''ਗੁਰੂ ਕਾ ਲਾਹੌਰ'', ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਜੀਤੋ ਜੀ ਦਾ ਹੋਇਆ ਸੀ ਅਨੰਦ ਕਾਰਜ

01/30/2020 6:25:24 PM

ਸ੍ਰੀ ਅਨੰਦਪੁਰ ਸਾਹਿਬ (ਜ.ਬ)— ਸਿੱਖ ਫਲਸਫੇ ਤਹਿਤ ਧਰਮ ਅੰਦਰ ਗ੍ਰਹਿਸਤ ਨੂੰ ਪ੍ਰਧਾਨ ਦਾ ਰੁਤਬਾ ਪ੍ਰਦਾਨ ਕੀਤਾ ਗਿਆ ਹੈ। ਸ਼ਹੀਦ ਪਿਤਾ ਦੇ ਸਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸ਼ਹੀਦ ਸਾਹਿਬਜ਼ਾਦਿਆਂ ਦੇ ਮਾਤਾ, ਮਾਤਾ ਜੀਤ ਕੌਰ ਜੀ ਦੇ ਗ੍ਰਹਿਸਤ ਦਾ ਜਿਸ ਰਮਣੀਕ ਸਰਜ਼ਮੀਂ 'ਤੇ ਆਗਾਜ਼ ਹੋਇਆ, ਉਸ ਨੂੰ ਅੱਜ ਅਸੀਂ ਗੁਰੂ ਕਾ ਲਾਹੌਰ ਦੇ ਨਾਮ ਨਾਲ ਜਾਣਦੇ ਹਾਂ। ਇਸ ਧਰਤੀ ਨੂੰ ਜਿੱਥੇ ਖਾਲਸੇ ਦੇ ਨਾਨਕਿਆਂ ਦੀ ਧਰਤੀ ਹੋਣ ਦਾ ਗੌਰਵ ਹਾਸਲ ਹੈ, ਉੱਥੇ ਹੀ ਅਥਾਹ ਕੁਦਰਤੀ ਸੁਹੱਪਣ ਦੇ ਆਗੋਸ਼ 'ਚ ਘਿਰੀ ਇਹ ਮੁਕੱਦਸ ਧਰਤੀ ਗੁਰੂ ਜੀ ਨਾਲ ਸਬੰਧਤ ਕਈ ਅਲੌਕਿਕ ਘਟਨਾਵਾਂ ਦੀਆਂ ਯਾਦਗਾਰਾਂ ਆਪਣੇ ਸੀਨੇ 'ਚ ਸੰਭਾਲੀ ਬੈਠੀ ਹੈ। ਇਤਿਹਾਸਕ ਹਵਾਲਿਆਂ ਅਨੁਸਾਰ ਲਾਹੌਰ ਨਿਵਾਸੀ ਹਰਿਜਸ ਸੁਭੱਖੀ ਨੇ 1684 ਈ. 'ਚ ਜਦੋਂ ਆਪਣੀ ਬੇਟੀ ਜੀਤੋ ਜੀ ਦੀ ਮੰਗਣੀ ਸ੍ਰੀ ਦਸਮੇਸ਼ ਪਿਤਾ ਜੀ ਨਾਲ ਕੀਤੇ ਜਾਣ ਦਾ ਪ੍ਰਥਮ ਸੰਕਲਪ ਅਖਤਿਆਰ ਕੀਤਾ ਤਾਂ ਉਹ ਇਨ੍ਹਾਂ ਪਹਾੜੀਆਂ 'ਤੇ ਸ਼ਿਕਾਰ ਖੇਡਦੇ ਹੋਏ ਗੁਰੂ ਸਾਹਿਬ ਨੂੰ ਮਿਲੇ ਸਨ। ਗੁਰੂ ਜੀ ਵੱਲੋਂ ਇਸ ਰਿਸ਼ਤੇ ਨੂੰ ਪ੍ਰਵਾਨਗੀ ਦਿੱਤੇ ਜਾਣ 'ਤੇ ਭਾਈ ਹਰਿਜਸ ਜੀ ਨੇ ਆਪਣੀ ਸਪੁੱਤਰੀ ਦਾ ਅਨੰਦ ਕਾਰਜ ਲਾਹੌਰ 'ਚ ਕੀਤੇ ਜਾਣ ਦੀ ਜਦੋਂ ਇੱਛਾ ਪ੍ਰਗਟਾਈ ਤਾਂ ਗੁਰੂ ਜੀ ਨੇ ਆਪਣੇ ਮੁਖਾਰਬਿੰਦ 'ਚੋਂ ਬਚਨ ਉਚਾਰਦਿਆਂ ਕਿਹਾ ਸੀ ਕਿ ਅਸੀਂ ਇਥੇ ਹੀ ਨਵਾਂ ਲਾਹੌਰ ਵਸਾ ਦਿਆਂਗੇ ਅਤੇ ਉਪਰੋਕਤ ਪਰਬਤਾਂ 'ਤੇ ਗੁਰੂ ਜੀ ਨੇ ਨਵਾਂ ਲਾਹੌਰ ਵਸਾਉਣ ਦਾ ਰਸਮੀ ਆਗਾਜ਼ ਕੀਤਾ ਸੀ। 

PunjabKesari

ਇਸੇ ਦੌਰਾਨ ਹੀ ਇਥੋਂ ਦੇ ਕੁਝ ਬਾਸ਼ਿੰਦਿਆਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਸੀ ਕਿ 'ਪਾਤਸ਼ਾਹ ਜੀਓ। ਇਸ ਥਾਂ 'ਤੇ ਪੀਣ ਵਾਲੇ ਪਾਣੀ ਦੀ ਬੇਹੱਦ ਸਮੱਸਿਆ ਹੈ। ' ਲੋਕਾਂ ਦੀ ਨੇ ਇਸ ਮੰਗ ਨੂੰ ਇਲਾਹੀ ਰੰਗਤ ਦਿੰਦਿਆਂ ਗੁਰੂ ਜੀ ਨੇ ਕਿਰਪਾ ਬਰਛਾ ਧਰਤੀ 'ਤੇ ਮਾਰ ਕੇ ਉੱਥੇ ਪਾਣੀ ਦੀ ਤ੍ਰਿਵੈਣੀ ਪ੍ਰਗਟ ਕੀਤੀ ਸੀ ਜੋ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਅਤੇ ਉੱਥੇ ਗੁ. ਤ੍ਰਿਵੈਣੀ ਸਾਹਿਬ ਸੁਸ਼ੋਭਿਤ ਹੈ। ਜੋ ਕਿਰਪਾ ਬਰਛਾ ਗੁਰੂ ਜੀ ਨੇ ਉਦੋਂ ਤ੍ਰਿਵੈਣੀ ਪ੍ਰਗਟ ਕਰਨ ਲਈ ਜ਼ਮੀਨ 'ਚ ਮਾਰਿਆ ਸੀ ਉਹ ਵੀ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਸ਼ੋਭਿਤ ਹੈ। ਇਥੇ ਹੀ ਗੁਰੂ ਜੀ ਦੇ ਨੀਲੇ ਘੋੜੇ ਨੇ ਪੌੜ ਮਾਰਿਆ ਸੀ ਅਤੇ ਪਾਣੀ ਕੱਢਿਆ ਸੀ, ਉਹ ਥਾਂ ਵੀ ਅੱਜ ਗੁ. ਪੌੜ ਸਾਹਿਬ ਦੇ ਰੂਪ 'ਚ ਮੌਜੂਦ ਹੈ ਅਤੇ ਅੱਜ ਵੀ ਉੱਥੋਂ ਪਾਣੀ ਵਹਿੰਦਾ ਹੈ।
ਇਤਿਹਾਸਕ ਪੱਖ ਅਨੁਸਾਰ ਗੁਰੂ ਜੀ ਦੀ ਬਰਾਤ ਗੁ. ਭੋਰਾ ਸਾਹਿਬ ਜੋ ਕਿ ਉਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਘਰ ਅਤੇ ਇਬਾਦਤਗਾਹ ਸੀ, ਤੋਂ ਰਵਾਨਾ ਹੋ ਕੇ ਗੁਰੂ ਕਾ ਲਾਹੌਰ ਪੁੱਜੀ ਸੀ ਅਤੇ ਗੁਰੂ ਮਰਿਆਦਾ ਅਨੁਸਾਰ ਗੁਰੂ ਜੀ ਦੇ ਅਨੰਦ ਕਾਰਜ ਮਾਤਾ ਜੀਤੋ ਜੀ ਨਾਲ ਕੀਤੇ ਗਏ ਸਨ। ਸਿਮਰਨ ਅਤੇ ਤਿਆਗ ਦੀ ਮੂਰਤ ਮਾਤਾ ਜੀਤੋ ਜੀ ਭਾਵੇਂ ਕਿ ਜ਼ਿੰਦਗੀ ਦੇ ਅੰਤਲੇ ਦਹਾਕਿਆਂ 'ਚ ਗੁਰੂ ਜੀ ਦਾ ਸਾਥ ਨਾ ਨਿਭਾਉਂਦਿਆਂ ਜ਼ਿੰਦਗੀ ਦਾ ਸੰਖੇਪ ਅਰਸਾ ਬਸਰ ਕਰ ਕੇ ਸਦੀਵੀ ਵਿਛੋੜਾ ਦੇ ਗਏ ਸਨ ਪਰ ਲੋਕਾਈ ਦੀ ਵਿਲੱਖਣ ਤਵਾਰੀਖ ਸਿਰਜਣ ਵਾਲੇ ਗੁਰੂ ਕੇ ਲਾਲਾਂ ਦੀ ਜਨਮਦਾਤੀ ਹੋਣ ਦਾ ਸੁਭਾਗ ਮਹਿਜ਼ ਮਾਤਾ ਜੀਤੋ ਜੀ ਦੇ ਹਿੱਸੇ ਹੀ ਆਇਆ ਹੈ। 

PunjabKesari

ਗੁਰੂ ਜੀ ਦਾ ਵਿਆਹ ਪੁਰਬ ਮਨਾਉਣ ਦਾ ਪ੍ਰੰਪਰਾਗਤ ਆਗਾਜ਼ ਸੱਚਖੰਡ ਵਾਸੀ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਾਲਿਆਂ ਵੱਲੋਂ ਕਰੀਬ ਅੱਧੀ ਸਦੀ ਅਰਸਾ ਪਹਿਲਾਂ ਕੀਤਾ ਸੀ ਅਤੇ ਉਸ ਪ੍ਰੰਪਰਾ ਨੂੰ ਅਗਾਂਹ ਤੋਰਦਿਆਂ ਉਨ੍ਹਾਂ ਦੇ ਵਰੋਸਾਏ ਬਾਬਾ ਲਾਭ ਸਿੰਘ ਜੀ, ਬਾਬਾ ਹਰਭਜਨ ਸਿੰਘ ਜੀ ਪਹਿਲਵਾਨ ਨੇ ਇਸ ਸਿਧਾਂਤਕ ਪ੍ਰੰਪਰਾ ਨੂੰ ਅਗਾਂਹ ਤੋਰਨ 'ਚ ਸ਼ਲਾਘਾਯੋਗ ਭੂਮਿਕਾ ਨਿਭਾਈ ਅਤੇ ਉਨ੍ਹਾਂ ਦੇ ਸੱਚਖੰਡ ਪਿਆਨਾ ਕਰ ਜਾਣ ਤੋਂ ਬਾਅਦ ਅੱਜ ਬਾਬਾ ਸੁੱਚਾ ਸਿੰਘ ਜੀ ਇਸ ਪ੍ਰੰਪਰਾ 'ਤੇ ਪਹਿਰਾ ਦੇ ਰਹੇ ਹਨ। ਪੰਜਾਬ ਦੇ ਮੌਜੂਦਾ ਵਿਆਹਾਂ ਦੀ ਤਰਜ਼ 'ਤੇ ਅੱਜ ਵੀ ਗੁਰੂ ਜੀ ਦੀ ਬਰਾਤ ਨਗਰ ਕੀਰਤਨ ਦੇ ਰੂਪ 'ਚ ਗੁ. ਭੋਰਾ ਸਾਹਿਬ ਤੋਂ ਚੜ੍ਹਦੀ ਹੈ ਅਤੇ ਸੰਗਤਾਂ ਬਰਾਤੀਆਂ ਦੇ ਰੂਪ 'ਚ ਭੰਗੜਾ ਪਾਉਂਦੀਆਂ ਗੁਰੂ ਕਾ ਲਾਹੌਰ ਪੁੱਜਦੀਆਂ ਹਨ। ਕਾਰ ਸੇਵਾ ਵਲੋਂ ਵੱਖ-ਵੱਖ ਪ੍ਰਕਾਰ ਦੀਆਂ ਮਠਿਆਈਆਂ ਅਤੇ ਹੋਰ ਪਦਾਰਥਾਂ ਦੇ ਲੰਗਰ ਸੰਗਤਾਂ ਲਈ ਲਾਏ ਜਾਂਦੇ ਹਨ। ਖੇਤਰ ਭਰ 'ਚ ਬਸੰਤ ਪੰਚਮੀ 'ਤੇ ਭਰਨ ਵਾਲੇ ਇਸ ਵਿਆਹ ਪੁਰਬ ਜੋੜ ਮੇਲੇ ਨੂੰ ਲੋਕ 'ਬਾਪੂ ਦਾ ਵਿਆਹ' ਆਖ ਕੇ ਪੁਕਾਰਦੇ ਹਨ।


shivani attri

Content Editor

Related News