ਦਹਾਕਿਆਂ ਬਾਅਦ ਸੰਗਤ ਦੀ ਪਵਿੱਤਰ ਵੇਈਂ ''ਚ ਇਸ਼ਨਾਨ ਦੀ ਇੱਛਾ ਹੋਈ ਪੂਰੀ

11/08/2019 2:48:35 PM

ਸੁਲਤਾਨਪੁਰ ਲੋਧੀ (ਸੋਢੀ) : ਮੂਲ ਮੰਤਰ ਦੀ ਉਤਪਤੀ ਦਾ ਆਧਾਰ ਪਵਿੱਤਰ ਕਾਲੀ ਵੇਈਂ 'ਚ ਸੰਗਤ ਵਲੋਂ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਮੌਕੇ ਇਸ਼ਨਾਨ ਕਰਨ ਦਾ ਸੁਪਨਾ ਦਹਾਕਿਆਂ ਬਾਅਦ ਸੰਪੂਰਨ ਹੋ ਗਿਆ ਹੈ। ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਕਾਲੀ ਵੇਈਂ 'ਚ ਸੰਗਤ ਦੇ ਇਸ਼ਨਾਨ ਲਈ ਪੁਖਤਾ ਪ੍ਰਬੰਧ ਕਰਨ ਦਾ ਐਲਾਨ ਕੀਤਾ ਗਿਆ, ਜੋ ਹਕੀਕਤ 'ਚ ਬਦਲ ਗਿਆ ਹੈ। ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਣ ਆਈ ਸੰਗਤ ਮੱਥਾ ਟੇਕਣ ਤੋਂ ਪਹਿਲਾਂ ਪਵਿੱਤਰ ਵੇਈਂ 'ਚ ਇਸ਼ਨਾਨ ਕਰਨ ਤੇ ਚੂਲਾ ਲੈਣ ਨੂੰ ਆਪਣਾ ਸੁਭਾਗ ਸਮਝਦੀ ਹੈ। ਗੁਰਦੁਆਰਾ ਸ੍ਰੀ ਸੰਤ ਘਾਟ ਤੋਂ ਲੈ ਕੇ ਬੂਸੋਵਾਲ ਮੋੜ ਤਕ 4 ਕਿਲੋਮੀਟਰ ਦੇ ਖੇਤਰ ਵਿਚ ਵੇਈਂ ਦੇ ਕੰਢਿਆਂ ਉੱਪਰ ਬਣੇ ਘਾਟਾਂ ਰਾਹੀਂ ਸ਼ਰਧਾਲੂ ਇਸ਼ਨਾਨ ਕਰਕੇ ਆਪਣਾ ਤਨ, ਮਨ ਪਵਿੱਤਰ ਕਰ ਰਹੇ ਹਨ। ਪੰਜਾਬ ਸਰਕਾਰ ਵਲੋਂ ਕੁਲ ਲੋਕਾਈ ਦੀ ਸ਼ਰਧਾ ਦੀ ਕੇਂਦਰ ਇਸ ਵੇਈਂ ਦੇ ਕੰਢਿਆਂ ਨੂੰ 4.96 ਕਰੋੜ ਰੁਪਏ ਨਾਲ ਪੱਕਾ ਕਰ ਕੇ ਮੁਕੇਰੀਆਂ ਹਾਈਡਲ ਤੋਂ ਰੋਜ਼ਾਨਾ 500 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਵੇਈਂ ਦਾ ਪਾਣੀ ਨਿਰਮਲ ਹੋ ਗਿਆ ਹੈ।

ਗੁਰਪੁਰਬ ਮੌਕੇ ਮੱਥਾ ਟੇਕਣ ਆਏ ਸ਼ਰਧਾਲੂ ਬਗੀਚਾ ਸਿੰਘ, ਵਾਸੀ ਫਤਿਹਗੜ੍ਹ ਪੰਜਤੂਰ ਨੇ ਕਿਹਾ ਕਿ ਉਹ ਪਿਛਲੇ 21 ਸਾਲ ਤੋਂ ਲਗਾਤਾਰ ਸੁਲਤਾਨਪੁਰ ਲੋਧੀ ਆ ਰਹੇ ਹਨ ਪਰ ਪਹਿਲੀ ਵਾਰ ਉਨ੍ਹਾਂ ਪਵਿੱਤਰ ਵੇਈਂ 'ਚ ਇਸ਼ਨਾਨ ਕੀਤਾ ਹੈ। ਜ਼ਿਲਾ ਪ੍ਰਸ਼ਾਸਨ ਵਲੋਂ ਵੇਈਂ ਕੰਢੇ ਬੀਬੀਆਂ ਦੇ ਇਸ਼ਨਾਨ ਕਰਨ ਲਈ ਵੱਖਰਾ ਪੋਣਾ ਵੀ ਤਿਆਰ ਕੀਤਾ ਗਿਆ ਹੈ। ਸ਼ਰਧਾਲੂਆਂ ਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ ਵੇਈਂ ਉੱਪਰ ਬਣਾਏ ਗਏ ਦੋ ਹਾਈਲੈਵਲ ਬ੍ਰਿਜ ਵੀ ਸੰਗਤ ਲਈ ਬਹੁਤ ਉਪਯੋਗੀ ਸਾਬਿਤ ਹੋ ਰਹੇ ਹਨ। ਸੰਗਤ ਇਨ੍ਹਾਂ ਪੁਲਾਂ ਰਾਹੀਂ ਮੁੱਖ ਪੰਡਾਲ ਤੋਂ ਸਿੱਧਾ ਵੇਈਂ ਉੱਪਰ ਇਸ਼ਨਾਨ ਕਰਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦਰਸ਼ਨ ਕਰਨ ਜਾ ਰਹੀ ਹੈ।

ਵੇਈਂ 'ਚ ਇਸ਼ਨਾਨ ਕਰਨ ਅਤੇ ਸਮਾਗਮਾਂ ਦੌਰਾਨ ਵੇਈਂ ਦੇ ਕੰਢਿਆਂ ਉੱਪਰ ਚੱਲਣ ਵਾਲੀ ਸੰਗਤ ਲਈ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿਥੇ 4 ਕਿਲੋਮੀਟਰ ਤਕ ਦੋਹੀਂ ਪਾਸੀਂ ਰੇਲਿੰਗ ਲਾਈ ਗਈ ਹੈ, ਉੱਥੇ ਹੀ ਐੱਨ. ਡੀ. ਆਰ. ਐੱਫ. ਤੇ ਐੱਸ. ਡੀ. ਆਰ. ਐੱਫ. ਦੇ 89 ਦੇ ਤੈਰਾਕ ਤਾਇਨਾਤ ਹਨ, ਉੱਥੇ ਹੀ 12 ਵਿਸ਼ੇਸ਼ ਕਿਸ਼ਤੀਆਂ ਵੀ ਕਿਸੇ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਵੇਈਂ ਵਿਚ ਗਸ਼ਤ ਕਰ ਰਹੀਆਂ ਹਨ। ਇਸ ਤੋਂ ਇਲਾਵਾ 12 ਵਾਚ ਟਾਵਰ ਸਥਾਪਿਤ ਕੀਤੇ ਜਾ ਗਏ ਹਨ ਤਾਂ ਜੋ ਦੂਰ ਤਕ ਨਿਗਰਾਨੀ ਰੱਖੀ ਜਾ ਸਕੇ।


Anuradha

Content Editor

Related News