ਸ੍ਰੀ ਹਰਿਮੰਦਰ ਸਾਹਿਬ ਤੋਂ ਕੀਰਤਨ ਪ੍ਰਸਾਰਨ ਰੋਕ ਕੇ ਮਜੀਠੀਆ ਦੀ ਰੈਲੀ ਦਿਖਾਉਣ ਦਾ ਮਾਮਲਾ ਭੱਖਿਆ

10/16/2019 1:12:27 PM

ਅੰਮ੍ਰਿਤਸਰ (ਕਮਲ) : ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਆਪਣੇ ਆਪ ਨੂੰ ਪੰਥਕ ਪਾਰਟੀ ਅਖਵਾਉਣ ਵਾਲੇ ਅਕਾਲੀ ਦਲ ਨੇ ਧਾਰਮਿਕ ਸਮਾਗਮਾਂ 'ਚ ਸਿਆਸਤ ਕਰਨ ਦੀ ਪੁਰਾਣੀ ਪ੍ਰੰਪਰਾ ਨੂੰ ਕਾਇਮ ਰੱਖਿਆ ਹੈ। ਦੱਸ ਦਈਏ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਇਕ ਨਿੱਜੀ ਟੀ. ਵੀ. ਚੈਨਲ 'ਤੇ ਚੱਲ ਰਹੇ ਕੀਰਤਨ ਦੇ ਸਿੱਧੇ ਪ੍ਰਸਾਰਨ ਨੂੰ ਰੋਕ ਕੇ ਵਿਧਾਨ ਸਭਾ ਹਲਕਾ ਦਾਖਾ (ਲੁਧਿਆਣਾ) ਦੀ ਜ਼ਿਮਨੀ ਚੋਣ 'ਚ ਅਕਾਲੀ ਦਲ ਦੇ ਉਮੀਦਵਾਰ ਦੀ ਇਕ ਚੋਣ ਰੈਲੀ ਦਾ ਸਿੱਧਾ ਪ੍ਰਸਾਰਨ ਕਰਵਾਇਆ ਗਿਆ। ਇਸ ਨਾਲ ਸਿੱਧੇ ਕੀਰਤਨ ਪ੍ਰਸਾਰਨ ਦਾ ਅਨੰਦ ਮਾਣ ਰਹੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ।

ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਥਿਤ ਤੌਰ 'ਤੇ ਅਕਾਲੀ ਦਲ ਦੇ ਹਮਾਇਤੀ ਨਿੱਜੀ ਪੰਜਾਬੀ ਚੈਨਲ 'ਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਿੱਧਾ ਕੀਰਤਨ ਪ੍ਰਸਾਰਨ ਕੀਤਾ ਜਾ ਰਿਹਾ ਸੀ। ਦੁਪਹਿਰ 1 ਵੱਜ ਕੇ 49 ਮਿੰਟ 'ਤੇ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਪ੍ਰਸਾਰਨ ਨੂੰ ਬੰਦ ਕਰ ਕੇ ਵਿਧਾਨ ਸਭਾ ਹਲਕਾ ਦਾਖਾ ਵਿਖੇ ਹੋ ਰਹੀ ਜ਼ਿਮਨੀ ਚੋਣ ਦੌਰਾਨ ਪਿੰਡ ਜੰਡੀ ਵਿਖੇ ਅਕਾਲੀ ਦਲ ਉਮੀਦਵਾਰ ਦੇ ਹੱਕ 'ਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਕੀਤੀ ਚੋਣ ਰੈਲੀ ਦਾ ਸਿੱਧਾ ਪ੍ਰਸਾਰਨ ਕਰ ਕੇ ਦਿਖਾ ਦਿੱਤਾ ਕਿ ਅਕਾਲੀ ਆਗੂ ਆਪਣੇ ਆਪ ਨੂੰ ਗੁਰਧਾਮਾਂ ਤੋਂ ਵੀ ਉੱਪਰ ਸਮਝਦੇ ਹਨ।

ਔਜਲਾ ਨੇ ਕਿਹਾ ਕਿ ਇਕ ਪਾਸੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਪੂਰੇ ਵਿਸ਼ਵ 'ਚ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਦੇ ਸਿੱਧੇ ਪ੍ਰਸਾਰਨ ਰਾਹੀਂ ਜੁੜ ਕੇ ਗੁਰੂਘਰ ਦੀਆਂ ਖੁਸ਼ੀਆਂ ਹਾਸਲ ਕਰ ਰਹੀਆਂ ਸਨ, ਜਦਕਿ ਅਕਾਲੀ ਆਗੂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਕੇ ਆਪਣੀ ਰਾਜਨੀਤੀ ਨੂੰ ਚਮਕਾਉਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਔਜਲਾ ਨੇ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗ ਕੀਤੀ ਕਿ ਗੁਰਬਾਣੀ ਪ੍ਰਸਾਰਨ ਨੂੰ ਰੋਕ ਕੇ ਚੋਣ ਰੈਲੀ ਦਿਖਾਉਣ ਦੀ ਜਾਂਚ ਕਰ ਕੇ ਸਬੰਧਤ ਅਕਾਲੀ ਆਗੂਆਂ ਨੂੰ ਤਲਬ ਕਰ ਕੇ ਉਨ੍ਹਾਂ ਖਿਲਾਫ ਸਿੱਖੀ ਸਿਧਾਂਤ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ।


Anuradha

Content Editor

Related News