਮਿਲ ਸਨ।
 


Related News