ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਸੀਲ ਕਰ ਕੇ ਕਬਜ਼ੇ ''ਚ ਲਵੇਗਾ ਪੀ. ਐੱਨ. ਬੀ.

07/03/2018 6:24:03 AM

ਜਲੰਧਰ, (ਜ. ਬ.)- 110 ਕਰੋੜ ਦਾ ਲੋਨ ਮੋੜਨ ਤੋਂ ਅਸਮਰੱਥ ਇੰਪਰੂਵਮੈਂਟ ਟਰੱਸਟ ਦੀ ਗਹਿਣੇ ਰੱਖੀ ਪ੍ਰਾਪਰਟੀ ਨੂੰ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ.ਬੀ.) ਕਬਜ਼ੇ ਵਿਚ ਲੈ ਕੇ ਸੀਲ ਲਾਉਣ ਜਾ ਰਿਹਾ ਹੈ। ਇਸ ਸਿਲਸਿਲੇ ਵਿਚ ਬੈਂਕ ਨੇ ਇੰਪਰੂਵਮੈਂਟ ਟਰੱਸਟ ਨੂੰ ਨੋਟਿਸ ਭੇਜ ਕੇ ਸੂਚਨਾ ਦਿੱਤੀ ਹੈ ਕਿ ਜੇਕਰ 12 ਜੁਲਾਈ ਤਕ ਟਰੱਸਟ ਨੇ ਰਕਮ ਅਦਾ ਕਰਨ ਦੀ ਕਾਰਵਾਈ ਨਾ ਸ਼ੁਰੂ ਕੀਤੀ ਤਾਂ ਬੈਂਕ 13 ਜੁਲਾਈ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਸਣੇ ਟਰੱਸਟ ਦੀ ਬੈਂਕ ਕੋਲ ਗਹਿਣੇ ਰੱਖੀ ਪ੍ਰਾਪਰਟੀ ਨੂੰ ਸੀਲ ਲਾ ਕੇ ਕਬਜ਼ੇ ਵਿਚ ਲੈ ਲਵੇਗਾ। ਟਰੱਸਟ ਨੇ ਇਸ ਨੋਟਿਸ ਦੀ ਕਾਪੀ ਮੁੱਖ ਮੰਤਰੀ, ਲੋਕਲ ਬਾਡੀਜ਼ ਮੰਤਰੀ, ਲੋਕਲ ਬਾਡੀਜ਼ ਵਿਭਾਗ ਦੇ ਡਾਇਰੈਕਟਰ, ਵਿਭਾਗ ਦੇ ਸਕੱਤਰ ਨੂੰ ਭੇਜੀ ਹੈ ਤਾਂ ਜੋ ਬੈਂਕ ਦਾ ਲੋਨ ਮੋੜਨ ਦੀ ਕਾਰਵਾਈ ਸ਼ੁਰੂ ਹੋ ਸਕੇ।
ਇੰਪਰੂਵਮੈਂਟ ਟਰੱਸਟ ਨੇ 2011 ਵਿਚ 94.97 ਏਕੜ ਸੂਰਯਾ ਐਨਕਲੇਵ ਐਕਸਟੈਂਸ਼ਨ ਸਕੀਮ ਲਈ ਪੰਜਾਬ ਨੈਸ਼ਨਲ ਬੈਂਕ ਦੀ ਜੀ. ਟੀ. ਰੋਡ ਬ੍ਰਾਂਚ ਕੋਲੋਂ 175 ਕਰੋੜ ਦਾ ਲੋਨ ਲਿਆ ਸੀ। ਟਰੱਸਟ ਨੇ ਸ਼ੁਰੂ ਵਿਚ ਕੁਝ ਕਿਸ਼ਤਾਂ ਦਿੱਤੀਆਂ ਪਰ ਉਸ ਤੋਂ ਬਾਅਦ ਟਰੱਸਟ ਕਿਸ਼ਤਾਂ ਨਹੀਂ ਦੇ ਸਕਿਆ ਜਿਸ ਤੋਂ ਬਾਅਦ ਬੈਂਕ ਨੇ ਟਰੱਸਟ ਦੇ ਲੋਨ ਨੂੰ ਓਪਨ ਕਰ ਦਿੱਤਾ ਜਿਸ ਦੇ ਤਹਿਤ ਟਰੱਸਟ ਕਿਸ਼ਤ ਦੀ ਥਾਂ 'ਤੇ ਜਿੰਨੀ ਰਕਮ ਚਾਹਵੇ ਮੋੜ ਸਕਦਾ ਸੀ। ਕੁਝ ਸਮੇਂ ਤਕ ਟਰੱਸਟ ਥੋੜ੍ਹੀ-ਬਹੁਤੀ ਰਕਮ ਮੋੜਦਾ ਰਿਹਾ ਤੇ ਬਾਅਦ ਵਿਚ ਕਈ-ਕਈ ਮਹੀਨੇ ਕੋਈ ਕਿਸ਼ਤ ਵੀ ਨਹੀਂ ਦਿੱਤੀ ਗਈ। ਬੈਂਕ ਨੇ ਸਮੇਂ-ਸਮੇਂ 'ਤੇ ਟਰੱਸਟ ਦੇ ਚੇਅਰਮੈਨ, ਈ. ਓ., ਵਿਭਾਗੀ ਡਾਇਰੈਕਟਰ ਸਣੇ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕੀਤਾ ਪਰ ਟਰੱਸਟ ਨੇ ਇਸ ਦੇ ਬਾਵਜੂਦ ਲੋਨ ਨਹੀਂ ਮੋੜਿਆ।
ਪੁਲਸ ਕਮਿਸ਼ਨਰ ਕੋਲੋਂ ਸੁਰੱਖਿਆ ਮੰਗੀ
ਬੈਂਕ ਨੇ ਸਟੇਡੀਅਮ ਨੂੰ ਸੀਲ ਕਰਨ ਅਤੇ ਹੋਰ ਪ੍ਰਾਪਰਟੀ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਪੁਲਸ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਸੁਰੱਖਿਆ ਮੰਗੀ ਹੈ। ਇਸ ਸਬੰਧ ਵਿਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਲਈ ਥਾਣਾ 6 ਦੀ ਪੁਲਸ ਨੂੰ ਵੀ ਲਿਖਿਆ ਗਿਆ ਹੈ। ਉਥੇ 170 ਏਕੜ ਅਤੇ ਨੇੜੇ-ਤੇੜੇ ਦੀ ਸਕੀਮ ਲਈ ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਚਿੱਠੀ ਲਿਖ ਕੇ ਸੁਰੱਖਿਆ ਮੰਗੀ ਗਈ ਹੈ ਤਾਂ ਜੋ ਇਸ ਦਾ ਵਿਰੋਧ ਨਾ ਹੋ ਸਕੇ।
ਬੈਂਕ ਕੋਲ ਟਰੱਸਟ ਦੀ ਕਰੋੜਾਂ ਦੀ ਪ੍ਰਾਪਰਟੀ ਗਹਿਣੇ
ਇੰਪਰੂਵਮੈਂਟ ਟਰੱਸਟ ਦੀ ਕਰੋੜਾਂ ਦੀ ਪ੍ਰਾਪਰਟੀ ਬੈਂਕ ਕੋਲ ਗਹਿਣੇ ਹੈ। ਇਸ ਵਿਚ ਸਭ ਤੋਂ ਅਹਿਮ ਪ੍ਰਾਪਰਟੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਹੈ ਜਿਸ ਦੀ ਬੈਂਕ ਦੇ ਹਿਸਾਬ ਨਾਲ ਵੈਲਿਊ 288 ਕਰੋੜ ਰੁਪਏ ਲਾਈ ਗਈ ਹੈ। ਇਸ ਤੋਂ ਇਲਾਵਾ ਟਰੱਸਟ ਦੀ 170 ਏਕੜ ਸਕੀਮ, 94.97 ਏਕੜ, ਗੁਰੂ ਗੋਬਿੰਦ ਸਿੰਘ ਐਵੇਨਿਊ ਸਕੀਮ ਸਣੇ ਕਈ ਪ੍ਰਾਪਰਟੀਆਂ ਸ਼ਾਮਲ ਹਨ।
ਬੈਂਕ ਅਧਿਕਾਰੀ ਜਿੱਥੇ ਸਟੇਡੀਅਮ ਨੂੰ ਸੀਲ ਲਾਉਣ ਦੀ ਤਿਆਰੀ ਕਰ ਰਹੇ ਹਨ ਉਥੇ ਬਾਕੀ ਪ੍ਰਾਪਰਟੀ 'ਤੇ ਬੈਂਕ ਆਪਣੀ ਮਲਕੀਅਤ ਦੇ ਬੋਰਡ ਲਾਉਣ ਦੀ ਯੋਜਨਾ ਬਣਾ ਰਿਹਾ ਹੈ।
7 ਮਹੀਨਿਆਂ ਤੋਂ ਨਹੀਂ ਮੋੜੀ ਗਈ ਸੀ ਰਕਮ, ਐੱਨ. ਪੀ. ਏ. ਹੋਇਆ ਅਕਾਊਂਟ
ਇੰਪਰੂਵਮੈਂਟ ਟਰੱਸਟ ਵਲੋਂ ਪਿਛਲੇ 7 ਮਹੀਨਿਆਂ ਤੋਂ ਬੈਂਕ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ। ਟਰੱਸਟ ਦਾ ਅਕਾਊਂਟ 31 ਮਾਰਚ ਨੂੰ ਐੱਨ. ਪੀ. ਏ. (ਨਾਨ ਪ੍ਰਫਾਰਮਿੰਗ ਅਸੈਟ) ਹੋ ਚੁੱਕਾ ਹੈ। ਉਸ ਸਮੇਂ ਲੋਨ ਦੀ ਰਕਮ 105 ਕਰੋੜ ਰੁਪਏ ਦਾ ਬੈਲੇਂਸ ਖੜ੍ਹਾ ਦੱਸਿਆ ਜਾ ਰਿਹਾ ਹੈ। ਇਸ ਉਪਰੰਤ 30 ਜੂਨ ਨੂੰ ਇਹ ਰਕਮ ਵਧ ਕੇ 110 ਕਰੋੜ ਦੇ ਕਰੀਬ ਪਹੁੰਚ ਗਈ ਜਿਸ ਕਾਰਨ ਬੈਂਕ ਵਲੋਂ ਟਰੱਸਟ ਦੀ ਪ੍ਰਾਪਰਟੀ ਨੂੰ ਕਬਜ਼ੇ ਵਿਚ ਲੈਣ ਦਾ ਫੈਸਲਾ ਲਿਆ ਗਿਆ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਕਟ 2002 ਦੀ ਧਾਰਾ 13 (2) ਦੇ ਤਹਿਤ ਉਹ ਕਾਨੂੰਨਨ ਟਰੱਸਟ ਦੀ ਪ੍ਰਾਪਰਟੀ ਨੂੰ ਕਬਜ਼ੇ ਵਿਚ ਲੈਣ ਦਾ ਅਧਿਕਾਰ ਰੱਖਦੇ ਹਨ।


Related News