10 ਸਾਲਾ ਬੱਚੀ ਵਲੋਂ ਗੁਰਦੁਆਰਾ ਸਾਹਿਬ 'ਚ ਦਾਖ਼ਲ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

Sunday, Jun 28, 2020 - 06:37 PM (IST)

ਭਵਾਨੀਗੜ੍ਹ (ਕਾਂਸਲ,ਵਿਕਾਸ) : ਸਥਾਨਕ ਸ਼ਹਿਰ ਨੇੜਲੇ ਪਿੰਡ ਰਾਮਪੁਰਾ ਵਿਖੇ ਦਲਿਤ ਵਰਗ ਨਾਲ ਸੰਬੰਧਤ ਇਕ 10 ਸਾਲਾ ਛੋਟੀ ਬੱਚੀ ਵੱਲੋਂ ਪਿੰਡ ਦੇ ਇਕ ਗੁਰੂਘਰ ਵਿਚ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਤੇ ਪਵਿੱਤਰ ਸਰੂਪ ਦੀ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਗੁਰੂ ਘਰ ਦੇ ਗ੍ਰੰਥੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ 27 ਜੂਨ ਦੀ ਸਵੇਰ ਨੂੰ ਉਹ ਗੁਰੂ ਘਰ ਵਿਖੇ ਸਵੇਰ ਅੰਮ੍ਰਿਤ ਸਮੇਂ ਨਿਤ ਨੇਮ ਦੀ ਸਮਾਪਤੀ ਕਰਨ ਤੋਂ ਬਾਅਦ ਜਦੋਂ ਆਪਣੇ ਕਮਰੇ ਵਿਚ ਚਲੇ ਗਿਆ ਤਾਂ ਇਸ ਤੋਂ ਬਾਅਦ ਕਰੀਬ ਪੌਣੇ ਛੇ ਵਜੇ ਪਿੰਡ ਦੇ ਹੀ ਵਸਨੀਕ ਇਕ 10 ਸਾਲਾ ਲੜਕੀ ਵੱਲੋਂ ਗੁਰੂਘਰ ਦੇ ਪਾਲਕੀ ਘਰ ਅੰਦਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ 7 ਪੰਨਿਆਂ ਦੀ ਬੇਅਦਬੀ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਗ੍ਰੰਥੀ ਸਿੰਘ ਨੇ ਦੱਸਿਆ ਕਿ ਉਕਤ ਲੜਕੀ ਕਰੀਬ 1 ਮਹੀਨੇ ਤੋਂ ਹੀ ਗੁਰੂ ਘਰ ਵਿਖੇ ਆਉਣ ਲੱਗੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਿਤਨੇਮ ਦਾ ਪਾਠ ਕਰਕੇ ਜਾਣ ਤੋਂ ਬਾਅਦ ਪਿੰਡ ਦਾ ਇਕ ਹੋਰ ਵਸਨੀਕ ਮਕੰਦ ਸਿੰਘ ਨੇ ਜਦੋਂ ਅੰਦਰ ਜਾ ਕੇ ਦੇਖਿਆਂ ਤਾਂ ਉਨ੍ਹਾਂ ਨੂੰ ਪਹਿਲਾਂ ਇਸ ਘਟਨਾ ਬਾਰੇ ਪਤਾ ਚੱਲਿਆ। ਜਿਸ ਤੋਂ ਬਾਅਦ ਗੁਰੂ ਘਰ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਦੇਖਣ ਤੋਂ ਬਾਅਦ ਇਹ ਬੱਚੀ ਇਸ ਘਟਨਾਂ ਨੂੰ ਅੰਜਾਮ ਦਿੰਦੀ ਸਾਹਮਣੇ ਆਈ। ਜਿਸ ਸੰਬੰਧੀ ਉਨ੍ਹਾਂ ਪੁਲਸ ਅਤੇ ਗੁਰੂਘਰ ਦੇ ਪ੍ਰਬੰਧਕਾਂ ਨੂੰ ਇਸ ਘਟਨਾਂ ਸੰਬੰਧੀ ਸੂਚਿਤ ਕੀਤਾ। 

ਇਸ ਘਟਨਾ ਦਾ ਪਤਾ ਚਲਦਿਆਂ ਹੀ ਅੱਜ ਜਾਂਚ ਲਈ ਐੱਸ. ਪੀ. ਡੀ. ਹਰਿੰਦਰ ਸਿੰਘ, ਐੱਸ.ਪੀ.ਐੱਚ ਸਰਨਜੀਤ ਸਿੰਘ, ਡੀ.ਐੱਸ.ਪੀ ਭਵਾਨੀਗੜ੍ਹ ਗੋਬਿੰਦਰ ਸਿੰਘ, ਸਥਾਨਕ ਥਾਣਾ ਮੁਖੀ ਰਮਨਦੀਪ ਸਿੰਘ ਅਤੇ ਸੀ.ਆਈ.ਏ ਸਟਾਫ ਬਹਾਦਰ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰਦਿਆਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੀ ਲੜਕੀ ਅਤੇ ਉਸ ਦੇ ਮਾਪਿਆਂ ਨੂੰ ਪੁੱਛ ਗਿੱਛ ਲਈ ਹਿਰਾਸਤ ਵਿਚ ਲੈ ਲਿਆ। ਇਸ ਮੌਕੇ ਐੱਸ.ਜੀ.ਪੀ.ਸੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਲਿਜਾਇਆ ਗਿਆ।

ਇਸ ਮੌਕੇ ਰੋਸ ਜ਼ਾਹਿਰ ਕਰਦਿਆਂ ਭਾਈ ਹਰਜਿੰਦਰ ਸਿੰਘ ਮਾਝੀ, ਨਿਰਮਲ ਸਿੰਘ ਭੜ੍ਹੋਂ ਸਾਬਕਾ ਮੈਂਬਰ ਐੱਸ.ਜੀ.ਪੀ.ਸੀ, ਗੁਰਨੈਬ ਸਿੰਘ ਰਾਮਪੁਰਾ, ਗਰਦੀਪ ਸਿੰਘ ਕਾਲਾਝਾੜ ਅਤੇ ਹੋਰ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਪਹਿਲਾਂ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ੍ਹਾ ਦਿੱਤੀ ਹੁੰਦੀ ਤਾਂ ਪੰਜਾਬ ਵਿਚ ਮੁੜ ਮੁੜ ਕਿਸੇ ਦੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਹਿੰਮਤ ਨਾ ਹੁੰਦੀ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਇਕ ਛੋਟੀ ਬੱਚੀ ਰਾਹੀਂ ਕਿਸੇ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਇਸ ਘਟਨਾ ਨੂੰ ਅੰਜਾਮ ਦੇ ਕੇ ਮੁੜ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਪੂਰੀ ਗਹਿਰਾਈ ਨਾਲ ਜਾਂਚ ਕਰਕੇ ਅਸਲ ਦੋਸ਼ੀਆਂ ਨੂੰ ਬੇਨਕਾਬ ਕੀਤਾ ਜਾਵੇ। ਇਸ ਮੌਕੇ ਪੁਲਸ ਅਧਿਕਾਰੀਆਂ ਨੇ ਇਸ ਪ੍ਰਤੀ ਦੁੱਖ ਪ੍ਰਗਟ ਕਰਦਿਆਂ ਪਿੰਡ ਵਾਸੀਆਂ ਅਤੇ ਸਿੱਖ ਸੰਗਤਾਂ ਨੂੰ ਵਿਸ਼ਵਾਸ ਦੁਆਇਆ ਕਿ ਪੁਲਸ ਵੱਲੋਂ ਇਸ ਮਾਮਲੇ ਦੀ ਪੂਰੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।


Gurminder Singh

Content Editor

Related News