ਮਾਲੇਰਕੋਟਲਾ ਬੇਅਦਬੀ ਮਾਮਲਾ ਕੁਝ ਘੰਟਿਆਂ ''ਚ ਹੱਲ, ਸਾਹਮਣੇ ਆਇਆ ਵੱਡਾ ਸੱਚ

Tuesday, May 14, 2019 - 06:53 PM (IST)

ਮਾਲੇਰਕੋਟਲਾ ਬੇਅਦਬੀ ਮਾਮਲਾ ਕੁਝ ਘੰਟਿਆਂ ''ਚ ਹੱਲ, ਸਾਹਮਣੇ ਆਇਆ ਵੱਡਾ ਸੱਚ

ਮਾਲੇਰਕੋਟਲਾ (ਵੈੱਬ ਡੈਸਕ, ਜ਼ਹੂਰ) : ਮਾਲੇਰਕੋਟਲਾ ਦੇ ਪਿੰਡ ਹਥੋਆ ਦੇ ਗੁਰਦੁਆਰਾ ਸਾਹਿਬ 'ਚ ਅਗਨ ਭੇਟ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘਟਨਾ ਨੂੰ ਪੰਜਾਬ ਪੁਲਸ ਨੇ ਕੁਝ ਘੰਟਿਆਂ 'ਚ ਹੀ ਹੱਲ ਕਰਨ ਦੀ ਦਾਅਵਾ ਕੀਤਾ ਹੈ। ਪੁਲਸ ਨੇ ਇਹ ਵੀ ਆਖਿਆ ਹੈ ਕਿ ਇਹ ਬੇਅਦਬੀ ਨਹੀਂ ਸਗੋਂ ਗੁਰਦੁਆਰਾ ਸਾਹਿਬ ਵਿਚ ਅਚਾਨਕ ਅੱਗ ਲੱਗਣ ਨਾਲ ਵਾਪਰੀ ਘਟਨਾ ਹੈ, ਜਿਸ ਉਪਰੰਤ ਆਪਣੀ ਨੌਕਰੀ ਅਤੇ ਕੁਤਾਹੀ ਲਈ ਜ਼ਿੰਮੇਵਾਰ ਠਹਿਰਾਏ ਜਾਣ ਦੇ ਡਰੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਝੂਠੀ ਕਹਾਣੀ ਘੜੀ ਸੀ। ਸਰਕਾਰ ਦਾ ਕਹਿਣਾ ਹੈ ਕਿ ਇਹ ਮਾਮਲਾ ਚੰਡੀਗੜ੍ਹ, ਲੁਧਿਆਣਾ ਅਤੇ ਸੰਗਰੂਰ ਦੀਆਂ ਫੋਰੈਂਸਿਕ ਮਾਹਿਰ ਟੀਮਾਂ ਦੇ ਠੋਸ ਅਤੇ ਸਾਂਝੇ ਉਪਰਾਲੇ ਸਦਕਾ ਹੱਲ ਹੋਇਆ ਜਿਸ ਵਿਚ ਪੰਜਾਬ ਪੁਲਸ ਵੱਲੋਂ ਮੁੰਬਈ ਤੋਂ ਗੋਪਾਲ ਰੇਲਕਰ ਦੀ ਅਗਵਾਈ ਹੇਠ ਲਿਆਂਦੀ ਮਾਹਿਰਾਂ ਦੀ ਟੀਮ ਦਾ ਵੀ ਲੋੜੀਂਦਾ ਸਹਿਯੋਗ ਲਿਆ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਰੇਂਜ ਦੇ ਆਈ. ਜੀ. ਏ. ਐੱਸ. ਰਾਏ ਅਤੇ ਸੰਗਰੂਰ ਦੇ ਜ਼ਿਲਾ ਪੁਲਸ ਮੁਖੀ ਸੰਦੀਪ ਗਰਗ ਦੀ ਅਗਵਾਈ ਹੇਠ ਟੀਮਾਂ ਵੱਲੋਂ ਕੀਤੇ ਕੰਮ ਦੀ ਸ਼ਲਾਘਾ ਕੀਤੀ। 
ਪੁਲਸ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਪਿੰਡ ਹਥੋਆ ਦੇ ਗੁਰਦਆਰਾ ਸਾਹਿਬ ਦੇ ਅੰਦਰ ਕੰਧ 'ਤੇ ਲੱਗਾ ਪੱਖਾ ਗਰਮ ਹੋ ਜਾਣ ਕਾਰਨ ਅਚਾਨਕ ਅੱਗ ਲੱਗ ਗਈ। ਪੱਖੇ ਦੇ ਦੁਆਲੇ ਲੱਗਾ ਪੀ.ਵੀ.ਸੀ. ਦਾ ਕਵਰ ਅੱਗ ਦੀ ਲਪੇਟ ਵਿਚ ਆ ਗਿਆ ਅਤੇ ਸੰਤਰੀ ਪਰਨਾ ਜਿਸ ਨਾਲ ਪੱਖਾ ਬੰਨ੍ਹਿਆ ਹੋਇਆ ਸੀ ਤੇ ਜੋ ਅੱਗੇ ਪਾਲਕੀ ਸਾਹਿਬ ਦੇ ਕੌਲੇ ਨਾਲ ਬੱਝਾ ਸੀ, ਨੂੰ ਵੀ ਅੱਗ ਪੈ ਗਈ। ਅੱਗ ਪੈਣ ਉਪਰੰਤ ਦੋਵੇਂ ਪੱਖੇ ਅਤੇ ਪਰਨਾ ਫਰਸ਼ 'ਤੇ ਵਿਛਾਏ ਗਲੀਚੇ 'ਤੇ ਜਾ ਡਿੱਗੇ ਜਿਸ ਨਾਲ ਅੱਗ ਫੈਲਦੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਲੱਗ ਗਈ। ਬੁਲਾਰੇ ਨੇ ਦੱਸਿਆ ਕਿ ਜਦੋਂ ਫੋਰੈਂਸਿਕ ਟੀਮਾਂ ਨੇ ਗ੍ਰੰਥੀ ਜੋਗਾ ਸਿੰਘ ਤੋਂ ਪੁੱਛਗਿੱਛ ਕੀਤੀ ਅਤੇ ਸਬੂਤਾਂ ਬਾਰੇ ਜਾਣਕਾਰੀ ਮੰਗੀ ਤਾਂ ਉਸ ਨੇ ਮੰਨਿਆ ਕਿ ਉਸ ਨੇ ਖੁਦ ਹੀ ਸਾਰੀ ਕਹਾਣੀ ਘੜੀ ਸੀ। ਉਸ ਨੇ ਜਾਂਚ ਟੀਮ ਨੂੰ ਦੱਸਿਆ ਕਿ ਉਸ ਨੂੰ ਡਰ ਸੀ ਕਿ ਪਿੰਡ ਵਾਸੀ ਉਸ 'ਤੇ ਕੋਤਾਹੀ ਦਾ ਦੋਸ਼ ਲਗਾ ਕੇ ਉਸ ਨੂੰ ਨੌਕਰੀ ਤੋਂ ਨਾ ਕੱਢ ਦੇਣ ਜੋ ਕਿ ਚਾਰ ਜੀਆਂ ਵਾਲੇ ਉਸ ਦੇ ਪਰਿਵਾਰ ਦੀ ਆਮਦਨੀ ਦਾ ਇਕੋ-ਇਕ ਵਸੀਲਾ ਹੈ।


author

Gurminder Singh

Content Editor

Related News