ਅਕਾਲੀ ਸਰਪੰਚ ਤੋਂ ਦੁਖੀ ਵਿਅਕਤੀ ਨੇ ਕੀਤੀ ਖੁਦਕੁਸ਼ੀ
Sunday, Sep 01, 2019 - 04:57 PM (IST)

ਗੁਰਦਾਸਪੁਰ (ਵਿਨੋਦ) : ਦੋਰਾਂਗਲਾ ਪੁਲਸ ਸਟੇਸ਼ਨ ਅਧੀਨ ਆਉਂਦੇ ਪਿੰਡ ਬੈਂਸ ’ਚ ਅਕਾਲੀ ਸਰਪੰਚ ਦੀ ਜ਼ਲਾਲਤ ਤੋਂ ਦੁਖੀ ਹੋ ਕੇ ਇਕ ਕਿਸਾਨ ਵਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ-ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ।ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮ੍ਰਿਤਕ ਗੁਰਦੇਵ ਦੇ ਭਰਾ ਹਰਦੇੇਵ ਸਿੰਘ ਦੇ ਬੇਟੇ ਜਰਮਨ ਸਿੰਘ ਨੇ ਦੱਸਿਆ ਕਿ ਉਹ ਸਨੀਵਾਰ ਸ਼ਾਮ ਨੂੰ ਆਪਣੇ ਚਾਚੇ ਗੁਰਦੇਵ ਸਿੰਘ ਨਾਲ ਪਿੰਡ ’ ਚੋਂ ਲੰਘ ਰਿਹਾ ਸੀ ਤਾਂ ਉਸ ਸਮੇਂ ਪਿੰਡ ਦੇ ਅਕਾਲੀ ਦਲ ਨਾਲ ਸਬੰਧਤ ਸਰਪੰਚ ਹਰਪਾਲ ਸਿੰਘ ਪੁੱਤਰ ਚਰਨ ਸਿੰਘ ਨੇ ਉਨ੍ਹਾਂ ਨੂੰ ਰੋਕ ਕੇ ਗਾਲ੍ਹਾਂ ਕੱਢੀਆਂ ਅਤੇ ਜ਼ਲੀਲ ਕੀਤਾ। ਜਿਸ ਤੋਂ ਦੁਖੀ ਹੋ ਕੇ ਉਸ ਦੇ ਚਾਚੇ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ-ਹੱਤਿਆ ਕੀਤੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਪੁਲਸ ਸਟੇਸ਼ਨ ਇੰਚਾਰਜ ਮੁਖਤਿਆਰ ਸਿੰਘ ਅਨੁਸਾਰ ਮ੍ਰਿਤਕ ਦੇ ਭਤੀਜੇ ਜਰਮਨ ਸਿੰਘ ਦੇ ਬਿਆਨ ਦੇ ਆਧਾਰ ’ਤੇ ਪਿੰਡ ਦੇ ਮੌਜੂਦਾ ਸਰਪੰਚ ਹਰਪਾਲ ਸਿੰਘ ਪੁੱਤਰ ਚਰਨ ਸਿੰਘ, ਕੰਵਲਪ੍ਰੀਤ ਸਿੰਘ ਪੁੱਤਰ ਹਰਪਾਲ ਸਿੰਘ, ਗੁਰਤੇਜ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਜੁਝਾਰ ਸਿੰਘ ਪੁੱਤਰ ਭੂਰ ਸਿੰਘ ਦੇ ਵਿਰੁੱਧ ਧਾਰਾ 306, 506, 43 ਅਧੀਨ ਕੇਸ ਦਰਜ ਕੀਤਾ ਗਿਆ ਹੈ। ਪੁਲਸ ਅਧਿਕਾਰੀ ਦੇ ਅਨੁਸਾਰ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਸਬੰਧੀ ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਪੰਚਾਇਤੀ ਚੋਣ ਸਮੇਂ ਸਾਡੀਆਂ ਦੋਵਾਂ ਧਿਰਾਂ ਵਿਚ ਝਗਡ਼ਾ ਹੋਇਆ ਸੀ ਅਤੇ ਉਸ ਕੇਸ ’ਚ ਉਸ ਦਾ ਪਿਤਾ ਹਰਦੇਵ ਸਿੰਘ ਜੇਲ ’ਚ ਹੈ। ਸਰਪੰਚ ਦਾ ਪਰਿਵਾਰ ਸਾਡੇ ਨਾਲ ਰਾਜਨੀਤਕ ਰੰਜਿਸ਼ ਰੱਖਦਾ ਸੀ।