ਗੁਰਦੁਆਰਾ ਪੜਾਓ ਸਾਹਿਬ ਮਹਿਣਾ ਵਿਖੇ ਪਾਵਨ ਸਰੂਪਾਂ ਦੀ ਸਾਂਭ ਸੰਭਾਲ ਨਾ ਹੋਣ ਦਾ ਮਾਮਲਾ ਆਇਆ ਸਾਹਮਣੇ

07/10/2023 4:30:24 PM

ਮੋਗਾ, ਕੋਟ ਈਸੇ ਖਾਂ (ਗੋਪੀ ਰਾਊਕੇ, ਅਜ਼ਾਦ, ਗਰੋਵਰ, ਸੰਜੀਵ) : ਮੋਗਾ-ਲੁਧਿਆਣਾ ਮੁੱਖ ਮਾਰਗ ’ਤੇ ਪੈਂਦੇ ਪਿੰਡ ਮਹਿਣਾ ਨੇੜੇ ਸ਼ੁਸੋਭਿਤ ਗੁਰਦੁਆਰਾ ਪੜਾਓ ਸਾਹਿਬ ਵਿਖੇ ਸਥਿਤੀ ਉਸ ਸਮੇਂ ਤਨਾਅਪੂਰਨ ਹੋ ਗਈ, ਜਦੋਂ ਵੱਖ-ਵੱਖ ਪੰਥਕ ਜਥੇਬੰਦੀਆਂ ਜਿਨ੍ਹਾਂ ਵਿਚ ਸਿੱਖ ਪੰਥ ਏਕਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਯੂਨਾਈਟਡ ਅਕਾਲੀ ਦਲ, ਰਣਜੀਤ ਗਤਕਾ ਅਖਾੜਾ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਸਨ। ਇਨ੍ਹਾਂ ਜਥੇਬੰਦੀਆਂ ਨੂੰ ਸ਼ਿਕਾਇਤ ਮਿਲੀ ਸੀ ਕਿ ਇਸ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਭਾਈ ਅਮਰਜੀਤ ਸਿੰਘ ਅਤੇ ਹੋਰਨਾਂ ਵੱਲੋਂ ਕਥਿਤ ਤੌਰ ’ਤੇ ਗੁਰਦੁਆਰਾ ਸਾਹਿਬ ਵਿਚ ਜਾਅਲੀ ਆਨੰਦ ਕਾਰਜ ਕਰਵਾਏ ਜਾਂਦੇ ਹਨ ਅਤੇ ਇਹ ਜਥੇਬੰਦੀਆਂ ਦੇ ਨੁਮਾਇੰਦੇ ਮਾਮਲੇ ਦੀ ਪੜਤਾਲ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਗਏ ਸਨ। ਜਥੇਬੰਦੀਆਂ ਨਾਲ ਪੁਲਸ ਪ੍ਰਸ਼ਾਸਨ ਅਤੇ ਹੋਰ ਨੁਮਾਇੰਦੇ ਵੀ ਹਾਜ਼ਰ ਸਨ। ਪਰੰਤੂ ਜਦੋਂ ਸੱਚਖੰਡ ਵਿਖੇ ਸੇਵਾ ਸੰਭਾਲ ਦੇਖੀ ਤਾਂ ਇਹ ਤੱਥ ਉਭਰ ਕੇ ਸਾਹਮਣੇ ਆਇਆ ਕਿ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਸਹੀ ਸੰਭਾਲ ਯਕੀਨੀ ਨਹੀਂ ਸੀ। ਜਥੇਬੰਦੀਆਂ ਦੇ ਆਗੂਆਂ ਭਾਈ ਜਸਵਿੰਦਰ ਸਿੰਘ ਘੋਲੀਆ, ਬਲਜੀਤ ਸਿੰਘ, ਰਾਜਾ ਸਿੰਘ ਖੁਰਾਣਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਭਾਈ ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹ ਲੁਧਿਆਣਾ ਗਏ ਹੋਏ ਸਨ। 

ਉਨ੍ਹਾਂ ਕਿਹਾ ਕਿ ਜਾਅਲੀ ਆਨੰਦ ਕਾਰਜ ਦੀਆਂ ਰਸਮਾਂ ਕਰਨ ਅਤੇ ਗੁਰੂ ਸਾਹਿਬ ਦੀ ਸਹੀ ਸੰਭਾਲ ਨਾ ਕਰਨ ਦੇ ਦੋਸ਼ ਵੱਡੇ ਹਨ ਅਤੇ ਇਸ ਵਿਚ ਲੋੜੀਂਦੀ ਕਾਰਵਾਈ ਜ਼ਰੂਰੀ ਹੈ। ਉਨ੍ਹਾਂ ਹਾਜ਼ਰ ਡੀਐੱਸਪੀ ਮਨਜੀਤ ਸਿੰਘ ਅਤੇ ਹੋਰਨਾਂ ਪੁਲਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਾਰਵਾਈ ਕਰਨ। ਸਿੱਖ ਜਥੇਬੰਦੀਆਂ ਅਤੇ ਪੰਥਕ ਆਗੂਆਂ ਦੀ ਲੰਮਾ ਸਮਾਂ ਕੀਤੀ ਗਈ ਮੀਟਿੰਗ ਮਗਰੋਂ ਇਹ ਤੈਅ ਹੋਇਆ ਕਿ ਗੁਰੂ ਸਾਹਿਬ ਦੇ ਪਵਿੱਤਰ ਸਰੂਪ ਗੁਰਦੁਆਰਾ ਸਾਹਿਬ ਜਨੇਰ ਵਿਖੇ ਪੂਰਨ ਗੁਰਮਰਿਆਦਾ ਅਨੁਸਾਰ ਲਿਜਾਏ ਜਾਣ ਤਾਂ ਜੋ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਸਹੀ ਸੰਭਾਲ ਹੋ ਸਕੇ। ਇਸ ਮੌਕੇ ਸੱਤਪਾਲ ਸਿੰਘ ਡਗਰੂ, ਪ੍ਰਧਾਨ ਸੇਵਕ ਸਿੰਘ, ਬੂਟਾ ਸਿੰਘ ਧੱਲੇਕੇ, ਚਰਨਜੀਤ ਸਿੰਘ ਮਾਨ, ਲਖਵੀਰ ਸਿੰਘ ਧੱਲੇਕੇ, ਅਮਰੀਕ ਸਿੰਘ ਦਰਦੀ, ਸੱਤਪਾਲ ਸਿੰਘ ਉਸਤਾਦ, ਕਰਨੈਲ ਸਿੰਘ, ਹਰਦੀਪ ਸਿੰਘ, ਜਗਸੀਰ ਸਿੰਘ ਰਾਜੇਆਣਾ ਆਦਿ ਹਾਜ਼ਰ ਸਨ।

ਗੁਰੂ ਸਾਹਿਬ ਦੇ ਪਾਵਨ ਸਰੂਪ ਗੁਰਦੁਆਰਾ ਸਾਹਿਬ ਜਨੇਰ ਵਿਖੇ ਪਹੁੰਚਾਏ : ਡੀ. ਐੱਸ.ਪੀ

ਇਸ ਬੇਹੱਦ ਸੰਵੇਦਨਸ਼ੀਲ ਮਾਮਲੇ ਨੂੰ ਹੱਲ ਕਰਵਾਉਣ ਲਈ ਅਹਿਮ ਭੂਮਿਕਾ ਅਦਾ ਕਰਨ ਵਾਲੇ ਡੀ.ਐੱਸ.ਪੀ ਮਨਜੀਤ ਸਿੰਘ ਢੇਸੀ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਸਤਿਕਾਰ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਸਰੂਪ ਪੂਰਨ ਗੁਰਮਰਿਯਾਦਾ ਅਨੁਸਾਰ ਗੁਰਦੁਆਰਾ ਸਾਹਿਬ ਜਨੇਰ ਵਿਖੇ ਪਹੁੰਚਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਗਰੋਂ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਗੁਰਦੁਆਰਾ ਪੜਾਓ ਸਾਹਿਬ ਮਹਿਣਾ ਦੇ ਮੁੱਖ ਸੇਵਾਦਾਰ ਬਾਬਾ ਅਮਰਜੀਤ ਸਿੰਘ ਦਾ ਪੱਖ

ਇਸ ਮਾਮਲੇ ਸਬੰਧੀ ਜਦੋਂ ਗੁਰਦੁਆਰਾ ਪੜਾਓ ਸਾਹਿਬ ਮਹਿਣਾ ਦੇ ਮੁੱਖ ਸੇਵਾਦਾਰ ਬਾਬਾ ਅਮਰਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਅੱਜ ਕਿਤੇ ਬਾਹਰ ਗਏ ਹੋਏ ਸਨ, ਜਿਸ ਮਗਰੋਂ ਹੀ ਸਿੱਖ ਜਥੇਬੰਦੀਆਂ ਦੇ ਆਗੂ ਗੁਰਦੁਆਰਾ ਸਾਹਿਬ ਆਏ ਸਨ ਉਨ੍ਹਾਂ ਕਿਹਾ ਕਿ ਉਹ ਹੁਣ ਹੀ ਮੋਗਾ ਆਏ ਹਨ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਹਾਲੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਜਲਦੀ ਹੀ ਮਾਮਲਾ ਸੁਲਝਾ ਲਿਆ ਜਾਵੇਗਾ।

ਗੁਰੂ ਨਾਨਕ ਨਾਮ ਲੇਵਾ ਸੰਗਤਾਂ ’ਚ ਰੋਸ ਦੀ ਲਹਿਰ, ਲੋੜੀਂਦੀ ਕਾਰਵਾਈ ਮੰਗ

ਇਸੇ ਦੌਰਾਨ ਹੀ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਸਹੀ ਸਾਂਭ ਸੰਭਾਲ ਦਾ ਗੁਰਦੁਆਰਾ ਪੜਾਓ ਸਾਹਿਬ ਵਿਖੇ ਮਾਮਲਾ ਸਾਹਮਣੇ ਆਉਣ ਮਗਰੋਂ ਇਲਾਕੇ ਦੀਆਂ ਸੰਗਤਾਂ ਵਿਚ ਰੋਸ ਦੀ ਲਹਿਰ ਹੈ। ਸੰਗਤਾਂ ਦੀ ਮੰਗ ਹੈ ਕਿ ਇਸ ਮੰਦਭਾਗੀ ਘਟਨਾ ਨੇ ਸਿੱਖ ਸੰਗਤਾਂ ਦੇ ਹਿਰਦੇ ਵਲੁੰਧੜੇ ਹਨ। ਇਸ ਘਟਨਾ ਦੇ ਜ਼ਿੰਮੇਵਾਰਾਂ ਵਿਰੁੱਧ ਸਖਤ ਕਾਰਵਾਈ ਦੀ ਲੋੜ ਹੈ। ਦੂਜੇ ਪਾਸੇ ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਸਮਾਂ ਕਾਰਵਾਈ ਨਹੀਂ ਹੁੰਦੀ ਉਹ ਟਿਕ ਕੇ ਨਹੀਂ ਬੈਠਣਗੇ ਅਤੇ ਲੋੜ ਪੈਣ ’ਤੇ ਹਰ ਸੰਭਵ ਸੰਘਰਸ਼ ਕਰਨਗੇ।


Gurminder Singh

Content Editor

Related News