ਅੰਮ੍ਰਿਤਸਰ ਵਾਸੀਆਂ ਲਈ ਅਹਿਮ ਖ਼ਬਰ, ਕੇਂਦਰੀ ਮੰਤਰੀ ਗਡਕਰੀ ਨੇ ਪ੍ਰਵਾਨ ਕੀਤੀ ਇਹ ਮੰਗ

04/04/2022 5:03:49 PM

ਅੰਮ੍ਰਿਤਸਰ (ਗੁਰਿੰਦਰ ਸਾਗਰ) : ਅੰਮ੍ਰਿਤਸਰ ਤੇ ਇਸ ਦੇ ਆਲੇ-ਦੁਆਲੇ ਬਣੇ ਪੁਲ ਹੁਣ ਪਿੱਲਰਾਂ ਵਾਲੇ ਪੁਲਾਂ 'ਚ ਤਬਦੀਲ ਹੋਣਗੇ ਅਤੇ ਭਵਿੱਖ 'ਚ ਬਣਨ ਵਾਲੇ ਪੁਲ ਵੀ ਹੁਣ ਪਿੱਲਰਾਂ ਵਾਲੇ ਹੀ ਬਣਨਗੇ। ਇਹ ਐਲਾਨ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨਾਲ ਇਕ ਰਸਮੀ ਮੁਲਾਕਾਤ ਤੋਂ ਬਾਅਦ ਕੀਤਾ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਵੱਲੋਂ ਅੰਮ੍ਰਿਤਸਰ ਤੋਂ ਏਅਰਪੋਰਟ ਤੱਕ ਬਣਨ ਵਾਲੇ ਐਲੀਵੇਟਿਡ ਰੋਡ ਦੀ ਪ੍ਰਾਜੈਕਟ ਰਿਪੋਰਟ ਵੀ ਤਲਬ ਕਰ ਲਈ ਗਈ ਹੈ।

ਇਹ ਵੀ ਪੜ੍ਹੋ : ਪਿਤਾ ਦੀ ਮੌਤ ਦਾ ਸਰਟੀਫਿਕੇਟ ਲੈਣ ਗਏ ਮਹਿਲਾ ਹੈਲਥ ਵਰਕਰ ਨਾਲ ਹੋਏ ਹੱਥੋਪਾਈ, ਮਾਮਲਾ ਦਰਜ

ਔਜਲਾ ਅੱਜ ਪਾਰਲੀਮੈਂਟ ਵਿਚ ਪੰਜਾਬ ਨੈਸ਼ਨਲ ਹਾਈਵੇ ਅਤੇ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਦੀ ਸੜਕੀ ਆਵਾਜਾਈ ਸਬੰਧੀ ਇਲਾਕਾ ਨਿਵਾਸੀਆਂ ਤੇ ਦੂਰੋਂ-ਨੇੜਿਓਂ ਆਉਣ ਵਾਲੇ ਯਾਤਰੀਆਂ ਦੀਆਂ ਸਮੱਸਿਆਵਾਂ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਮਿਲੇ ਸਨ, ਜਿਨ੍ਹਾਂ ਨੂੰ ਬਜਟ ਸੈਸ਼ਨ 'ਚ ਪ੍ਰਮੁੱਖਤਾ ਨਾਲ ਲਿਆਉਣ ਦੀ ਮੰਗ ਕੀਤੀ ਗਈ। ਭਾਰਤ ਮਾਲਾ ਪ੍ਰਾਜੈਕਟ 'ਤੇ ਵੀ ਔਜਲਾ ਨੇ ਉਨ੍ਹਾਂ ਨਾਲ ਵਿਸਥਾਰ ਵਿਚ ਚਰਚਾ ਕੀਤੀ। ਗਡਕਰੀ ਨੇ ਔਜਲਾ ਦੇ ਸੁਝਾਵਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਅੰਮ੍ਰਿਤਸਰ 'ਚ ਅਤੇ ਇਸ ਦੇ ਆਲੇ-ਦੁਆਲੇ ਬਣਨ ਵਾਲੇ ਪੁਲ ਜੇ ਸ਼ਹਿਰ ਦੀ ਦਿਖ ਨੂੰ ਵਿਗਾੜਦੇ ਹਨ ਅਤੇ ਇਸ ਨਾਲ ਯਾਤਰੀਆਂ ਦੀਆਂ ਸਮੱਸਿਆਵਾਂ ਵੱਧਦੀਆਂ ਹਨ ਤਾਂ ਉਨ੍ਹਾਂ ਦਾ ਇਹ ਸੁਝਾਅ ਬਹੁਤ ਕੀਮਤੀ ਹੈ ਕਿ ਅੰਮ੍ਰਿਤਸਰ 'ਚ ਤੇ ਇਸ ਦੇ ਆਲੇ-ਦੁਆਲੇ ਪਿੱਲਰਾਂ ਵਾਲੇ ਪੁਲ ਬਣਨੇ ਚਾਹੀਦੇ ਹਨ।

ਇਹ ਵੀ ਪੜ੍ਹੋ : ਸਬ-ਇੰਸਪੈਕਟਰ ਤੋਂ ਦੁਖੀ ਵਿਅਕਤੀ ਨੇ ਥਾਣੇ ਦੇ ਅੰਦਰ ਹੀ ਖੁਦ 'ਤੇ ਪੈਟਰੋਲ ਪਾ ਲਗਾਈ ਅੱਗ

ਔਜਲਾ ਨੇ ਵਿਸਥਾਰ ਵਿਚ ਉਨ੍ਹਾਂ ਅੱਗੇ ਅੰਮ੍ਰਿਤਸਰ ਦੀ ਸਥਿਤੀ ਬਿਆਨ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਅਤੇ ਕਰਤਾਰਪੁਰ ਨਾਲ ਸਮੂਹ ਨਾਨਕ ਨਾਮਲੇਵਾ ਸੰਗਤਾਂ ਦੀ ਸ਼ਰਧਾ ਜੁੜੀ ਹੋਈ ਹੈ। ਅੰਮ੍ਰਿਤਸਰ ਦੇ ਨਾਲ ਡੇਰਾ ਬਾਬਾ ਨਾਨਕ ਵਿਖੇ ਵੀ ਸੰਗਤਾਂ ਦੀ ਆਮਦ ਨੂੰ ਵੇਖਦਿਆਂ ਅੰਮ੍ਰਿਤਸਰ ਏਅਰਪੋਰਟ ਐਲੀਵੇਟਿਡ ਰੋਡ ਨੂੰ ਬਣਾਉਣ ਵਿਚ ਦੇਰੀ ਨਹੀਂ ਕਰਨੀ ਚਾਹੀਦੀ। ਆਪਣੀ ਮੁਲਾਕਾਤ 'ਚ ਔਜਲਾ ਨੇ ਨੈਸ਼ਨਲ ਹਾਈਵੇ-3 'ਤੇ ਬਲੈਕ ਸਪਾਟ ਫਿਕਸਿੰਗ ਤਹਿਤ ਚੱਲ ਰਹੇ ਕਾਰਜਾਂ ਲਈ ਧੰਨਵਾਦ ਕਰਦਿਆਂ ਲਿਖਤੀ ਤੌਰ 'ਤੇ ਹੋਰ ਮੰਗਾਂ ਵੀ ਕੇਂਦਰੀ ਮੰਤਰੀ ਅੱਗੇ ਰੱਖੀਆਂ, ਜਿਨ੍ਹਾਂ 'ਚ ਅੰਮ੍ਰਿਤਸਰ ਦੇ ਬਾਈਪਾਸ ਤੇ ਨਾਲ ਲੱਗਦੇ ਸਾਰੇ ਮਾਰਗਾਂ ਉੱਪਰ ਬਣਾਏ ਜਾ ਰਹੇ ਪੁਲ ਪਿੱਲਰਾਂ ਵਾਲੇ ਬਣਾਏ ਜਾਣੇ ਚਾਹੀਦੇ ਹਨ, ਮੁੱਖ ਤੌਰ 'ਤੇ ਸ਼ਾਮਲ ਹੈ। ਉਨ੍ਹਾਂ ਮਾਨਾਂਵਾਲਾ ਤੋਂ ਗੋਲਡਨ ਗੇਟ ਤੱਕ ਦੇ ਪੁਲ ਜਿਨ੍ਹਾਂ ਵਿਚ ਦਬੁਰਜੀ, ਡਰੀਮ ਸਿਟੀ, ਐਕਸਪ੍ਰੈੱਸ ਵੇਅ-ਹਾਈਵੇ 354 ਰਿੰਗ ਰੋਡ ਇੰਟਰਚੇਂਜ ਤੋਂ ਸ਼ਹਿਰ ਵੱਲ ਸਾਰੇ ਪੁਲ ਬਾਈਪਾਸ ਤੋਂ ਲੋਹਾਰਕਾ ਵੱਲ ਸਲਿਪ ਰੋਡ ਆਦਿ ਨੂੰ ਮਿੱਟੀ ਵਾਲੇ ਪੁਲਾਂ ਦੀ ਬਜਾਏ ਪਿੱਲਰਾਂ ਵਾਲੇ ਪੁਲਾਂ ਦੇ ਹੁਕਮ ਜਾਰੀ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਬਦਲੀਆਂ ਰੱਦ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਦੂਜੇ ਦਿਨ ਵੀ ਡਟੇ ਰਹੇ ETT ਅਧਿਆਪਕ

ਉਨ੍ਹਾਂ ਇਸ ਨੂੰ ਸਮੇਂ ਦੀ ਲੋੜ ਦੱਸਦਿਆਂ ਅੰਮ੍ਰਿਤਸਰ ਤੋਂ ਏਅਰਪੋਰਟ ਤੱਕ ਐਲੀਵੇਟਿਡ ਸੜਕ ਦੇ ਕੰਮ ਨੂੰ ਤੇਜ਼ੀ ਨਾਲ ਸ਼ੁਰੂ ਕਰਨ ਦੀ ਵੀ ਬੇਨਤੀ ਕੀਤੀ। ਇਸ ਦੇ ਨਾਲ ਅੰਮ੍ਰਿਤਸਰ ਬਾਈਪਾਸ 'ਤੇ ਲਾਈਟਾਂ ਅਤੇ ਅੰਮ੍ਰਿਤਸਰ-ਪਠਾਨਕੋਟ ਹਾਈਵੇ ਦੀ ਰਿਪੇਅਰ ਆਦਿ ਦੇ ਕਾਰਜਾਂ ਨੂੰ ਵੀ ਜਲਦ ਆਰੰਭ ਕਰਵਾਉਣ ਲਈ ਤਜਵੀਜ਼ ਰੱਖੀ। ਗਡਕਰੀ ਨੇ ਸਾਰੇ ਕਾਰਜਾਂ ਨੂੰ ਸਾਕਾਰਾਤਮਕ ਤੌਰ 'ਤੇ ਆਰੰਭ ਅਤੇ ਪੂਰਾ ਕਰਨ ਦਾ ਭਰੋਸਾ ਹੀ ਨਹੀਂ ਸਗੋਂ ਤੁਰੰਤ ਪ੍ਰਭਾਵ ਨਾਲ ਅਮਲੀਜਾਮਾ ਪਾਉਣ ਦੇ ਵੀ ਮੰਤਰਾਲੇ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਮੌਕੇ ਕੇਂਦਰੀ ਮੰਤਰੀ ਵੀ. ਕੇ. ਸਿੰਘ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਸੰਸਦ ਮੈਂਬਰ ਸੀ. ਪੀ. ਜੋਸ਼ੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਦੇ ਘਰੋਂ 15 ਤੋਲੇ ਸੋਨੇ ਦੇ ਗਹਿਣੇ ਤੇ ਲੱਖਾਂ ਦੀ ਨਕਦੀ 'ਤੇ ਚੋਰਾਂ ਨੇ ਕੀਤਾ ਹੱਥ ਸਾਫ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News