ਪੰਜ ਪਿਆਰੇ ਸਾਹਿਬਾਨ ਜੀ ਦੇ ਜੀਵਨ ''ਤੇ ਸੰਖੇਪ ਝਾਤ
Sunday, Apr 14, 2019 - 09:55 AM (IST)
ਅੰਮ੍ਰਿਤਸਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਆਵਾਜ਼ 'ਤੇ ਆਪਣਾ ਸਿਰ ਧਰਮ ਤੇ ਕੌਮ ਲਈ ਪੇਸ਼ ਕਰ ਪੰਜ ਪਿਆਰਿਆਂ ਦਾ ਖਿਤਾਬ ਹਾਸਲ ਕਰਨ ਵਾਲੇ ਯੋਧਿਆਂ 'ਚ ਪਹਿਲਾ ਨਾਂ ਭਾਈ ਦਇਆ ਸਿੰਘ ਜੀ ਦਾ ਆਉਂਦਾ ਹੈ। ਭਾਈ ਦਇਆ ਸਿੰਘ ਜੀ ਜਨਮ 1 ਫਰਵਰੀ 1668 ਲਾਹੌਰ (ਹੁਣ ਪਾਕਿਸਤਾਨ 'ਚ) ਨੂੰ ਹੋਇਆ। ਉਹ 13 ਸਾਲ ਦੀ ਉਮਰ 'ਚ ਗੁਰੂ ਘਰ ਨਾਲ ਜੁੜੇ। 18 ਸਾਲ ਤਕ ਗੁਰਮਤਿ ਦੀ ਵਿੱਦਿਆ ਹਾਸਲ ਕੀਤੀ। ਇਨ੍ਹਾਂ ਦਾ ਵਿਆਹ ਬੀਬੀ ਦਿਆਲੀ ਕੌਰ ਨਾਲ 25 ਮਈ 1684 ਨੂੰ ਹੋਇਆ। ਇਨ੍ਹਾਂ ਦੀਆਂ 4 ਸੰਤਾਨਾਂ ਸਨ। ਗੁਰੂ ਸਾਹਿਬਾਨ ਦੀ ਆਵਾਜ਼ 'ਤੇ ਸਭ ਤੋਂ ਪਹਿਲਾਂ ਉੱਠਣ ਵਾਲੇ ਭਾਈ ਦਇਆ ਸਿੰਘ ਜੀ ਹੀ ਸਨ। ਇਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸਾਰੀਆਂ ਵੱਡੀਆਂ ਜੰਗਾਂ 'ਚ ਹਿੱਸਾ ਲਿਆ। 21 ਦਸੰਬਰ 1708 ਨੂੰ ਭਾਈ ਦਇਆ ਸਿੰਘ ਨਾਂਦੇੜ ਵਿਖੇ ਅਕਾਲ ਚਲਾਣਾ ਕਰ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਜ਼ਫਰਨਾਮਾ ਲਿਖਿਆ ਸੀ ਉਸ ਨੂੰ ਔਰੰਗਜ਼ੇਬ ਤਕ ਪਹੁੰਚਾਉਣ ਦੀ ਜ਼ਿੰਮੇਵਾਰੀ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਨੂੰ ਸੌਂਪੀ ਗਈ ਸੀ। ਭਾਈ ਦਇਆ ਸਿੰਘ ਜੀ ਨੇ ਉਨ੍ਹਾਂ ਦਿਨਾਂ 'ਚ ਔਰੰਗਾਬਾਦ ਦੇ ਧਾਮੀ ਮੁਹੱਲੇ 'ਚ ਕੁਝ ਦਿਨ ਬਿਤਾਏ ਸਨ ਜਿੱਥੇ ਉਨ੍ਹਾਂ ਦੀ ਯਾਦ 'ਚ ਗੁਰਦੁਆਰਾ ਭਾਈ ਦਇਆ ਸਿੰਘ ਜੀ ਸੁਸ਼ੋਭਿਤ ਹੈ। ਯਾਦ ਰਹੇ ਕਿ ਗੁਰੂ ਜੀ ਦਾ ਲਿਖਿਆ ਅਸਲ ਜ਼ਫਰਨਾਮਾ ਵੀ ਇੱਥੇ ਰੱਖਿਆ ਹੋਇਆ ਹੈ। ਇਨ੍ਹਾਂ ਦੇ ਵੰਸ਼ਜ਼ ਲੁਧਿਆਣਾ ਜ਼ਿਲੇ ਦੇ ਦੋਰਾਹਾ ਤੇ ਆਸਟਰੇਲੀਆ 'ਚ ਰਹਿੰਦੇ ਹਨ।
ਭਾਈ ਧਰਮ ਸਿੰਘ ਜੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਆਵਾਜ਼ 'ਤੇ ਆਪਣਾ ਸਿਰ ਧਰਮ ਤੇ ਕੌਮ ਲਈ ਪੇਸ਼ ਕਰ ਪੰਜ ਪਿਆਰਿਆਂ ਦਾ ਖਿਤਾਬ ਹਾਸਲ ਕਰਨ ਵਾਲੇ ਯੋਧਿਆਂ 'ਚ ਦੂਜਾ ਨਾਂ ਭਾਈ ਧਰਮ ਸਿੰਘ ਜੀ ਦਾ ਆਉਂਦਾ ਹੈ। ਭਾਈ ਧਰਮ ਸਿੰਘ ਜੀ ਦਾ ਜਨਮ 12 ਅਪ੍ਰੈਲ 1670, ਹਸਤਿਨਾਪੁਰ (ਉੱਤਰ ਪ੍ਰਦੇਸ਼) 'ਚ ਹੋਇਆ। ਭਾਈ ਧਰਮ ਸਿੰਘ ਜੀ 25 ਸਾਲ ਦੀ ਉਮਰ 'ਚ ਗੁਰੂ ਘਰ ਨਾਲ ਜੁੜੇ ਤੇ 4 ਸਾਲ ਤਕ ਗੁਰਮਤਿ ਦੀ ਵਿੱਦਿਆ ਹਾਸਲ ਕੀਤੀ। ਇਨ੍ਹਾਂ ਦਾ ਵਿਆਹ ਬੀਬੀ ਸੁਖਵੰਤ ਕੌਰ ਨਾਲ 9 ਮਾਰਚ 1687 ਨੂੰ ਹੋਇਆ ਤੇ ਇਨ੍ਹਾਂ ਦੀਆਂ 4 ਸੰਤਾਨਾਂ ਸਨ। ਗੁਰੂ ਸਾਹਿਬ ਦੀ ਆਵਾਜ਼ 'ਤੇ ਉੱਠਣ ਵਾਲੇ ਇਹ ਦੂਸਰੇ ਸਖਸ਼ ਭਾਈ ਧਰਮ ਸਿੰਘ ਜੀ ਹੀ ਸਨ। ਇਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਾਰੀਆਂ ਵੱਡੀਆਂ ਜੰਗਾਂ 'ਚ ਹਿੱਸਾ ਲਿਆ। ਇਨ੍ਹਾਂ ਦਾ ਅਕਾਲ ਚਲਾਣਾ ਨਾਂਦੇੜ ਵਿਖੇ 14 ਜੂਨ 1711 ਨੂੰ ਹੋਇਆ। ਇਨ੍ਹਾਂ ਦੀ ਯਾਦ 'ਚ 'ਗੁਰਦੁਆਰਾ ਪੰਜ ਪਿਆਰੇ ਭਾਈ ਧਰਮ ਸਿੰਘ ਜੀ ਜਨਮ ਅਸਥਾਨ' ਹਸਤਿਨਾਪੁਰ ਤੋਂ 3 ਕਿ.ਮੀ. ਦੂਰ ਪਿੰਡ ਸੈਫਪੁਰ ਕਰਮ ਚੰਦ ਪੁਰ 'ਚ ਬਣਿਆ ਹੋਇਆ ਹੈ। ਇੱਥੇ ਭਾਈ ਧਰਮ ਸਿੰਘ ਜੀ ਦਾ ਘਰ ਸੀ ਜੋ ਅੱਜ ਵੀ ਮੌਜੂਦ ਹੈ। ਇੱਥੇ ਭਾਈ ਜੀ ਦੇ ਵੰਸ਼ਜ਼ ਵੀ ਰਹਿੰਦੇ ਹਨ। ਉਸ ਘਰ ਦੀਆਂ ਕੰਧਾਂ 5 ਫੁੱਟ ਚੌੜੀਆਂ ਹਨ। ਅੱਜ-ਕੱਲ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ।
ਭਾਈ ਹਿੰਮਤ ਸਿੰਘ ਜੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਆਵਾਜ਼ 'ਤੇ ਆਪਣਾ ਸਿਰ ਧਰਮ ਤੇ ਕੌਮ ਲਈ ਪੇਸ਼ ਕਰ ਪੰਜ ਪਿਆਰਿਆਂ ਦਾ ਖਿਤਾਬ ਹਾਸਲ ਕਰਨ ਵਾਲੇ ਯੋਧਿਆਂ 'ਚ ਤੀਜਾ ਨਾਂ ਭਾਈ ਹਿੰਮਤ ਸਿੰਘ ਜੀ ਦਾ ਆਉਂਦਾ ਹੈ। ਭਾਈ ਹਿੰਮਤ ਸਿੰਘ ਜੀ ਦਾ ਜਨਮ 17 ਮਈ 1664 ਪੁਰੀ (ਉਡਿਸ਼ਾ) ਵਿਖੇ ਹੋਇਆ। ਭਾਈ ਹਿੰਮਤ ਸਿੰਘ ਜੀ 14 ਸਾਲ ਦੀ ਉਮਰ 'ਚ ਗੁਰੂ ਘਰ ਨਾਲ ਜੁੜੇ ਤੇ 21 ਸਾਲ ਤਕ ਗੁਰਮਤਿ ਦੀ ਵਿੱਦਿਆ ਹਾਸਲ ਕੀਤੀ। ਇਨ੍ਹਾਂ ਦਾ ਵਿਆਹ ਬੀਬੀ ਰਾਮ ਕੌਰ ਜੀ ਨਾਲ 11 ਨਵੰਬਰ 1684 ਨੂੰ ਹੋਇਆ ਤੇ ਇਨ੍ਹਾਂ ਦੀਆਂ 5 ਸੰਤਾਨਾਂ ਸਨ। ਗੁਰੂ ਸਾਹਿਬ ਜੀ ਦੀ ਆਵਾਜ਼ 'ਤੇ ਉੱਠਣ ਵਾਲੇ ਤੀਜੇ ਸਖਸ਼ ਭਾਈ ਹਿੰਮਤ ਸਿੰਘ ਜੀ ਸਨ। ਇਨ੍ਹਾਂ ਨੇ ਗੂਰੂ ਸਾਹਿਬ ਨਾਲ 5 ਵੱਡੀਆਂ ਤੇ ਅਣਗਿਣਤ ਛੋਟੀਆਂ ਜੰਗਾਂ 'ਚ ਹਿੱਸਾ ਲਿਆ ਤੇ ਜਿੱਤ ਹਾਸਲ ਕੀਤੀ। ਭਾਈ ਜੀ 6 ਦਸੰਬਰ 1704 ਨੂੰ ਜੰਗ ਦੇ ਮੈਦਾਨ 'ਚ ਜੂਝਦੇ ਹੋਏ ਸ਼ਹੀਦ ਹੋ ਗਏ। ਇਨ੍ਹਾਂ ਦੀ ਯਾਦ 'ਚ 'ਗੁਰਦੁਆਰਾ ਸ੍ਰੀ ਆਰਤੀ ਸਾਹਿਬ', ਮਰੀਨ ਡ੍ਰਾਈਵ ਰੋਡ, ਪੁਰੀ (ਓਡਿਸ਼ਾ) ਵਿਖੇ ਸਥਿਤ ਹੈ। ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ਰੱਖਿਆ ਹੈ ਜੋ ਉਨ੍ਹਾਂ ਨੇ ਭਾਈ ਹਿੰਮਤ ਸਿੰਘ ਜੀ ਨੂੰ ਦਿੱਤਾ ਸੀ। 3 ਮੰਜ਼ਿਲਾ ਇਸ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਵਿਸਾਖੀ ਦਾ ਪਾਵਨ ਤਿਓਹਾਰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਪੁੱਜਦੀਆਂ ਹਨ। ਇਸ ਗੁਰੂ ਘਰ ਦੀ ਬਹੁਤ ਮਾਨਤਾ ਹੈ। ਇਨ੍ਹਾਂ ਦੇ ਵੰਸ਼ਜ਼ ਇੰਗਲੈਂਡ ਤੇ ਕੈਨੇਡਾ 'ਚ ਵਸੇ ਹੋਏ ਹਨ।
ਭਾਈ ਮੋਹਕਮ ਸਿੰਘ ਜੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਆਵਾਜ਼ 'ਤੇ ਆਪਣਾ ਸਿਰ ਧਰਮ ਤੇ ਕੌਮ ਲਈ ਪੇਸ਼ ਕਰ ਪੰਜ ਪਿਆਰਿਆਂ ਦਾ ਖਿਤਾਬ ਹਾਸਲ ਕਰਨ ਵਾਲੇ ਯੋਧਿਆਂ 'ਚ ਚੌਥਾ ਨਾਂ ਬਾਈ ਮੋਹਕਮ ਸਿੰਘ ਜੀ ਦਾ ਆਉਂਦਾ ਹੈ। ਭਾਈ ਮੋਹਕਮ ਜੀ ਦਾ ਜਨਮ 7 ਮਾਰਚ 1679 ਦਵਾਰਕਾ (ਗੁਜਰਾਤ) ਵਿਖੇ ਹੋਇਆ। ਭਾਈ ਮੋਹਕਮ ਸਿੰਘ ਜੀ 15 ਸਾਲ ਦੀ ਉਮਰ 'ਚ ਗੁਰੂ ਘਰ ਨਾਲ ਜੁੜੇ ਤੇ 5 ਸਾਲ ਤਕ ਗੁਰਮਤਿ ਦੀ ਵਿੱਦਿਆ ਹਾਸਲ ਕੀਤੀ। ਇਨ੍ਹਾਂ ਦਾ ਵਿਆਹ ਬੀਬੀ ਸੁਖਦੇਵ ਕੌਰ ਨਾਲ 5 ਨਵੰਬਰ 1697 ਨੂੰ ਹੋਇਆ। ਇਨ੍ਹਾਂ ਦੀਆਂ 3 ਸੰਤਾਨਾਂ ਸਨ। ਗੁਰੂ ਸਾਹਿਬ ਦੀ ਆਵਾਜ਼ 'ਤੇ ਉੱਠਣ ਵਾਲੇ ਚੌਥੇ ਸਖਸ਼ ਭਾਈ ਮੋਹਕਮ ਸਿੰਘ ਜੀ ਹੀ ਸਨ। ਇਨ੍ਹਾਂ ਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੰਗਾਂ 'ਚ ਹਿੱਸਾ ਲਿਆ ਤੇ 6 ਦਸੰਬਰ 1704 ਨੂੰ ਚਮਕੌਰ ਸਾਹਿਬ ਦੀ ਜੰਗ ' ਸ਼ਹੀਦੀ ਪ੍ਰਾਪਤ ਕਰ ਗਏ। ਚੂੜਾਮਣੀ ਕਵੀ ਸੰਤੋਖ ਸਿੰਘ ਇਨ੍ਹਾਂ ਦੇ ਵੰਸ਼ ਵਿਚੋਂ ਹੋਏ ਸਨ। ਉਥੋਂ ਹੀ ਵੰਸ਼ ਅੱਗੇ ਵਧਿਆ ਹੈ।ਇਨ੍ਹਾਂ ਦੀ ਯਾਦ ਵਿਚ 'ਗੁਰਦੁਆਰਾ ਭਾਈ ਮੋਹਕਮ ਸਿੰਘ ਜੀ', ਬੇਟ (ਦਵਾਰਕਾ) 'ਚ ਓਖਾ ਰੇਲਵੇ ਸਟੇਸ਼ਨ ਦੇ ਕੋਲ ਸਥਿਤ ਹੈ। ਬੇਟ ਭਾਈ ਮੋਹਕਮ ਸਿੰਘ ਜੀ ਦਾ ਜਨਮ ਸਥਾਨ ਹੈ। ਗੁਰਦੁਆਰਾ ਸਾਹਿਬ ਦੇ ਪਿਛੇ ਉਨ੍ਹਾਂ ਦਾ ਘਰ ਅਜੇ ਵੀ ਹੈ। ਘਰ ਅਤੇ ਗੁਰਦੁਆਰਾ ਸਾਹਿਬ ਦੇ ਕੋਲ ਸੰਖ ਤਲਾਬ ਨਾਂ ਦਾ ਇਕ ਸਰੋਵਰ ਵੀ ਹੈ। ਇਸ ਪੂਰੀ ਜਗ੍ਹਾ ਨੂੰ 'ਸ੍ਰੀ ਗੁਰੂ ਨਾਨਕ ਸਾਹਿਬ ਦੀ ਖੂਹੀ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਥੇ ਇਕ ਮਿੱਠੇ ਪਾਣੀ ਦਾ ਖੂਹ ਹੈ।
ਭਾਈ ਸਾਹਿਬ ਸਿੰਘ ਜੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਆਵਾਜ਼ 'ਤੇ ਆਪਣਾ ਸਿਰ ਧਰਮ ਤੇ ਕੌਮ ਲਈ ਪੇਸ਼ ਕਰ ਪੰਜ ਪਿਆਰਿਆਂ ਦਾ ਖਿਤਾਬ ਹਾਸਲ ਕਰਨ ਵਾਲੇ ਯੋਧਿਆਂ 'ਚ ਪੰਜਵਾਂ ਨਾਂ ਭਾਈ ਸਾਹਿਬ ਸਿੰਘ ਜੀ ਦਾ ਹੈ। ਭਾਈ ਸਾਹਿਬ ਸਿੰਘ ਜੀ ਦਾ ਜਨਮ 3 ਨਵੰਬਰ 1675 ਬਿਦਰ, ਕਰਨਾਟਕਾ ਵਿਖੇ ਹੋਇਆ। ਉਹ 11 ਸਾਲ ਦੀ ਉਮਰ 'ਚ ਗੁਰੂ ਘਰ ਨਾਲ ਜੁੜੇ ਅਤੇ 13 ਸਾਲ ਤੱਕ ਗੁਰਮਤਿ ਦੀ ਵਿੱਦਿਆ ਹਾਸਿਲ ਕੀਤੀ। ਇਨ੍ਹਾਂ ਦਾ ਵਿਆਹ ਬੀਬੀ ਨਿਰੰਜਨ ਕੌਰ ਨਾਲ 9 ਫਰਵਰੀ 1693 ਨੂੰ ਹੋਇਆ ਅਤੇ ਇਨ੍ਹਾਂ ਦੀਆਂ 3 ਸੰਤਾਨਾਂ ਸਨ। ਗੁਰੂ ਸਾਹਿਬ ਦੀ ਆਵਾਜ਼ 'ਤੇ ਉਠਣ ਵਾਲੇ ਪੰਜਵੇਂ ਸ਼ਖਸ ਭਾਈ ਸਾਹਿਬ ਸਿੰਘ ਜੀ ਹੀ ਸਨ। ਇਨ੍ਹਾਂ ਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਲਗਭਗ ਸਾਰੀਆਂ ਜੰਗਾਂ ਲੜੀਆਂ ਅਤੇ 6 ਦਸੰਬਰ 1704 ਨੂੰ ਚਮਕੌਰ ਸਾਹਿਬ ਦੀ ਜੰਗ 'ਚ ਸ਼ਹੀਦ ਹੋ ਗਏ। ਇਨ੍ਹਾਂ ਦੇ ਵੰਸ਼ ਬਾਰੇ ਪੁਖਤਾ ਜਾਣਕਾਰੀ ਨਹੀਂ ਹੈ। ਇਨ੍ਹਾਂ ਦੀ ਯਾਦ ਵਿਚ 'ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਪੰਜ ਪਿਆਰੇ' ਬਿਦਰ ਤੋਂ 12 ਕਿਲੋਮੀਟਰ ਦੀ ਦੂਰੀ 'ਤੇ ਜਨਵਾੜਾ ਰੋਡ 'ਤੇ ਸੁਸ਼ੋਭਿਤ ਹੈ। ਇਸ ਜਗ੍ਹਾ 'ਤੇ ਭਾਈ ਸਾਹਿਬ ਜੀ ਨਾਲ ਸਬੰਧਤ ਕਈ ਸ਼ਾਸਤਰ ਅਤੇ ਹੋਰ ਸਮੱਗਰੀ ਨਹੀਂ।