ਸਰਪੰਚ ਕੁਲਜੀਤ ਸਿੰਘ ਦੀ ਮੌਤ ਨੂੰ ਲੈ ਕੇ ਔਜਲਾ ਨੇ ਖੜ੍ਹੇ ਕੀਤੇ ਸਵਾਲ, CBI ਜਾਂਚ ਦੀ ਮੰਗ

Sunday, Sep 27, 2026 - 08:35 PM (IST)

ਸਰਪੰਚ ਕੁਲਜੀਤ ਸਿੰਘ ਦੀ ਮੌਤ ਨੂੰ ਲੈ ਕੇ ਔਜਲਾ ਨੇ ਖੜ੍ਹੇ ਕੀਤੇ ਸਵਾਲ, CBI ਜਾਂਚ ਦੀ ਮੰਗ

ਅੰਮ੍ਰਿਤਸਰ (ਜ. ਬ.): ਅੰਮ੍ਰਿਤਸਰ ਦੇ ਰਮਦਾਸ ਨੇੜੇ ਪਿੰਡ ਮਹਿਮੂਦ ਮੰਦਰਾਂ ਦੇ ਸਰਪੰਚ ਕੁਲਜੀਤ ਸਿੰਘ ਦੀ ਰਹੱਸਮਈ ਹਾਲਾਤਾਂ ਵਿਚ ਹੋਈ ਮੌਤ ਨੂੰ ਲੈ ਕੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਪੁਲਸ ਦੀ ਕਾਰਗੁਜ਼ਾਰੀ ’ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਮੀਡੀਆ ਏਜੰਸੀ ਨਾਲ ਗੱਲਬਾਤ ਦੌਰਾਨ ਔਜਲਾ ਨੇ ਕਿਹਾ ਕਿ ਸਰਪੰਚ ਕੁਲਜੀਤ ਸਿੰਘ 21 ਤਰੀਕ ਨੂੰ ਆਪਣੇ ਪੋਤੇ ਦਾ ਜਨਮ ਸਰਟੀਫਿਕੇਟ ਲੈਣ ਲਈ ਫਤਿਹਗੜ੍ਹ ਚੂੜੀਆਂ ਗਏ ਸਨ, ਪਰ ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਹੁੰਚੇ। 

ਔਜਲਾ ਮੁਤਾਬਕ ਉਨ੍ਹਾਂ ਦੇ ਲਾਪਤਾ ਹੋਣ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਸੀ ਅਤੇ ਕਥਿਤ ਤੌਰ ’ਤੇ ਉਨ੍ਹਾਂ ਦਾ ਫੋਨ ਕਈ ਘੰਟਿਆਂ ਤੱਕ ਚੱਲਦਾ ਰਿਹਾ, ਪਰ ਪੁਲਸ ਉਨ੍ਹਾਂ ਦੀ ਸਹੀ ਲੋਕੇਸ਼ਨ ਟ੍ਰੇਸ ਨਹੀਂ ਕਰ ਸਕੀ। ਔਜਲਾ ਨੇ ਕਿਹਾ ਕਿ 23 ਤਰੀਕ ਨੂੰ ਕੁਲਜੀਤ ਸਿੰਘ ਦੀ ਮ੍ਰਿਤਕ ਦੇਹ ਸੜਕ ਕਿਨਾਰੇ ਮਿਲੀ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਮਾਮਲਾ ਹਾਦਸਾ ਦੱਸਣ ਦੀ ਕੋਸ਼ਿਸ਼ ਕੀਤੀ ਗਈ, ਪਰ ਪਰਿਵਾਰ ਵੱਲੋਂ ਮੌਤ ਦੇ ਹਾਲਾਤਾਂ ’ਤੇ ਸਵਾਲ ਚੁੱਕੇ ਜਾ ਰਹੇ ਹਨ। ਔਜਲਾ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸਰਕਾਰ CBI ਜਾਂਚ ਨਹੀਂ ਕਰਵਾਉਂਦੀ ਤਾਂ ਉਹ ਅਦਾਲਤ ਦਾ ਰੁਖ਼ ਕਰਨਗੇ। ਇਸ ਦੇ ਨਾਲ ਹੀ ਔਜਲਾ ਨੇ ਸਰਹੱਦੀ ਇਲਾਕਿਆਂ ਵਿਚ ਫਿਰੌਤੀ ਦੀਆਂ ਕਾਲਾਂ ਅਤੇ ਫਾਇਰਿੰਗ ਦੀਆਂ ਘਟਨਾਵਾਂ ਦਾ ਵੀ ਮੁੱਦਾ ਚੁੱਕਿਆ। ਉਨ੍ਹਾਂ ਦਾਅਵਾ ਕੀਤਾ ਕਿ ਸੈਦੋਕੇ ਦੇ ਸਰਪੰਚ ਮਨਜਿੰਦਰ ਸਿੰਘ ਨੂੰ ਧਮਕੀਆਂ ਅਤੇ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ। 

ਇਸ ਤੋਂ ਇਲਾਵਾ ਸਾਬਕਾ ਸਰਪੰਚ ਰਾਕੇਸ਼ ਸ਼ਾਹੀ ਤੋਂ ਵੀ ਫਿਰੌਤੀ ਮੰਗੇ ਜਾਣ ਅਤੇ ਨਾਨਕਪੁਰਾ ਵਿਚ ਗੋਲੀਬਾਰੀ ਦੀ ਘਟਨਾ ਦਾ ਉਨ੍ਹਾਂ ਜ਼ਿਕਰ ਕੀਤਾ। ਔਜਲਾ ਨੇ ਕਿਹਾ ਕਿ ਇੰਡੀਅਨ ਯੂਥ ਕਾਂਗਰਸ ਦੀ ਨੈਸ਼ਨਲ ਸੈਕਟਰੀ ਨਵਨੀਤ ਕੌਰ ਦੇ ਘਰ ’ਤੇ ਵੀ 24 ਤਰੀਕ ਨੂੰ ਫਾਇਰਿੰਗ ਹੋਈ, ਜਿਸ ਦੇ ਮਾਮਲੇ ਵਿੱਚ ਕਾਰਵਾਈ ’ਤੇ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਇਕ ਲਾਪਤਾ ਵਿਅਕਤੀ ਦੇ ਮੋਬਾਈਲ ਦੀ ਲੋਕੇਸ਼ਨ ਟ੍ਰੇਸ ਨਹੀਂ ਕਰ ਸਕਦੀ ਤਾਂ ਸਰਹੱਦੀ ਖੇਤਰਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋਣੇ ਸੁਭਾਵਿਕ ਹਨ। ਔਜਲਾ ਨੇ ਸਰਪੰਚ ਕੁਲਜੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦੇਣ, ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਫਿਰੌਤੀ ਤੇ ਫਾਇਰਿੰਗ ਦੇ ਮਾਮਲਿਆਂ ਵਿੱਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।


author

Anmol Tagra

Content Editor

Related News