ਗੁਰੂ ਨਾਨਕ ਦੇਵ ਹਸਪਤਾਲ ''ਚ ਸੰਸਦ ਮੈਂਬਰ ਔਜਲਾ ਵੱਲੋਂ ਅਚਨਚੇਤ ਛਾਪੇਮਾਰੀ

11/14/2017 2:13:26 PM

ਅੰਮ੍ਰਿਤਸਰ (ਬਿਊਰੋ) - ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਸੋਮਵਾਰ ਗੁਰੂ ਨਾਨਕ ਦੇਵ ਹਸਪਤਾਲ 'ਚ ਅਚਨਚੇਤ ਛਾਪੇਮਾਰੀ  ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਈ ਡਾਕਟਰ ਆਪਣੀਆਂ ਸੀਟਾਂ ਤੋਂ ਗਾਇਬ ਪਾਏ ਜਦੋਂ ਇਸ ਬਾਰੇ ਜੂਨੀਆ ਡਾਕਟਰਾਂ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਵਾਰਡਾਂ ਦੇ ਦੌਰੇ ਤੇ ਗਏ ਹਨ ਪਰ ਡਾਕਟਰਾਂ ਵਾਰਡਾਂ 'ਤੇ ਵੀ ਨਹੀਂ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਜਿਹੜੇ ਡਾਕਟਰ ਡਿਊਟੀ ਤੋਂ ਗੈਰ ਹਾਜ਼ਰ ਪਾਏ ਗਏ ਹਨ, ਉਨ੍ਹਾਂ ਨੂੰ ਇਸ ਸਬੰਧੀ ਸਥਿਤੀ ਸਪੱਸ਼ਟ ਕਰਨ ਲਈ ਆਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਹਸਪਤਾਲ 'ਚ ਦੂਜਾ ਦੌਰਾ ਸੀ ਤੇ ਅਜਿਹੇ ਅਚਨਚੇਤੀ ਦੌਰਿਆਂ ਦਾ ਸਿਲਸਿਲਾ ਨਿਰੰਤਰ ਕੀਤਾ ਜਾਵੇਗਾ, ਜਿਸ ਨਾਲ ਸੁਧਾਰ ਆਵੇਗਾ।ਉਨ੍ਹਾਂ ਦੱਸਿਆ ਕਿ ਹੁਣ ਵੀ ਸਾਫ਼-ਸਫ਼ਾਈ ਪਹਿਲਾਂ ਵਾਂਗ ਹੈ ਤੇ ਇਸ ਸਬੰਧੀ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਕੋਲੋਂ ਸਪੱਸ਼ਟੀਕਰਨ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁਝ ਵਾਰਡਾਂ ਵਿੱਚੋਂ ਸ਼ਿਕਾਇਤਾਂ ਵੀ ਮਿਲੀਆਂ ਹਨ ਕਿ ਮਰੀਜ਼ਾਂ ਦੀ ਪੁੱਛ ਪ੍ਰਤੀਤ ਲਈ ਡਾਕਟਰ ਤੇ ਨਰਸ ਕੋਈ ਵੀ ਨਹੀਂ ਹਨ। ਹਸਪਤਾਲ 'ਚ ਸਫ਼ਾਈ ਵੱਲੋਂ ਵੀ ਬਹੁਤ ਮਾੜਾ ਹਾਲ ਹੈ। ਉਨ੍ਹਾਂ ਦੱਸਿਆ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਦੀ ਥਾਂ ਬਰੈਂਡਿਡ ਦਵਾਈਆਂ ਲਿਖ ਕੇ ਦਿੱਤੀਆਂ ਜਾਂਦੀਆਂ ਹਨ, ਜੋ ਕਿ ਮਹਿੰਗੀਆਂ ਹਨ। ਉਨ੍ਹਾਂ ਇਸ ਸਬੰਧੀ ਸਬੰਧਤ ਵਿਭਾਗ ਨੂੰ ਪੱਤਰ ਭੇਜਣ ਦਾ ਫ਼ੈਸਲਾ ਕੀਤਾ ਹੈ। ਕੁਝ ਮਰੀਜ਼ਾਂ ਨੇ ਸ਼ਿਕਾਇਤ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਸਿਹਤ ਕਾਰਡ ਨੂੰ ਵੀ ਇੱਥੇ ਹਸਪਤਾਲ ਵਿਚ ਕੋਈ ਮਾਨਤਾ ਨਹੀਂ ਹੈ। ਦੂਜੇ ਪਾਸੇ ਸਟਾਫ ਨੇ ਆਖਿਆ ਕਿ ਇੰਟਰਨੈੱਟ ਸੇਵਾਵਾਂ ਦਾ ਮਾੜਾ ਹਾਲ ਹੋਣ ਕਾਰਨ ਸਿਹਤ ਕਾਰਡ ਬਾਰੇ ਮੁਸ਼ਕਲ ਪੇਸ਼ ਆਉਂਦੀ ਹੈ। ਉਨ੍ਹਾਂ ਇਸ ਸਬੰਧੀ ਬੀ. ਐੱਸ. ਐੱਨ. ਐੱਲ. ਵਿਭਾਗ ਦੇ ਅਧਿਕਾਰੀਆਂ ਨੂੰ ਲੋੜੀਂਦੀ ਹਦਾਇਤ ਕੀਤੀ ਹੈ।


Related News