ਗੁਰਲਾਲ ਭਲਵਾਨ ਕਤਲ ਕਾਂਡ ਵਿਚ ਪੁਲਸ ਨੇ ਸਾਹਮਣੇ ਲਿਆਂਦੇ ਹੈਰਾਨ ਕਰਨ ਵਾਲੇ ਤੱਥ
Tuesday, Mar 09, 2021 - 08:56 PM (IST)
ਫ਼ਰੀਦਕੋਟ (ਰਾਜਨ)- ਬੀਤੀ 18 ਫ਼ਰਵਰੀ ਨੂੰ ਫ਼ਰੀਦਕੋਟ ਵਿਖੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਭਲਵਾਨ ਹੱਤਿਆ ਕਾਂਡ ਦੇ ਦੋਸ਼ੀਆਂ ਸਬੰਧੀ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਸਵਰਨਦੀਪ ਸਿੰਘ ਨੇ ਦੱਸਿਆ ਕਿ ਵਾਰਦਾਤ ਤੋਂ ਦੋ ਦਿਨ ਬਾਅਦ ਹੀ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ 3 ਦੋਸ਼ੀਆਂ ਅਤੇ ਚੌਥੇ ਹਥਿਆਰ ਸਪਲਾਈ ਕਰਨ ਵਾਲੇ ਮੁਲਜ਼ਮ ਤੋਂ ਇਲਾਵਾ ਰੇਕੀ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਹਨ ਕਿ ਇਹ ਕਤਲ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਅਤੇ ਇਸ ਵਿਚ ਹਰ ਦੋਸ਼ੀ ਦੀ ਡਿਊਟੀ ਵੱਖ-ਵੱਖ ਕੰਮਾਂ ਲਈ ਲਗਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਕਤਲ ਕੇਸ ਵਿਚ ਜਿਸ ਦੋਸ਼ੀ ਗੋਰਾ ਦੀ ਕਾਰ ਇਸਤੇਮਾਲ ਕੀਤੀ ਗਈ ਸੀ, ਕਤਲ ਕਰਨ ਮਗਰੋਂ ਦੋਸ਼ੀ ਇਸੇ ਕਾਰ ਵਿਚ ਇੱਥੋਂ ਫਰਾਰ ਹੋਏ ਪ੍ਰੰਤੂ ਝੱਜਰ ਲਾਗੇ ਇਨ੍ਹਾਂ ਨੂੰ ਸੰਦੇਸ਼ ਮਿਲਣ ’ਤੇ ਇਨ੍ਹਾਂ ਨੇ ਕਾਰ ਉੱਥੇ ਛੱਡ ਦਿੱਤੀ ਅਤੇ ਕਾਰ ਵਿਚ ਸਵਾਰ ਦੋ ਸ਼ੂਟਰ ਉੱਥੋ ਇਨ੍ਹਾਂ ਨਾਲੋਂ ਵੱਖ ਹੋ ਗਏ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਲਈ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਨੂੰ ਬਹੁਤ ਸਾਰੇ ਰੌਂਦ ਤੋਂ ਇਲਾਵਾ ਹੋਰ ਵਾਹਨਾਂ ਦੀ ਵੀ ਬਰਾਮਦਗੀ ਹੋਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਾਂਚ ਦੌਰਾਨ ਵਿਦੇਸ਼ ਬੈਠੇ ਗੋਲਡੀ ਬਰਾੜ ਦੀ ਸ਼ਮੂਲੀਅਤ ਆ ਰਹੀ ਹੈ। ਇਸ ਤੋਂ ਇਲਾਵਾ ਕਤਲ ਤੋਂ ਥੋੜ੍ਹੀ ਦੇਰ ਬਾਅਦ ਹੀ ਬਿਸ਼ਨੋਈ ਗਰੁੱਪ ਵੱਲੋਂ ਸੋਸ਼ਲ ਮੀਡੀਆ ’ਤੇ ਇਸਦੀ ਜ਼ਿੰਮੇਵਾਰੀ ਵੀ ਲੈ ਲਈ ਗਈ ਸੀ ਜਿਸਦੀ ਪੜਤਾਲ ਸਾਈਬਰ ਜਾਂਚ ਜਾਰੀ ਹੈ ਅਤੇ ਪੁਖਤਾ ਸਬੂਤ ਮਿਲਣ ’ਤੇ ਲਾਰੈਂਸ ਬਿਸ਼ਨੋਈ ਨੂੰ ਵੀ ਇਸ ਕਤਲ ਕੇਸ ਵਿਚ ਨਾਮਜ਼ਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਮੋਗਾ 'ਚ ਵੱਡੀ ਵਾਰਦਾਤ, ਅਦਾਲਤ ਆਈ ਸਾਲ਼ੀ ਦਾ ਜੀਜੇ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਕਤਲ
ਉਨ੍ਹਾਂ ਦਾਅਵਾ ਕੀਤਾ ਕਿ ਇਸ ਕਤਲ ਕਾਂਡ ਵਿਚ ਗੋਲਡੀ ਬਰਾੜ ਦਾ ਬਹੁਤ ਵੱਡਾ ਹੱਥ ਹੈ।ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਕੇਸ ਦੀ ਜਾਂਚ ਪੁਲਸ ਵੱਲੋਂ ਬਿਲਕੁੱਲ ਨਿਰਪੱਖ ਰੂਪ ਵਿਚ ਕੀਤੀ ਜਾ ਰਹੀ ਹੈ। ਪੁੱਛੇ ਗਏ ਸਵਾਲ ਦੇ ਜਵਾਬ ਵਿਚ ਸੀਨੀਅਰ ਪੁਲਸ ਕਪਤਾਨ ਨੇ ਸਪੱਸ਼ਟ ਕੀਤਾ ਕਿ ਉਹ ਜਾਂਚ ਨੂੰ ਪ੍ਰਭਾਵਿਤ ਜਾਂ ਕਿਸੇ ਦੋਸ਼ੀ ਨੂੰ ਫ਼ਾਇਦਾ ਪਹੁੰਚਾਉਣ ਵਾਲੀ ਗੱਲ ਨਹੀਂ ਕਰਦੇ, ਇਸ ਲਈ ਜਿਵੇਂ-ਜਿਵੇਂ ਨਵੇਂ ਤੱਥ ਸਾਹਮਣੇ ਆਉਣਗੇ, ਲੋੜ ਪਈ ਤਾਂ ਹੋਰਨਾਂ ਤੋਂ ਵੀ ਪੁੱਛ-ਗਿੱਛ ਕੀਤੀ ਜਾਣੀ ਸੰਭਵ ਹੈ। ਜ਼ਿਲ੍ਹਾ ਪੁਲਸ ਮੁਖੀ ਨੇ ਦਾਅਵਾ ਕੀਤਾ ਕਿ ਇਸ ਹੱਤਿਆ ਕਾਂਡ ਦੀ ਜਾਂਚ ਬਿਲਕੁੱਲ ਮੈਰੇਟ ’ਤੇ ਆਧਾਰਿਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋ ਸ਼ੂਟਰਾਂ ਸਬੰਧੀ ਮੁਕੰਮਲ ਜਾਣਕਾਰੀ ਪੁਲਸ ਵਿਭਾਗ ਕੋਲ ਹੈ, ਇਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਜਸਤਿੰਦਰ ਸਿੰਘ ਧਾਲੀਵਾਲ ਡੀ.ਐੱਸ.ਪੀ, ਸੇਵਾ ਸਿੰਘ ਮੱਲ੍ਹੀ ਐੱਸ.ਪੀ. ਅਤੇ ਸਤਵਿੰਦਰ ਸਿੰਘ ਵਿਰਕ ਡੀ.ਐੱਸ.ਪੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਕਤਲ ਕੀਤੇ ਬੱਚਿਆਂ ਦਾ ਹੋਇਆ ਪੋਸਟਮਾਰਟਮ, ਸਾਹਮਣੇ ਆਈਆਂ ਹੈਰਾਨ ਕਰਨ ਵਾਲੀਆਂ ਗੱਲਾਂ