ਪਿੰਡ ਕਲਸੀਆਂ ਕਲਾਂ ’ਚ ਇਕ ਸਾਲ ਤੋਂ ਕਮਰੇ ’ਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਹੋ ਰਹੀ ਸੀ ਬੇਅਦਬੀ

Tuesday, Jul 20, 2021 - 04:47 PM (IST)

ਪਿੰਡ ਕਲਸੀਆਂ ਕਲਾਂ ’ਚ ਇਕ ਸਾਲ ਤੋਂ ਕਮਰੇ ’ਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਹੋ ਰਹੀ ਸੀ ਬੇਅਦਬੀ

ਭਿੱਖੀਵਿੰਡ ਖਾਲੜਾ (ਭਾਟੀਆ) : ਕਸਬਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਕਲਸੀਆਂ ਕਲਾਂ ਵਿਖੇ ਪਿੰਡ ਦੇ ਇਕ ਵਿਅਕਤੀ ਵੱਲੋਂ ਬਾਬਾ ਕਾਲਾ ਮਾਹਿਰ ਦੇ ਨਾਮ ’ਤੇ ਬਣਾ ਕੇ ਰੱਖੇ ਇਕ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਪਿਛਲੇ ਇਕ ਸਾਲ ਤੋਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਉਸ ਵੇਲੇ ਗਰਮਾ ਗਿਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਗੱਗੋਬੂਹਾ ਦੇ ਮੁੱਖ ਸੇਵਾਦਾਰ ਭਾਈ ਤਰਲੋਚਨ ਸਿੰਘ ਸੋਹਲ, ਭਾਈ ਰਣਜੀਤ ਸਿੰਘ ਖਾਲਸਾ ਉੱਦੋਕੇ, ਭਾਈ ਇੰਦਰਜੀਤ ਸਿੰਘ ਬਾਗੀ ਵਾਲੇ, ਭਾਈ ਕੁਲਦੀਪ ਸਿੰਘ ਮੋਦੇ , ਭਾਈ ਗੁਰਸਾਹਿਬ ਸਿੰਘ ਅਟਾਰੀ, ਭਾਈ ਗੁਰਭੇਜ ਸਿੰਘ ਮੁਹਾਵਾ ਜਾਣਕਾਰੀ ਮਿਲਣ ’ਤੇ ਪਿੰਡ ਕਲਸੀਆਂ ਕਲਾਂ ਵਿਖੇ ਪੁੱਜੇ ਤਾਂ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਲਈ ਉਥੇ ਕੋਈ ਗ੍ਰੰਥੀ ਸਿੰਘ ਮੌਜੂਦ ਸੀ। ਇਸ ਦੌਰਾਨ ਜਦੋਂ ਸਤਿਕਾਰ ਕਮੇਟੀ ਦੇ ਆਗੂਆਂ ਨੇ ਸਰੂਪ ਦੇ ਦਰਸ਼ਨ ਕੀਤੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ’ਤੇ ਮਿੱਟੀ ਘੱਟਾ ਪਿਆ ਹੋਇਆ ਸੀ ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਖਟਕੜ ਕਲਾਂ ਪਹੁੰਚਣ ਤੋਂ ਪਹਿਲਾਂ ਆਪਸ ’ਚ ‘ਫਸੇ’ ਕਾਂਗਰਸੀ

ਘਟਨਾ ਸਥਾਨ ’ਤੇ ਪੁੱਜੇ ਥਾਣਾ ਭਿੱਖੀਵਿੰਡ ਦੇ ਇੰਸਪੈਕਟਰ ਬਲਵਿੰਦਰ ਸਿੰਘ ਦੇ ਸਾਹਮਣੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਦਰਸ਼ਨ ਕੀਤੇ ਤਾਂ ਸਰੂਪ ਦੇ ਅੰਗ ਫਟੇ ਹੋਏ ਸਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਟੇਪਾ ਲਗਾ ਕੇ ਜੋੜੇ ਹੋਏ ਸਨ। ਇਸ ਮੌਕੇ ਸੇਵਾ ਕਰਨ ਵਾਲੇ ਨੇੜਲੇ ਘਰ ਦੇ ਤਰਸੇਮ ਸਿੰਘ ਪੁੱਤਰ ਸੁਰਜੀਤ ਸਿੰਘ ਨੂੰ ਸਤਿਕਾਰ ਕਮੇਟੀ ਦੇ ਆਗੂਆਂ ਨੇ ਪੁੱਛਿਆ ਕਿ ਇਹ ਸਰੂਪ ਉਸਨੇ ਕਿੱਥੋ ਲਿਆਂਦਾ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਸਰੂਪ ਸ਼ੇਰ ਸਿੰਘ ਵਾਸੀ ਘਰਿਆਲਾ ਤੋਂ ਲਿਆ ਹੈ। ਇਸ ਮੌਕੇ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਮੌਕੇ ’ਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਗਿਆਨੀ ਗੁਰਬਚਨ ਸਿੰਘ ਕਲਸੀਆਂ ਨੂੰ ਬੁਲਾਇਆ ਅਤੇ ਉਨ੍ਹਾਂ ਪਾਸੋਂ ਵੀ ਇਸ ਸਰੂਪ ਬਾਰੇ ਪੁੱਛ ਪੜਤਾਲ ਕਰਦਿਆਂ ਕਿਹਾ ਕਿ ਬਿਰਧ ਸਰੂਪ ਤੇ ਧਰਮ ਪ੍ਰਚਾਰਕ ਨੰਬਰ ਤਾਂ ਲਾ ਗਏ ਕਿ ਇਥੇ ਸਰੂਪ ਮੌਜੂਦ ਹੈ ਪਰ ਇਹ ਕਿਉਂ ਨਹੀਂ ਦੇਖਿਆ ਗਿਆ ਕਿ ਇਹ ਸਰੂਪ ਬਿਰਧ ਹੈ। ਇਸ ਸਰੂਪ ’ਤੇ ਪਾਠ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ : ਹੁਣ ਮੰਤਰੀ ਮੰਡਲ ਦੇ ਫੇਰਬਦਲ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਕੈਪਟਨ ਵੀ ਆਏ ਹਰਕਤ ’ਚ

ਗਿਆਨੀ ਗੁਰਬਚਨ ਸਿੰਘ ਨੇ ਸਤਿਕਾਰ ਕਮੇਟੀ ਦੇ ਆਗੂਆਂ ਨੂੰ ਕਿਹਾ ਕਿ ਮੈਂ ਇਨ੍ਹਾਂ ਨੂੰ ਇਨਕਾਰ ਕੀਤਾ ਸੀ ਇਨ੍ਹਾਂ ਨੂੰ ਇਹ ਕਿਹਾ ਸੀ ਕਿ ਪਹਿਲਾਂ ਪੂਰੀ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਉਣ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਿਖਤੀ ਮੰਗ ਪੱਤਰ ਦਿਉ ਫਿਰ ਤੁਹਾਨੂੰ ਸਰੂਪ ਦਿੱਤਾ ਜਾਵੇਗਾ । ਇਹ ਨਹੀਂ ਮੰਨੇ ਤੇ ਬਿਨਾਂ ਕਿਸੇ ਮਨਜ਼ੂਰੀ ਤੋਂ ਸਰੂਪ ਲੈ ਆਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਿਕਾਰ ਕਮੇਟੀ ਦੇ ਸੇਵਾਦਾਰ ਤਰਲੋਚਨ ਸਿੰਘ ਤੇ ਭਾਈ ਰਣਜੀਤ ਸਿੰਘ ਉੱਦੋਕੇ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪਿਛਲੇ ਦਿਨੀਂ ਪ੍ਰੈੱਸ ਵਿਚ ਬਿਆਨ ਜਾਰੀ ਕਰਦੇ ਹੋਏ ਕਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸਾਰੀ ਜਾਣਕਾਰੀ ਸਾਡੇ ਧਰਮ ਪ੍ਰਚਾਰਕਾ ਕੋਲ ਹੈ ਪਰ ਪਿੰਡ ਕਲਸੀਆਂ ਕਲਾਂ ਵਿਖੇ ਇਕ ਸਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋ ਰਹੀ ਹੈ । ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ  ਦੇ ਧਰਮ ਪ੍ਰਚਾਰਕ ਗਿਆਨੀ ਗੁਰਬਚਨ ਸਿੰਘ ਦਾ ਪਿੰਡ ਹੋਣ ਦੇ ਬਾਵਜੂਦ ਵੀ ਇਸ ਵੱਲ ਕਿਉਂ ਧਿਆਨ ਨਹੀਂ ਦਿੱਤਾ ਗਿਆ ।

ਇਹ ਵੀ ਪੜ੍ਹੋ : ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਵੱਡੇ ਦੋਸ਼

ਇਸ ਮੌਕੇ ਤਰਸੇਮ ਸਿੰਘ ਨੂੰ ਬਿਰਧ ਸਰੂਪ ਦੇਣ ਵਾਲੇ ਸ਼ੇਰ ਸਿੰਘ ਘਰਿਆਲਾ ਨੂੰ ਬੁਲਾ ਕੇ ਇਸ ਸਰੂਪ ਬਾਰੇ ਪੁੱਛਿਆ ਤਾਂ ਉਸ ਨੇ ਆਉਂਦਿਆਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂਆਂ ਪਾਸੋਂ ਮੁਆਫੀ ਮੰਗ ਕੇ ਖਹਿੜਾ ਛੁਡਾਇਆ ਲਿਆ। ਇਸ ਉਪਰੰਤ ਸਤਿਕਾਰ ਕਮੇਟੀ ਦੇ ਆਗੂਆਂ ਨੇ ਸ਼ੇਰ ਸਿੰਘ ਅਤੇ ਤਰਸੇਮ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਲਈ ਕਿਹਾ। ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪ ਨੂੰ ਨੇੜਲੇ ਗੁਰੂ ਘਰ ਵਿਚ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ : ਪੰਜਾਬ ’ਚ ਚੱਲ ਰਹੇ ਕਾਟੋ-ਕਲੇਸ਼ ਦਰਮਿਆਨ ਕਾਂਗਰਸ ਨੂੰ ਕਪੂਰਥਲਾ ਵਿਚ ਲੱਗਾ ਵੱਡਾ ਝਟਕਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News