ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹੋਈ ਪੱਥਰਬਾਜ਼ੀ ਬਾਰੇ ਭਾਜਪਾ ਨੇ ਸਿੱਧੂ ਤੋਂ ਮੰਗਿਆ ਜਵਾਬ

01/04/2020 6:38:50 PM

ਅੰਮ੍ਰਿਤਸਰ: ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਬਾਹਰ ਮੁਸਲਮਾਨ ਭਾਈਚਾਰੇ ਵਲੋਂ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਪੱਥਰਬਾਜ਼ੀ ਕੀਤੀ ਗਈ ਸੀ, ਜਿਸ ਦੌਰਾਨ ਉਨ੍ਹਾਂ ਨੇ ਸਿੱਖਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਅਸੀਂ ਉਨ੍ਹਾਂ ਨੂੰ ਇਥੇ ਰਹਿਣ ਨਹੀਂ ਦੇਵਾਂਗੇ ਤੇ ਨਨਕਾਣਾ ਸਾਹਿਬ ਦਾ ਨਾਮ ਵੀ ਬਦਲਿਆ ਜਾਵੇਗਾ। ਜਿਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਹਾਥੀ ਗੇਟ 'ਚ ਭਾਜਪਾ ਵਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁਤਲਾ ਫੂਕਿਆ ਗਿਆ ਅਤੇ ਲਗਾਤਾਰ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ 'ਤੇ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਦੱਸਿਆ ਕਿ ਗੁਰਦੁਆਰਾ ਨਨਕਾਣਾ ਸਾਹਿਬ 'ਚ ਪਾਕਿਸਤਾਨ ਦੇ ਨਿਵਾਸੀਆਂ ਨੇ ਜੋ ਹਰਕਤ ਕੀਤੀ ਹੈ ਬਹੁਤ ਹੀ ਸ਼ਰਮਨਾਕ ਹਰਕਤ ਹੈ।

ਸ਼ਵੇਤ ਮਲਿਕ ਨੇ ਕਿਹਾ ਕਿ 70 ਸਾਲ ਤੋਂ ਕਾਂਗਰਸ ਦੇ ਝੂਠੇ ਵਾਅਦਿਆਂ ਦੇ ਸ਼ਿਕਾਰ ਅਲੱਗ-ਅਲੱਗ ਧਰਮਾਂ ਦੇ ਲੋਕਾਂ ਨੂੰ ਉਥੋਂ ਦੀ ਨਾਗਰਿਕਤਾ ਨਹੀਂ ਮਿਲ ਰਹੀ ਸੀ। ਉਨ੍ਹਾਂ ਕਿਹਾ ਕਿ ਹੁਣ ਮੈਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤੋਂ ਜਵਾਬ ਮੰਗਦਾ ਹਾਂ ਕਿ ਉਨ੍ਹਾਂ ਕੋਲ ਇਸ ਬਾਰੇ ਕੀ ਜਵਾਬ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਮੰਗ ਕਰਦਿਆਂ ਕਿਹਾ ਕਿ ਉਥੋਂ ਦੇ ਸਿੱਖਾਂ ਤੇ ਗੁਰੂ ਘਰ ਦੀ ਸੁਰੱਖਿਆ ਕੀਤੀ ਜਾਵੇ। ਉਨ੍ਹਾਂ ਇਸ ਦੌਰਾਨ ਨਵਜੋਤ ਸਿੱਧੂ 'ਤੇ ਵੀ ਤੰਜ ਕੱਸੇ ਅਤੇ ਕਿਹਾ ਕਿ ਮੈਂ ਨਵਜੋਤ ਸਿੰਘ ਸਿੱਧੂ ਤੋਂ ਵੀ ਪੁੱਛਣਾ ਚਾਹੁੰਦਾ ਹਾਂ ਕਿ ਹੁਣ ਉਨ੍ਹਾਂ ਦਾ ਇਮਰਾਨ ਖਾਨ ਨਾਲ ਪਿਆਰ ਕਿੱਥੇ ਗਿਆ ਹੈ, ਜੋ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਸੀ ਅਤੇ ਜਨਰਲ ਬਾਜਵਾ ਦਾ ਬੁਲਾਰਾ ਬਣ ਕੇ ਗੱਲਾਂ ਕੀਤੀਆਂ ਗਈਆਂ ਸਨ। ਹੁਣ ਪਾਕਿਸਤਾਨ 'ਚ ਮੁਸਲਮਾਨ ਭਾਈਚਾਰੇ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ 'ਤੇ ਪੱਥਰਾਅ ਕੀਤਾ ਗਿਆ ਹੈ, ਨਵਜੋਤ ਸਿੱਧੂ ਕੋਲ ਇਸ ਦਾ ਕੀ ਜਵਾਬ ਹੈ।


Related News