ਯੂਨੀਵਰਸਿਟੀ ਨੂੰ ਵਧੀਆ ਕਾਰਗੁਜ਼ਾਰੀ ਸਦਕਾ 2.95 ਕਰੋੜ ਦੀ ਗ੍ਰਾਂਟ ਮਨਜ਼ੂਰ

Thursday, Jan 04, 2018 - 10:23 AM (IST)

ਅੰਮ੍ਰਿਤਸਰ (ਸੰਜੀਵ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਭਾਗ ਦੀ ਵਧੀਆ ਕਾਰਗੁਜ਼ਾਰੀ ਸਦਕਾ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਵੱਲੋਂ ਐੱਫ. ਆਈ. ਐੱਸ. ਟੀ. ਸਕੀਮ ਅਧੀਨ 2 ਕਰੋੜ 95 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਮਨਜ਼ੂਰ ਕੀਤੀ ਗਈ ਹੈ। ਇਹ ਗ੍ਰਾਂਟ ਵਿਭਾਗ ਨੂੰ ਸਾਜ਼ੋ-ਸਾਮਾਨ, ਨੈੱਟਵਰਕਿੰਗ, ਬੁਨਿਆਦੀ ਢਾਂਚਾ ਅਤੇ ਮੁਰੰਮਤ ਜਿਹੇ ਕਾਰਜਾਂ ਨੂੰ ਵਧੇਰੇ ਮਜ਼ਬੂਤ ਕਰਨ ਲਈ 5 ਸਾਲਾਂ ਲਈ ਦਿੱਤੀ ਜਾਵੇਗੀ। ਇਸ ਗ੍ਰਾਂਟ ਨਾਲ ਖੋਜਾਰਥੀਆਂ, ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਖੋਜ ਤੇ ਅਧਿਆਪਨ ਸਬੰਧੀ ਕਾਰਜਾਂ ਨੂੰ ਹੋਰ ਵਧੇਰੇ ਨਿਪੁੰਨਤਾ ਨਾਲ ਕਰਨ ਲਈ ਲਾਹਾ ਮਿਲੇਗਾ। ਇਸ ਤੋਂ ਪਹਿਲਾਂ ਵਿਭਾਗ ਨੂੰ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀ ਕਰੀਅਰ ਐਡਵਾਂਸਮੈਂਟ ਸਕੀਮ (ਸੀ. ਏ. ਐੱਸ.) ਅਧੀਨ 3 ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਹੋ ਚੁੱਕੀ ਹੈ।  ਬੀਤੇ ਦਿਨਾਂ 'ਚ ਯੂਨੀਵਰਸਿਟੀ ਨੂੰ ਪਹਿਲਾਂ ਹੀ ਵੱਖ-ਵੱਖ ਫੰਡ ਮੁਹੱਈਆ ਕਰਨ ਵਾਲੇ ਅਦਾਰਿਆਂ ਵੱਲੋਂ ਵਧੀਆ ਕਾਰਗੁਜ਼ਾਰੀ ਸਦਕਾ ਫੰਡ ਮੁਹੱਈਆ ਕੀਤੇ ਗਏ ਹਨ।
ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਇੰਡੀਅਨ ਅਕੈਡਮੀ ਆਫ ਸਾਇੰਸਜ਼ ਫੈਲੋਸ਼ਿਪ ਪ੍ਰਦਾਨ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੇ ਪ੍ਰੋਫੈਸਰ ਡਾ. ਮਨੋਜ ਕੁਮਾਰ ਨੂੰ ਕੌਂਸਲ ਆਫ ਇੰਡੀਅਨ ਅਕੈਡਮੀ ਆਫ ਸਾਇੰਸਜ਼ ਦੀਆਂ ਸਿਫਾਰਸ਼ਾਂ 'ਤੇ ਅਕੈਡਮੀ ਦੀ ਫੈਲੋਸ਼ਿਪ ਪ੍ਰਦਾਨ ਹੋਈ ਹੈ। ਡਾ. ਮਨੋਜ ਯੂਨੀਵਰਸਿਟੀ ਦੇ 30 ਸਾਲਾਂ ਬਾਅਦ ਪਹਿਲੇ ਅਧਿਆਪਕ ਹਨ ਜਿਨ੍ਹਾਂ ਨੂੰ ਇਹ ਮਾਣ ਪ੍ਰਾਪਤ ਹੋਇਆ। ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਹੀ ਪ੍ਰੋ. ਐੱਸ. ਐੱਸ. ਸੰਧੂ ਤੇ ਪ੍ਰੋ. ਹਰਜੀਤ ਸਿੰਘ ਨੂੰ ਇਹ ਮਾਣ ਪ੍ਰਾਪਤ ਹੋਇਆ ਸੀ।
ਪ੍ਰੋ. ਮਨੋਜ ਵੱਲੋਂ ਹੁਣ ਤੱਕ 173 ਅੰਤਰਰਾਸ਼ਟਰੀ ਪੱਧਰ ਦੇ ਜਰਨਲਾਂ ਵਿਚ ਖੋਜ ਪਰਚੇ ਪ੍ਰਕਾਸ਼ਿਤ ਕਰਵਾਏ ਗਏ ਹਨ। ਉਨ੍ਹਾਂ ਵੱਲੋਂ ਪ੍ਰਕਾਸ਼ਿਤ ਖੋਜਾਂ 'ਚੋਂ 37 ਹਾਈ ਇੰਡੈਕਸ ਪ੍ਰਕਾਸ਼ਨਾਵਾਂ ਤੋਂ ਇਲਾਵਾ 4000 ਸਾਈਟੇਸ਼ਨਾਂ ਵੀ ਪ੍ਰਕਾਸ਼ਿਤ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਦੇਸ਼ ਤੇ ਵਿਦੇਸ਼ ਵਿਚ ਹੋਈਆਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ, ਸੈਮੀਨਾਰ ਅਤੇ ਹੋਰ ਪ੍ਰੋਗਰਾਮਾਂ ਵਿਚ ਆਪਣੇ ਖੋਜ ਪਰਚੇ ਪੇਸ਼ ਕੀਤੇ ਹਨ। ਉਨ੍ਹਾਂ ਵੱਲੋਂ ਰਸਾਇਣ ਖੇਤਰ 'ਚ ਕੀਤੇ ਖੋਜ ਕਾਰਜ ਸਿਹਤ ਸੇਵਾਵਾਂ ਵਿਚ ਨਵੀਆਂ ਕਾਢਾਂ ਲਈ ਬਹੁਤ ਲਾਹੇਵੰਦ ਹੋਏ ਹਨ। ਪ੍ਰੋ. ਮਨੋਜ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਯੂਨੀਵਰਸਿਟੀ ਅਥਾਰਟੀ ਅਤੇ ਆਪਣੀ ਖੋਜਾਰਥੀ ਟੀਮ ਨੂੰ ਦਿੰਦਿਆਂ ਧੰਨਵਾਦ ਕੀਤਾ।


Related News