ਬਾਰਿਸ਼ ਕਾਰਨ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਰੋੜੀ ਸਾਹਿਬ ਨੂੰ ਪਹੁੰਚਿਆ ਭਾਰੀ ਨੁਕਸਾਨ
Tuesday, Jul 18, 2023 - 08:40 PM (IST)
ਗੁਰਦਾਸਪੁਰ (ਵਿਨੋਦ)- ਪਾਕਿਸਤਾਨ 'ਚ ਭਾਰਤੀ ਸਰਹੱਦ ਦੇ ਕੋਲ ਸਥਿਤ ਇਤਿਹਾਸਿਕ ਗੁਰਦੁਆਰਾ ਰੋੜੀ ਸਾਹਿਬ ਬੀਤੇ ਦਿਨੀਂ ਹੋਈ ਜ਼ੋਰਦਾਰ ਬਾਰਿਸ਼ ਦੇ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਹ ਗੁਰਦੁਆਰਾ ਸਾਹਿਬ ਪਾਕਿਸਤਾਨ ਦੇ ਅੰਤਿਮ ਪਿੰਡ ਜਾਹਮਨ 'ਚ ਸਦੀਆਂ ਤੋਂ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਸੀ। ਸੂਤਰਾਂ ਅਨੁਸਾਰ ਇਹ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵਿਚ ਬਣਾਇਆ ਗਿਆ ਸੀ। ਇਸ ਇਤਿਹਾਸਿਕ ਗੁਰਦੁਆਰੇ ਦੇ ਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤਿੰਨ ਵਾਰ ਆਏ ਸੀ।
ਇਹ ਖ਼ਬਰ ਵੀ ਪੜ੍ਹੋ - ਸ਼ੂਟਰ ਨੂੰ ਗ੍ਰਿਫ਼ਤਾਰ ਕਰਨ ਗਈ ATS ਟੀਮ 'ਤੇ ਚੱਲੀਆਂ ਗੋਲ਼ੀਆਂ, DSP ਸਣੇ 2 ਜਵਾਨਾਂ ਦੀ ਹਾਲਤ ਗੰਭੀਰ
ਸੂਤਰਾਂ ਦੇ ਅਨੁਸਾਰ ਅਧਿਕਾਰੀਆਂ ਦੀ ਲਾਪਰਵਾਹੀ ਅਤੇ 1947 ਵਿਚ ਸਿੱਖਾਂ ਵੱਲੋਂ ਇਲਾਕਾ ਛੱਡਣ ਦੇ ਬਾਅਦ ਇਸ ਗੁਰਦੁਆਰੇ ਦੀਆਂ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਵੀ ਮੁੱਖ ਤੌਰ 'ਤੇ ਇਸ ਦੇ ਪਤਣ ਨੂੰ ਵਧਾਉਣ ਦਾ ਕਾਰਨ ਹਨ। ਇਸ ਕਾਰਨ ਇਮਾਰਤ ਦੀ ਹਾਲਤ ਕਾਫ਼ੀ ਖ਼ਸਤਾ ਹੁੰਦੀ ਗਈ, ਜਿਸ ਕਾਰਨ ਬੀਤੇ ਦਿਨੀਂ ਹੋਈ ਬਰਸਾਤ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਇਹ ਹਾਲ ਕਰ ਦਿੱਤਾ। ਇਸ ਗੁਰਦੁਆਰੇ ਦੀ ਜ਼ਿਆਦਾਦਰ ਜ਼ਮੀਨ ’ਤੇ ਕੁਝ ਭੂ-ਮਾਫੀਆ ਦੇ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਮਾਨ ਸਰਕਾਰ ਨੇ ਪੈਨਸ਼ਨਾਂ ਵਧਾਉਣ ਦਾ ਕੀਤਾ ਐਲਾਨ, ਇਸ ਤਾਰੀਖ਼ ਤੋਂ ਮਿਲਣਗੇ 11 ਹਜ਼ਾਰ ਰੁਪਏ
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿਸੇ ਸਮੇਂ ਇਹ ਗੁਰਦੁਆਰਾ ਸਿੱਖ ਬਹੁਗਿਣਤੀ ਵਾਲੇ ਪਿੰਡ ਜਾਹਮਣ ਵਿਚ ਕਰੀਬ 500 ਕਨਾਲਾਂ ਵਿਚ ਬਣਿਆ ਹੋਇਆ ਸੀ। ਜਿਸ ਵਿਚ ਸਾਹਮਣੇ ਇਕ ਵੱਡੀ ਝੀਲ ਸੀ ਜੋ ਅੱਜ ਵੀ ਮੌਜੂਦ ਹੈ। ਇਸ ਵਿਚ ਨਾਨਕਸ਼ਹੀ ਇੱਟਾਂ ਦੀ ਬਣੀ ਦੋ ਮੰਜ਼ਿਲਾ ਇਮਾਰਤ ਸੀ ਅਤੇ ਗੁਰਦੁਆਰੇ ਦੇ ਸਿਰੇ ਉੱਤੇ ਇੱਕ ਵਿਸ਼ਾਲ ਸੁਨਹਿਰੀ ਗੁੰਬਦ ਸੀ। ਪਰ ਹੁਣ ਬਰਸਾਤ ਕਾਰਨ ਗੁਰਦੁਆਰਾ ਸਾਹਿਬ ਦੇ ਢਹਿ ਜਾਣ ਤੋਂ ਬਾਅਦ ਪਿਛਲੇ ਪਾਸੇ ਦੀ ਕੰਧ ਅਤੇ ਕੰਧ ਪਾਸੇ ਦੀ ਕੰਧ ਦਾ ਕੁਝ ਹਿੱਸਾ ਬਚਿਆ ਹੈ। ਜਦਕਿ ਗੁਰਦੁਆਰੇ ਦਾ ਗੁੰਬਦ, ਅੰਦਰਲਾ ਹਿੱਸਾ ਅਤੇ ਅਗਲਾ ਹਿੱਸਾ ਪੂਰੀ ਤਰਾਂ ਢਹਿ ਗਿਆ ਹੈ। ਕਰੀਬ 20 ਦਿਨ ਪਹਿਲਾਂ ਹੋਈ ਭਾਰੀ ਬਾਰਿਸ਼ ਤੋਂ ਪਹਿਲਾਂ ਇਹ ਗੁਰਦੁਆਰਾ ਪੂਰੀ ਸ਼ਾਨ ਨਾਲ ਖੜਾ ਸੀ।
ਇਹ ਖ਼ਬਰ ਵੀ ਪੜ੍ਹੋ - ਰਾਜਪਾਲ ਨੇ CM ਮਾਨ ਦੀ ਚਿੱਠੀ ਦਾ ਦਿੱਤਾ ਜਵਾਬ; ਗੁਰਦੁਆਰਾ ਸੋਧ ਬਿੱਲ ਨੂੰ ਲੈ ਕੇ ਕਹੀ ਇਹ ਗੱਲ
ਇਸ ਸਬੰਧੀ ਇਸ ਗੁਰਦੁਆਰਾ ਸਾਹਿਬ ਦੇ ਨੇੜੇ ਰਹਿਣ ਵਾਲੇ ਮੁਹੰਮਦ ਸਦੀਕ ਨਾਂ ਦੇ ਵਿਅਕਤੀ ਨੇ ਦੋਸ਼ ਲਾਇਆ ਕਿ ਕੁਝ ਤਾਕਤਵਰ ਭੂ-ਮਾਫੀਆ ਦੇ ਲੋਕਾਂ ਨੇ ਨਾ ਸਿਰਫ ਇਸ ਗੁਰਦੁਆਰੇ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਸਗੋਂ ਇਸ ਗੁਰਦੁਆਰੇ ਨੂੰ ਜਾਣ ਵਾਲੇ ਰਸਤੇ ’ਤੇ ਡੂੰਘੇ ਟੋਏ ਵੀ ਪੁੱਟ ਦਿੱਤੇ ਹਨ। ਉਸ ਨੇ ਦੱਸਿਆ ਕਿ ਉਹ ਇਨ੍ਹਾਂ ਵਿਅਕਤੀਆਂ ਬਾਰੇ ਜ਼ਿਆਦਾ ਨਹੀਂ ਜਾਣਦਾ ਪਰ ਇਹ ਲੋਕ ਨੇੜਲੇ ਪਿੰਡ ਲਿੱਦੜ ਦੇ ਵਸਨੀਕ ਹਨ। ਸੂਤਰਾਂ ਅਨੁਸਾਰ ਇਹ ਇਤਿਹਾਸਕ ਗੁਰਦੁਆਰਾ ਰੋੜੀ ਸਾਹਿਬ ਲਾਹੌਰ ਤੋਂ ਕਰੀਬ 30 ਕਿਲੋਮੀਟਰ ਦੂਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਅਸਥਾਨ ਪਿੰਡ ਤੋਂ ਅੱਧਾ ਕਿੱਲੋਮੀਟਰ ਬਾਹਰ ਸਥਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਇਸ ਅਸਥਾਨ ’ਤੇ ਠਹਿਰਦੇ ਸਨ। ਇਸ ਗੁਰਦੁਆਰਾ ਸਾਹਿਬ ਦੇ ਢਹਿ ਜਾਣ ਦੇ ਬਾਵਜੂਦ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਅਤੇ ਪ੍ਰਮੁੱਖ ਸਿੱਖ ਅਜੇ ਤਕ ਇਸ ਗੁਰਦੁਆਰੇ ਦੀ ਹਾਲਤ ਦੇਖਣ ਨਹੀਂ ਆਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8