1921 ਦਾ ਸਾਕਾ ਯਾਦ ਕਰਵਾਉਂਦਾ ਏ ਗੁ. ਸ੍ਰੀ ਨਨਕਾਣਾ ਸਾਹਿਬ ਦਾ ਜੰਡ

11/08/2019 1:54:28 PM

ਨਨਕਾਣਾ ਸਾਹਿਬ/ਅੰਮ੍ਰਿਤਸਰ (ਛੀਨਾ) : ਗੁ. ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਹੀਦ ਸਿੰਘਾਂ ਦੀ ਯਾਦ 'ਚ ਮੌਜੂਦ ਇਕ ਜੰਡ ਦੇ ਦਰਸ਼ਨ ਕਰ ਕੇ 20 ਫਰਵਰੀ 1921 ਦਾ ਸਾਕਾ ਤਾਜ਼ਾ ਹੋ ਜਾਂਦਾ ਹੈ। ਇਸ ਸਾਕੇ ਦੇ ਇਤਿਹਾਸ ਨੂੰ ਪੜ੍ਹ ਕੇ ਹਰ ਅੱਖ ਵੀ ਨਮ ਹੋ ਜਾਂਦੀ ਹੈ। ਜਾਣਕਾਰੀ ਮੁਤਾਬਕ ਪੰਜਾਬ 'ਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਤੋਂ ਬਾਅਦ ਮਹੰਤਾਂ ਨੇ ਅੰਗਰੇਜ਼ਾਂ ਦੀ ਮਿਲੀਭੁਗਤ ਨਾਲ ਗੁ. ਸ੍ਰੀ ਨਨਕਾਣਾ ਸਾਹਿਬ 'ਤੇ ਕਬਜ਼ਾ ਕਰ ਕੇ ਆਪਣੀਆਂ ਮਨਮਾਨੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਗੁਰਦੁਆਰਾ ਸਾਹਿਬ ਦੀ ਬੇਅਦਬੀ ਕਰਨ ਦੇ ਨਾਲ-ਨਾਲ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨਾਲ ਵੀ ਬਦਸਲੂਕੀ ਕੀਤੀ ਜਾਣ ਲੱਗੀ। ਇਸ ਬਾਰੇ ਜਦੋਂ ਸਿੰਘਾਂ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਹਿੰਦੂ ਮਹੰਤਾਂ ਦੇ ਕਬਜ਼ੇ 'ਚੋਂ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਦਾ ਫੈਸਲਾ ਕਰ ਲਿਆ।

20 ਫਰਵਰੀ 1921 ਨੂੰ ਜਥੇਦਾਰ ਲਛਮਣ ਸਿੰਘ 200 ਨਿਹੱਥੇ ਸਿੰਘਾਂ ਦੇ ਜਥੇ ਨਾਲ ਗੁ. ਸ੍ਰੀ ਨਨਕਾਣਾ ਸਾਹਿਬ ਪਹੁੰਚੇ ਅਤੇ ਹਿੰਦੂ ਮਹੰਤ ਨਾਰਾਇਣ ਦਾਸ ਨੂੰ ਗੁਰਦੁਆਰਾ ਸਾਹਿਬ ਛੱਡ ਕੇ ਬਾਹਰ ਹੋ ਜਾਣ ਲਈ ਆਖਿਆ, ਪਹਿਲਾਂ ਤੋਂ ਹੀ ਤਿਆਰੀ 'ਚ ਬੈਠੇ ਮਹੰਤ ਨੇ ਗੁਰਦੁਆਰਾ ਸਾਹਿਬ ਦਾ ਕਬਜ਼ਾ ਦੇਣ ਤੋਂ ਮਨ੍ਹਾ ਕਰ ਕੇ ਨਿਹੱਥੇ ਸਿੰਘਾਂ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਬੜੀ ਬੇਦਰਦੀ ਨਾਲ ਸ਼ਹੀਦ ਕਰ ਦਿੱਤਾ, ਜਿਨ੍ਹਾਂ 'ਚੋਂ ਜਥੇਦਾਰ ਲਛਮਣ ਸਿੰਘ ਨੂੰ ਉਕਤ ਜੰਡ ਨਾਲ ਪੁੱਠਾ ਲਟਕਾ ਕੇ ਜਿਊਂਦੇ ਨੂੰ ਹੀ ਸਾੜ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਿੰਘਾਂ ਨੇ ਵੱਡਾ ਸੰਘਰਸ਼ ਕਰਦਿਆਂ ਸ਼ਹਾਦਤਾਂ ਦੇ ਕੇ ਗੁਰਧਾਮਾਂ ਨੂੰ ਮਹੰਤਾਂ ਦੇ ਕਬਜ਼ਿਆਂ 'ਚੋਂ ਆਜ਼ਾਦ ਕਰਵਾਇਆ ਸੀ। 

ਪਾਕਿਸਤਾਨ ਸਰਕਾਰ ਸੰਗਤਾਂ ਦੀ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਮੁਸਤੈਦ : ਪ੍ਰਧਾਨ ਸਤਵੰਤ ਸਿੰਘ
ਨਨਕਾਣਾ ਸਾਹਿਬ/ਅੰਮ੍ਰਿਤਸਰ(ਛੀਨਾ) : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁ. ਸ੍ਰੀ ਨਨਕਾਣਾ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਅਤੇ ਸੰਗਤਾਂ ਦੀ ਆਮਦ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਬਾਰੇ ਗੱਲਬਾਤ ਕਰਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਕਿਹਾ ਕਿ ਪ੍ਰਕਾਸ਼ ਪੁਰਬ ਸਬੰਧੀ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਗੁ. ਸ੍ਰੀ ਨਨਕਾਣਾ ਸਾਹਿਬ ਵਿਖੇ ਪਹੁੰਚ ਰਹੀਆਂ ਹਨ, ਜਿਨ੍ਹਾਂ ਦੀ ਰਿਹਾਇਸ਼ ਲਈ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਤੋਂ ਇਲਾਵਾ ਟੈਂਟ ਸਿਟੀ ਤਿਆਰ ਕੀਤੀ ਗਈ ਹੈ। ਪਾਕਿਸਤਾਨ ਸਰਕਾਰ ਵੱਲੋਂ ਸੰਗਤਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ। ਇਲਾਕੇ ਦੇ ਸਕੂਲ-ਕਾਲਜ ਵੀ ਖਾਲੀ ਕਰਵਾਏ ਗਏ ਹਨ, ਜਿਨ੍ਹਾਂ ਨੂੰ ਸਭ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਗੁ. ਸ੍ਰੀ ਨਨਕਾਣਾ ਸਾਹਿਬ ਦੇ ਆਸ-ਪਾਸ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ 6 ਇਤਿਹਾਸਕ ਗੁਰਦੁਆਰਾ ਸਾਹਿਬਾਨ ਹਨ, ਜਿਨ੍ਹਾਂ ਦੇ ਸੰਗਤਾਂ  ਨੂੰ ਦਰਸ਼ਨ ਕਰਵਾਉਣ ਲਈ ਜਿਥੇ ਟਰਾਂਸਪੋਰਟ ਦਾ ਫ੍ਰੀ ਇੰਤਜ਼ਾਮ ਕੀਤਾ ਗਿਆ ਹੈ, ਉਥੇ ਸੰਗਤਾਂ ਲਈ ਫ੍ਰੀ ਮੈਡੀਕਲ ਚੈੱਕਅਪ ਕੈਂਪ ਵੀ ਲਾਏ ਗਏ ਹਨ।
ਪ੍ਰਧਾਨ ਸਤਵੰਤ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਸਬੰਧੀ 10 ਨਵੰਬਰ ਨੂੰ ਗੁ. ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾਵੇਗਾ ਅਤੇ 12 ਨੂੰ ਭੋਗ ਪੈਣ ਤੱਕ ਰੋਜ਼ਾਨਾ ਰਾਤ ਨੂੰ ਕੀਰਤਨ ਦਰਬਾਰ ਸਜੇਗਾ, ਜਿਸ 'ਚ ਪੰਥ ਪ੍ਰਸਿੱੱਧ ਰਾਗੀ, ਢਾਡੀ, ਕਵੀਸ਼ਰੀ ਜਥੇ ਤੇ ਕਥਾਵਾਚਕ ਸੰਗਤਾਂ ਨੂੰ ਗੁਰਬਾਣੀ ਜਸ ਰਾਹੀਂ ਨਿਹਾਲ ਕਰਨਗੇ। 


Anuradha

Content Editor

Related News