ਮੋਹਾਲੀ RPG ਹਮਲਾ: ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 'ਲੰਡਾ' ਦਾ ਕਰੀਬੀ ਗੁਰਪਿੰਦਰ ਪਿੰਦੂ ਗ੍ਰਿਫ਼ਤਾਰ

Friday, Feb 17, 2023 - 09:00 PM (IST)

ਮੋਹਾਲੀ RPG ਹਮਲਾ: ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 'ਲੰਡਾ' ਦਾ ਕਰੀਬੀ ਗੁਰਪਿੰਦਰ ਪਿੰਦੂ ਗ੍ਰਿਫ਼ਤਾਰ

ਚੰਡੀਗੜ੍ਹ: ਬੀਤੇ ਸਾਲ ਮੋਹਾਲੀ ਵਿਖੇ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹੋਏ ਆਰ. ਪੀ. ਜੀ. ਹਮਲੇ ਦੇ ਮਾਮਲੇ ਵਿਚ ਪੰਜਾਬ ਪੁਲਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਪੰਜਾਬ ਪੁਲਸ ਨੇ ਮਾਮਲੇ ਨਾਲ ਜੁੜੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਇਸ 11ਵੇਂ ਮੁਲਜ਼ਮ ਦੀ ਪਛਾਣ ਗੁਰਪਿੰਦਰ ਉਰਫ਼ ਪਿੰਦੂ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਮਾਂ ਨੇ ਧੀ ਨੂੰ ਫ਼ੋਨ 'ਤੇ ਗੱਲ ਕਰਨ ਤੋਂ ਰੋਕਿਆ, ਅੱਗਿਓਂ ਸਿਰਫ਼ਿਰੇ ਦੋਸਤ ਦਾ ਕਾਰਾ ਜਾਣ ਉੱਡ ਜਾਣਗੇ ਹੋਸ਼

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਪੁਲਸ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੋਹਾਲੀ ਦੇ ਇੰਟੈਲੀਜੈਂਸ ਹੈੱਡਕੁਆਰਟਰ ਵਿਖੇ ਹੋਏ ਆਰ.ਪੀ.ਜੀ. ਹਮਲੇ ਦੇ ਮਾਮਲੇ ਵਿਚ ਪੰਜਾਬ ਪੁਲਸ ਨੇ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਗੁਰਪਿੰਦਰ ਉਰਫ਼ ਪਿੰਦੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਕੈਨੇਡਾ ਦੇ ਅੱਤਵਾਦੀ ਲਖਬੀਰ ਸਿੰਘ ਲੰਡਾ ਦਾ ਕਰੀਬੀ ਹੈ। ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਪਿੰਦੂ, ਜੋ ਕਿ ਖੇਮਕਰਨ ਦੇ ਪਿੰਡ ਭੂਰਾ ਕੋਨਾ ਦਾ ਵਾਸੀ ਹੈ, ਕੈਨੇਡਾ ਸਥਿਤ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਦਾ ਨਜ਼ਦੀਕੀ ਸਾਥੀ ਦੱਸਿਆ ਜਾਂਦਾ ਹੈ ਅਤੇ ਉਕਤ ਹਮਲੇ ਦੌਰਾਨ ਮੁਲਜ਼ਮ ਨਿਸ਼ਾਨ ਸਿੰਘ ਅਤੇ ਚੜਤ ਸਿੰਘ ਦੇ ਲਗਾਤਾਰ ਸੰਪਰਕ 'ਚ ਸੀ। ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ 25 ਅਪ੍ਰੈਲ 2022 ਨੂੰ ਮੁਲਜਮ ਚੜਤ ਸਿੰਘ, ਨਿਸ਼ਾਨ ਸਿੰਘ ਅਤੇ ਬਲਜਿੰਦਰ ਰੈਂਬੋ ਆਰਪੀਜੀ ਅਤੇ ਅਸਾਲਟ ਰਾਈਫਲ ਦੀ ਖੇਪ ਤਰਨਤਾਰਨ ਤੋਂ ਅੰਮ੍ਰਿਤਸਰ ਲੈ ਕੇ ਆਏ ਸਨ ਅਤੇ ਇਸ ਖੇਪ ਨੂੰ ਅੰਮ੍ਰਿਤਸਰ ਦੇ ਅਲਫਾ ਮਾਲ ਨੇੜੇ ਪਿੰਦੂ ਦੇ ਘਰ ਰੱਖਿਆ ਸੀ। ਉਨਾਂ  ਅੱਗੇ ਕਿਹਾ ਕਿ ਦੋਸ਼ੀ ਨੇ ਉਸੇ ਰਾਤ ਦੋਨਾਂ ਸ਼ੂਟਰਾਂ- ਦੀਪਕ ਅਤੇ ਇੱਕ ਨਾਬਾਲਗ ਨੂੰ ਆਪਣੇ ਘਰ ਵਿੱਚ ਪਨਾਹ ਵੀ ਦਿੱਤੀ ਸੀ। 

PunjabKesari

ਇਹ ਖ਼ਬਰ ਵੀ ਪੜ੍ਹੋ- ਦੀਪ ਸਿੱਧੂ ਦੀ ਬਰਸੀ ਮੌਕੇ ਮੂਸੇਵਾਲਾ ਦੇ ਪਿਤਾ ਦੇ ਤਿੱਖੇ ਬੋਲ, "ਸਿਰ ਚੁੱਕਣ ਵਾਲਿਆਂ ਨੂੰ ਮਾਰ ਦਿੱਤਾ ਜਾਂਦੈ"

ਜ਼ਿਕਰਯੋਗ ਹੈ ਕਿ ਮੁਲਜ਼ਮ ਗੁਰਪਿੰਦਰ ਪਿੰਦੂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਸ ਇਸ ਮਾਮਲੇ ਵਿਚ ਹੁਣ ਤਕ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦੋਂ ਕਿ ਇਕ ਹੋਰ ਮੁਲਜ਼ਮ ਜੋ ਨਾਬਾਲਗ ਹੈ ਅਤੇ ਹਮਲਾ ਕਰਨ ਵਿਚ ਸ਼ਾਮਲ ਸੀ, ਨੂੰ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਇਕ ਹੋਰ ਮੁਲਜ਼ਮ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਹੈ, ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਹਾਲ ਹੀ ‘ਚ ਗ੍ਰਿਫ਼ਤਾਰ ਕੀਤਾ ਹੈ, ਜਿਸ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ੍ਹ ਗਿਣਤੀ 11 ਹੋ ਗਈ ਹੈ। ਇਸ ਤੋਂ ਪਹਿਲਾਂ ਚੜਤ ਸਿੰਘ, ਨਿਸ਼ਾਨ ਸਿੰਘ, ਜਗਦੀਪ ਸਿੰਘ, ਬਲਜਿੰਦਰ ਸਿੰਘ ਰੈਂਬੋ, ਕੰਵਰਜੀਤ ਸਿੰਘ ਬਾਠ, ਅਨੰਤਦੀਪ ਸਿੰਘ ਸੋਨੂੰ, ਬਲਜੀਤ ਕੌਰ ਸੁੱਖੀ, ਲਵਪ੍ਰੀਤ ਸਿੰਘ ਵਿੱਕੀ ਨੂੰ ਪੰਜਾਬ ਪੁਲਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਖ਼ਬਰ ਵੀ ਪੜ੍ਹੋ - ਮਹਾਠੱਗ ਸੁਕੇਸ਼ ਚੰਦਰਸ਼ੇਖਰ ਹੁਣ ਇਸ ਮਾਮਲੇ 'ਚ ਗ੍ਰਿਫ਼ਤਾਰ, 9 ਦਿਨ ਲਈ ਭੇਜਿਆ ED ਦੀ ਹਿਰਾਸਤ 'ਚ

ਐੱਨ.ਆਈ.ਏ ਨੇ 'ਲੰਡਾ' ਸਿਰ ਰੱਖਿਆ 15 ਲੱਖ ਦਾ ਇਨਾਮ

ਦੱਸ ਦੇਈਏ ਕਿ  9 ਮਈ, 2022 ਨੂੰ ਮੋਹਾਲੀ ਵਿਖੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਲਗਭਗ 19:45 ਵਜੇ ਇੱਕ ਆਰ.ਪੀ.ਜੀ. ਹਮਲਾ ਹੋਇਆ ਸੀ। ਇਸ ਹਮਲੇ ਦਾ ਮਾਸਟਰਮਾਈਂਡ ਅੱਤਵਾਦੀ ਲਖਬੀਰ ਸਿੰਘ ਲੰਡਾ ਨੂੰ ਦੱਸਿਆ ਜਾ ਰਿਹਾ ਹੈ ਤੇ ਉਸ ਦੀ ਗ੍ਰਿਫ਼ਤਾਰੀ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। 15 ਫ਼ਰਵਰੀ ਨੂੰ ਐੱਨ.ਆਈ.ਏ. ਵੱਲੋਂ ਅੱਤਵਾਦੀ ਲਖਬੀਰ ਸਿੰਘ 'ਲੰਡਾ' ਨੂੰ ਫੜਨ ਲਈ 15 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਲਖਬੀਰ ਸਿੰਘ ਸੰਧੂ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਹਰੀਕੇ ਦਾ ਰਹਿਣ ਵਾਲਾ ਹੈ ਤੇ ਮੌਜੂਦਾ ਸਮੇਂ ਉਹ ਕੈਨੇਡਾ 'ਚ ਲੁਕਿਆ ਹੋਇਆ ਹੈ। ਏਜੰਸੀ ਨੇ ਕਿਹਾ ਹੈ ਕਿ ਲਖਬੀਰ ਸਿੰਘ ਲੰਡਾ ਦਾ ਸੁਰਾਗ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News