ਸਰਹਿੰਦ ਫਤਿਹ ਦਿਵਸ ’ਤੇ ਨੂਰਪੁਰਬੇਦੀ ਪਹੁੰਚੇ ਗੁਰਨਾਮ ਸਿੰਘ ਚਢੂਨੀ, ਮੋਦੀ ਸਰਕਾਰ ’ਤੇ ਕੀਤੇ ਤਿੱਖੇ ਸ਼ਬਦੀ ਹਮਲੇ
Wednesday, May 12, 2021 - 08:47 PM (IST)
ਫਤਿਹਗੜ੍ਹ ਸਾਹਿਬ (ਸੱਜਣ ਸੈਣੀ)-ਸਰਹਿੰਦ ਫਤਿਹ ਦਿਵਸ ਮੌਕੇ ਸ੍ਰੀ ਆਨੰਦਪੁਰ ਸਾਹਿਬ ਦੇ ਨੂਰਪੁਰਬੇਦੀ ਬਲਾਕ ਦੇ ਪਿੰਡ ਅਬਿਆਣਾ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਕਿਸਾਨ ਕਾਨਫ਼ਰੰਸ ਦੌਰਾਨ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਆਪਣੇ ਸਾਥੀਆਂ ਨਾਲ ਪਹੁੰਚੇ। ਇਸ ਮੌਕੇ ਕਿਸਾਨ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਚਢੂਨੀ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਤਾਂ ਗੁਆਉਣ ਲਈ ਕੁਝ ਵੀ ਨਹੀਂ ਹੈ, ਸਰਕਾਰ ਨੂੰ ਆਪਣੀ ਫਿਕਰ ਕਰਨੀ ਚਾਹੀਦੀ ਹੈ। ਕੇਂਦਰ ਸਰਕਾਰ ਦੀ 6 ਮਹੀਨੇ ਪਹਿਲਾਂ ਜੋ ਹਾਲਤ ਸੀ, ਉਹ ਹਾਲਤ ਹੁਣ ਨਹੀਂ ਰਹੀ। ਹੁਣ ਇਸ ਦੀ ਹਾਲਤ ਪਤਲੀ ਹੋ ਚੁੱਕੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਹਰ ਘਰ ’ਚ ਮੋਦੀ ਸਰਕਾਰ ਨੂੰ ਭੰਡਿਆ ਜਾ ਰਿਹਾ ਹੈ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਬੰਗਾਲ ’ਚ ਭਾਜਪਾ ਦੀ ਹਾਰ ਤੋਂ ਬਾਅਦ ਹੁਣ ਜੇਕਰ ਪੰਜਾਬ ’ਚ ਵੀ ਭਾਜਪਾ ਆਉਂਦੀ ਹੈ ਤਾਂ ਚੋਣਾਂ ’ਚ ਉਸ ਨੂੰ ਮੂੰਹ ਦੀ ਖਾਣੀ ਪਵੇਗੀ ਤੇ ਇਸ ਦੇ ਆਗੂਆਂ ਦੀਆਂ ਜ਼ਮਾਨਤਾਂ ਰੱਦ ਕਰਵਾਈਆਂ ਜਾਣਗੀਆਂ। ਕੋਰੋਨਾ ਵਾਇਰਸ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੋ ਏ. ਸੀ. ’ਚ ਬੈਠਦੇ ਹਨ ਅਤੇ ਜਿਨ੍ਹਾਂ ਨੇ ਮਿਹਨਤ ਨਹੀਂ ਕਰਨੀ, ਉਨ੍ਹਾਂ ਨੂੰ ਕੋਰੋਨਾ ਹੁੰਦਾ ਹੈ। ਇਹ ਖੋਜ ਅਮਰੀਕਾ ’ਚ ਹੋ ਚੁੱਕੀ ਹੈ, ਜੋ ਅੱਜ ਅਖਬਾਰ ’ਚ ਵੀ ਲੱਗੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਦਿੱਲੀ ’ਚ ਬੈਠੇ ਕਿਸੇ ਵੀ ਕਿਸਾਨ ਨੂੰ ਕੋਰੋਨਾ ਨਹੀਂ ਹੋ ਸਕਦਾ ਕਿਉਂਕਿ ਉੱਥੇ ਸਾਰੇ ਮਿਹਨਤ ਕਰਨ ਵਾਲੇ ਹਨ।
ਪੱਛਮੀ ਬੰਗਾਲ ਦੀ ਲੜਕੀ ਨਾਲ ਅੰਦੋਲਨ ਦੌਰਾਨ ਹੋਏ ਜਬਰ-ਜ਼ਨਾਹ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੰਦੋਲਨ ਦੌਰਾਨ ਜਬਰ-ਜ਼ਨਾਹ ਦਾ ਕੋਈ ਵੀ ਸਬੂਤ ਨਹੀਂ ਸੀ ਪਰ ਉਸ ਨਾਲ ਰਸਤੇ ’ਚ ਛੇੜਛਾੜ ਜ਼ਰੂਰ ਹੋਈ ਹੈ। ਉਸ ਲੜਕੀ ਦੀ ਮੌਤ ਹਸਪਤਾਲ ’ਚ ਕੋਰੋਨਾ ਨਾਲ ਹੋ ਗਈ ਤਾਂ ਉਦੋਂ ਉਸ ਦੇ ਪਿਤਾ ਆਏ ਸਨ, ਉਨ੍ਹਾਂ ਨੇ ਫਿਰ ਵੀ ਕੋਈ ਐਕਸ਼ਨ ਨਹੀਂ ਲਿਆ। ਅਸੀਂ ਉਨ੍ਹਾਂ ਨੂੰ ਕਿਹਾ ਸੀ ਕਿ ਪੁਲਸ ਕੰਪਲੇਟ ਕਰਨੀ ਚਾਹੀਦੀ ਹੈ ਤਾਂ ਉਨ੍ਹਾਂ ਅੱਗੋਂ ਕਿਹਾ ਕਿ ਉਸ ਦੀ ਬੇਟੀ ਦੀ ਅੰਤਿਮ ਇੱਛਾ ਸੀ ਕਿ ਉਸ ਦੇ ਕਾਰਨ ਕਿਸਾਨ ਅੰਦੋਲਨ ਬਦਨਾਮ ਨਾ ਹੋਵੇ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਕੰਪਲੇਟ ਕਰ ਦਿੱਤੀ ਹੈ ਤੇ ਅਸੀਂ ਉਨ੍ਹਾਂ ਦੇ ਨਾਲ ਹਾਂ। ਇਸ ਮੌਕੇ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਦੇ ਬਿਆਨ ਕਿ ਦਿੱਲੀ ਬੈਠੇ ਸਾਰੇ ਕਿਸਾਨ ਅਕਾਲੀ ਦਲ ਦੇ ਵਰਕਰ ਹਨ, ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਕਾਲੀਆਂ ਦਾ ਅੰਦੋਲਨ ਦੌਰਾਨ ਕੋਈ ਵਰਕਰ ਨਹੀਂ ਬਲਕਿ ਸਾਰੇ ਕਿਸਾਨ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇ ਸ੍ਰੀ ਗੁਰਦੁਆਰਾ ਸਾਹਿਬ ਤੋਂ ਲੰਗਰ ਆਉਂਦਾ ਸੀ ਤਾਂ ਉਹ ਉਨ੍ਹਾਂ ਦਾ ਨਹੀਂ, ਗੁਰੂਘਰ ਸਾਰਿਆਂ ਦਾ ਸਾਂਝਾ ਹੁੰਦਾ ਹੈ।