ਗੁਰੂ ਨਗਰੀ ਅੰਮ੍ਰਿਤਸਰ ਬੰਦ, ਚੱਪੇ-ਚੱਪੇ ''ਤੇ ਪੁਲਸ ਤਾਇਨਾਤ

Saturday, Jun 06, 2026 - 06:24 PM (IST)

ਗੁਰੂ ਨਗਰੀ ਅੰਮ੍ਰਿਤਸਰ ਬੰਦ, ਚੱਪੇ-ਚੱਪੇ ''ਤੇ ਪੁਲਸ ਤਾਇਨਾਤ

ਅੰਮ੍ਰਿਤਸਰ : ਘੱਲੂਘਾਰਾ ਦਿਵਸ ਮੌਕੇ ਦਲ ਖਾਲਸਾ ਵੱਲੋਂ ਦਿੱਤੀ ਗਈ ਅੰਮ੍ਰਿਤਸਰ ਬੰਦ ਦੀ ਕਾਲ ਦਾ ਸ਼ਹਿਰ ਵਿਚ ਵਿਆਪਕ ਅਸਰ ਵੇਖਣ ਨੂੰ ਮਿਲਿਆ। ਦਲ ਖਾਲਸਾ ਦੇ ਆਗੂਆਂ ਨੇ ਹਾਲ ਗੇਟ ਬਾਜ਼ਾਰ ਵਿਚ ਮਾਰਚ ਕਰਦੇ ਹੋਏ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ। ਹਾਲਾਂਕਿ ਇਸ ਦੌਰਾਨ ਬਾਜ਼ਾਰ ਦੀਆਂ ਜ਼ਿਆਦਤਰ ਦੁਕਾਨਾਂ ਪਹਿਲਾਂ ਹੀ ਬੰਦ ਨਜ਼ਰ ਆਈਆਂ। ਮੀਡੀਆ ਨਾਲ ਗੱਲਬਾਤ ਕਰਦਿਆਂ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਨੇ ਕਿਹਾ ਕਿ 1984 ਦੇ ਘੱਲੂਘਾਰੇ ਦੇ ਜ਼ਖ਼ਮ ਅੱਜ ਵੀ ਸਿੱਖ ਕੌਮ ਦੇ ਦਿਲਾਂ ਵਿਚ ਤਾਜ਼ਾ ਹਨ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੇ ਅਜੇ ਤੱਕ ਉਸ ਘਟਨਾ ਲਈ ਦੋਸ਼ੀਆਂ ਨੂੰ ਮਾਫ਼ ਨਹੀਂ ਕੀਤਾ ਅਤੇ ਹਰ ਸਾਲ ਦੁਨੀਆ ਭਰ ਵਿਚ ਇਸ ਘਟਨਾ ਨੂੰ ਯਾਦ ਕਰਕੇ ਆਪਣੀ ਪੀੜਾ ਪ੍ਰਗਟ ਕੀਤੀ ਜਾਂਦੀ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਨਹੀਂ ਹੋਣਗੀਆਂ ਇਨ੍ਹਾਂ ਪਲਾਟਾਂ ਦੀਆਂ ਰਜਿਸਟਰੀਆਂ, ਜਾਰੀ ਹੋਏ ਸਖ਼ਤ ਹੁਕਮ

PunjabKesari

ਉਨ੍ਹਾਂ ਕਿਹਾ ਕਿ ਦਲ ਖਾਲਸਾ ਹਰ ਸਾਲ 5 ਜੂਨ ਨੂੰ ਮਾਰਚ ਕਰਦਾ ਹੈ ਅਤੇ 6 ਜੂਨ ਨੂੰ ਬੰਦ ਦੀ ਕਾਲ ਦਿੰਦਾ ਹੈ ਤਾਂ ਜੋ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ। ਪਰਮਜੀਤ ਸਿੰਘ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਵਪਾਰੀਆਂ ਅਤੇ ਸ਼ਹਿਰ ਵਾਸੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਇਸ ਪੀੜਾ ਵਿਚ ਸਾਂਝੀਵਾਲ ਬਣਨ ਦੀ ਅਪੀਲ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਲੋਕਾਂ ਅਤੇ ਕਾਰੋਬਾਰੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੂਰਾ ਸਹਿਯੋਗ ਦਿੱਤਾ ਗਿਆ ਹੈ, ਜਿਸ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਮੈਡੀਕਲ ਸਟੋਰਾਂ, ਹਸਪਤਾਲਾਂ ਅਤੇ ਐਮਰਜੈਂਸੀ ਸੇਵਾਵਾਂ ਨੂੰ ਬੰਦ ਤੋਂ ਬਾਹਰ ਰੱਖਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਸੰਦੇਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਥੇਦਾਰ ਵੱਲੋਂ ਆਪਣੇ ਸੰਬੋਧਨ ਵਿੱਚ ਸ਼ਹੀਦਾਂ ਨੂੰ ਯਾਦ ਕਰਨ ਦੇ ਨਾਲ-ਨਾਲ ਪੰਥ ਸਾਹਮਣੇ ਖੜ੍ਹੀਆਂ ਚੁਣੌਤੀਆਂ ਨੂੰ ਵੀ ਉਜਾਗਰ ਕੀਤਾ ਗਿਆ ਅਤੇ ਸਿੱਖ ਕੌਮ ਨੂੰ ਇਕਜੁੱਟ ਹੋ ਕੇ ਉਨ੍ਹਾਂ ਦਾ ਸਾਹਮਣਾ ਕਰਨ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਸ਼ਾਂਤੀਪੂਰਨ ਮਾਹੌਲ ਬਣਿਆ ਰਿਹਾ ਅਤੇ ਕਿਸੇ ਵੀ ਤਰ੍ਹਾਂ ਦਾ ਸ਼ੋਰ-ਸ਼ਰਾਬਾ ਜਾਂ ਨਾਅਰੇਬਾਜ਼ੀ ਨਹੀਂ ਹੋਈ।

ਇਹ ਵੀ ਪੜ੍ਹੋ : 2027 ਦੀਆਂ ਚੋਣਾਂ ਲਈ ਵੱਡੀ ਤਿਆਰੀ 'ਚ ਭਾਜਪਾ, ਬਣਾਈ ਨਵੀਂ ਰਣਨੀਤੀ

ਦੂਜੇ ਪਾਸੇ ਪੁਲਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਮਾਹੌਲ ਨੂੰ ਖਰਾਬ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਲਗਾਤਾਰ ਨਿਗਰਾਨੀ ਰੱਖੀ ਗਈ ਅਤੇ ਕਾਨੂੰਨ-ਵਿਵਸਥਾ ਨੂੰ ਪੂਰੀ ਤਰ੍ਹਾਂ ਬਣਾਈ ਰੱਖਿਆ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦਲ ਖਾਲਸਾ ਵੱਲੋਂ ਦਿੱਤੀ ਗਈ ਬੰਦ ਦੀ ਕਾਲ ਨੂੰ ਧਿਆਨ ਵਿਚ ਰੱਖਦਿਆਂ ਸੁਰੱਖਿਆ ਪ੍ਰਬੰਧ ਪਹਿਲਾਂ ਹੀ ਮਜ਼ਬੂਤ ਕੀਤੇ ਗਏ ਸਨ। 

ਇਹ ਵੀ ਪੜ੍ਹੋ : ਪੰਜਾਬ 'ਚ ਗੱਡੀ ਕ੍ਰਾਸ ਕਰਨ ਨੂੰ ਲੈ ਕੇ ਖੂਨੀ ਭੇੜ, ਸ਼ਰੇਆਮ ਨਿਹੰਗ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News