ਮਾਲ ਵਿਭਾਗ ਪੰਜਾਬ ਨੇ ਵਿਭਾਗਾਂ ਤੇ ਡਿਪਟੀ ਕਮਿਸ਼ਨਰਾਂ ਨੂੰ 300 ਕਰੋੜ ਰੁਪਏ ਵੰਡੇ : ਕਾਂਗੜ

Thursday, Jun 11, 2020 - 05:39 PM (IST)

ਮਾਲ ਵਿਭਾਗ ਪੰਜਾਬ ਨੇ ਵਿਭਾਗਾਂ ਤੇ ਡਿਪਟੀ ਕਮਿਸ਼ਨਰਾਂ ਨੂੰ 300 ਕਰੋੜ ਰੁਪਏ ਵੰਡੇ : ਕਾਂਗੜ

ਚੰਡੀਗੜ੍ਹ (ਅਸ਼ਵਨੀ) : ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਵਿਭਾਗ ਰਾਹੀਂ ਵੱਖ-ਵੱਖ ਮਹਿਕਮਿਆਂ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ 300 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ, ਇਹ ਜਾਣਕਾਰੀ ਇਥੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 300 ਕਰੋੜ 'ਚੋਂ 200 ਕਰੋੜ ਰੁਪਏ ਵੱਖ-ਵੱਖ ਮਹਿਕ ਨੂੰ ਜਦਕਿ 100 ਰੁਪਏ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੰਡੇ ਗਏ ਹਨ। ਕਾਂਗੜ ਨੇ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਨੂੰ ਵੰਡੇ ਗਏ 100 ਕਰੋੜ ਰੁਪਏ 'ਚੋਂ 98 ਕਰੋੜ ਰੁਪਏ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ 'ਚ ਭੇਜਣ, ਸੁੱਕਾ ਰਾਸ਼ਣ ਵੰਡਣ ਅਤੇ ਇਕਾਂਤਵਾਸ ਕੀਤੇ ਲੋਕਾਂ 'ਤੇ ਖਰਚੇ ਗਏ ਹਨ। ਕੈਬਨਿਟ ਮੰਤਰੀ ਨੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮਹਿਕਮੇ ਨੂੰ ਪੰਜਾਬ ਦੀ ਰੀਡ ਦੀ ਹੱਡੀ ਕਰਾਰ ਦਿੰਦਿਆਂ ਕਿਹਾ ਕਿ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਵਿਭਾਗ ਕੋਵਿਡ-19 ਨਾਲ ਨਿਪਟਣ ਲਈ ਨੋਡਲ ਮਹਿਕਮੇ ਦੇ ਤੌਰ 'ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਕੋਰੋਨਾ ਦੀ ਮਹੀਮਾਰੀ ਦੇ ਸਬੰਧ 'ਚ ਤਾਲਾਬੰਦੀ ਐਲਾਨਣ ਤੋਂ ਪਹਿਲਾਂ ਹੀ ਮਹਿਕਮੇ ਦੇ ਡਿਜ਼ਾਸਟਰ ਮੈਨੇਜਮੈਂਟ ਵਿੰਗ ਨੇ ਸਿਹਤ ਮਹਿਕਮੇ ਨੂੰ 25 ਕਰੋੜ ਰੁਪਏ ਇਸ ਬੀਮਾਰੀ ਨਾਲ ਲੜਨ ਲਈ ਜਾਰੀ ਕਰ ਦਿੱਤੇ ਸਨ।

ਕਾਂਗੜ ਨੇ ਦੱਸਿਆ ਕਿ ਇਸ ਬੀਮਾਰੀ ਦੇ ਖਾਤਮੇ ਲਈ ਭਾਰਤ ਸਰਕਾਰ ਵਲੋਂ ਪ੍ਰਾਪਤ ਰਾਸੀ ਅਤੇ ਪੰਜਾਬ ਸਰਕਾਰ ਵੱਲੋਂ ਆਪਣੇ ਖ਼ਜਾਨੇ 'ਚੋਂ ਜੋ ਡਿਜਾਸਟਰ ਮੈਨੇਜਮੈਂਟ ਲਈ ਪ੍ਰਾਪਤ ਹੋਇਆ ਸੀ ਉਹ ਵੱਖ-ਵੱਖ ਮਹਿਕਮਿਆਂ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੀਆਂ ਮੰਗਾਂ ਅਨੁਸਾਰ ਉਨ੍ਹਾਂ ਨੂੰ ਜਾਰੀ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਮਹਿਕਮਿਆਂ ਅਤੇ ਜ਼ਿਲ੍ਹਿਆਂ ਦੀਆਂ ਮੰਗਾਂ ਅਤੇ ਮੁਸ਼ਕਿਲ਼ਾਂ ਨੂੰ ਤੁਰੰਤ ਹੱਲ ਕਰਨ ਲਈ ਸੂਬੇ ਦੀ ਕਾਰਜਕਾਰੀ ਕਮੇਟੀ ਦੀ ਰੋਜ਼ਾਨਾ ਮੁੱਖ ਸਕੱਤਰ ਦੀ ਅਗਵਾਈ 'ਚ ਮੀਟਿੰਗ ਹੁੰਦੀ ਹੈ।

ਕੰਟਰੋਲ ਰੂਮ ਕੀਤਾ ਸਥਾਪਤ 
ਉਨ੍ਹਾਂ ਦੱਸਿਆ ਕਿ ਡਿਜ਼ਾਸਟਰ ਮੈਨੇਜਮੈਂਟ ਮਹਿਕਮੇ ਵਲੋਂ ਪੰਜਾਬ ਸਿਵਲ ਸਕੱਤਰੇਤ ਦੀ ਤੀਜੀ ਮੰਜ਼ਿਲ 'ਤੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜਿਥੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਟੈਲੀਫੋਨ 'ਤੇ ਹੱਲ ਕਰਨ ਲਈ 24 ਘੰਟੇ ਸਟਾਫ ਹਾਜ਼ਰ ਰਹਿੰਦਾ ਹੈ ਅਤੇ 24 ਘੰਟਿਆਂ ਦੇ ਅੰਦਰ-ਅੰਦਰ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ 'ਚ ਲੋਕਾਂ ਦੇ ਹੁਣ ਤੱਕ 11 ਹਜ਼ਾਰ ਤੋਂ ਵੱਧ ਸਵਾਲ ਪਹੁੰਚ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਪ੍ਰਭਾਵਿਤ ਵਿਅਕਤੀ ਨੂੰ ਕਿਸੇ ਕਿਸਮ ਦੀ ਲੋੜ ਹੋਵੇ ਤਾਂ ਉਹ ਤੁਰੰਤ ਉਥੋਂ ਦੇ ਡਿਪਟੀ ਕਮਿਸ਼ਨਰ ਜਾਂ ਐੱਸ. ਡੀ. ਐੱਮ. ਨਾਲ ਸੰਪਰਕ ਕਰਕੇ ਮਦਦ ਹਾਸਿਲ ਕਰ ਸਕਦਾ ਹੈ। ਉਨ੍ਹਾਂ ਕੋਰੋਨਾ ਦੀ ਮਹਾਮਾਰੀ ਨਾਲ ਲੜਾਈ 'ਚ ਡਟੇ ਮਾਲ ਮਹਿਕਮੇ ਦੇ ਅਧਿਕਾਰੀਆਂ/ਕਾਮਿਆਂ ਦੀ ਕਾਰਗੁਜ਼ਾਰੀ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ  ਮਹਿਕਮੇ ਦੇ ਕਾਮਿਆਂ ਵਲੋਂ ਭਾਰਤ ਦੇ ਵੱਖ-ਵੱਖ ਸੂਬਿਆਂ ਅਤੇ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਲੋਕਾਂ ਦੀ ਏਅਰਪੋਰਟ 'ਤੇ ਰਜਿਸਟ੍ਰੇਸ਼ਨ ਕਰਕੇ ਉਨ੍ਹਾਂ ਦੇ ਇਕਾਂਤਵਾਸ ਦੌਰਾਨ ਰੋਜ਼ਾਨਾ ਮੁਆਇਨਾ ਕਰਕੇ ਉਨ੍ਹਾਂ ਦਾ ਫਾਲੋਅਪ ਕੀਤਾ ਗਿਆ। ਕੋਵਿਡ ਦੇ ਲੱਛਣਾਂ ਵਾਲੇ ਲੋਕਾਂ ਨੂੰ ਮਹਿਕਮੇ ਦੇ ਨੋਡਲ ਅਫਸਰਾਂ ਵਲੋਂ ਜਿਥੇ ਸਟੇਟ ਕੁਆਰੰਟੀਨ ਸੈਂਟਰਾਂ 'ਚ ਲਿਜਾਇਆ ਗਿਆ, ਉਥੇ ਬਿਨਾਂ ਲੱਛਣਾਂ ਵਾਲੇ ਲੋਕਾਂ ਨੂੰ ਘਰ ਭੇਜ ਕੇ ਸੈਲਫ ਕੁਆਰੰਟੀਨ 'ਚ ਰੱਖਿਆ ਗਿਆ। ਉਨ੍ਹਾਂ ਇਸ ਆਫਤ ਦੀ ਘੜੀ 'ਚ ਪੁਲਸ, ਸਿਹਤ ਅਤੇ ਸਥਾਨਕ ਸਰਕਾਰਾਂ ਮਹਿਕਮਿਆਂ ਦੇ ਅਧਿਕਾਰੀਆਂ/ਕਾਮਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੋਕਾਂ ਦੀ ਸੇਵਾ 'ਚ ਲੱਗੇ ਮਾਲ ਮਹਿਕਮੇ  ਦੇ ਅਧਿਕਾਰੀਆਂ ਤੇ ਕਾਮਿਆਂ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਇਸ ਬੀਮਾਰੀ ਤੋਂ ਬਚਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਣ ਕਰਨ।
 


author

Anuradha

Content Editor

Related News