ਪਾਕਿ ਦਬਾਅ ਬਣਾਉਣ ਲਈ ਵੀਜ਼ਾ ਫੀਸ 20 ਦੀ ਬਜਾਏ 50 ਡਾਲਰ ਕਰ ਸਕਦੈ
Friday, Oct 11, 2019 - 09:39 AM (IST)

ਗੁਰਦਾਸਪੁਰ (ਵਿਨੋਦ)— ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਚਾਲੂ ਹੋਣ ਸਬੰਧੀ ਜਿੱਥੇ ਭਾਰਤ ਨੇ ਕਈ ਸ਼ਰਤਾਂ ਨੂੰ ਵਧਾ ਦਿੱਤਾ ਹੈ, ਉੱਥੇ ਹੀ ਪਾਕਿਸਤਾਨ ਸਰਕਾਰ ਨੇ ਵੀ ਆਪਣੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ।ਇਸ ਨਾਲ ਲਾਂਘਾ ਸ਼ੁਰੂ ਹੋਣ ਸਬੰਧੀ ਅਜੇ ਅਨਿਸ਼ਚਿਤਤਾ ਬਣੀ ਹੋਈ ਹੈ। ਪਾਕਿਸਤਾਨ ਨੇ ਭਾਰਤ 'ਤੇ ਆਪਣੀ 20 ਡਾਲਰ ਪ੍ਰਤੀ ਸ਼ਰਧਾਲੂ ਵੀਜ਼ਾ ਫੀਸ ਵਸੂਲ ਕਰਨ ਦੀ ਮੰਗ ਨੂੰ ਲਾਗੂ ਕਰਵਾਉਣ ਲਈ ਹੁਣ ਵੀਜ਼ਾ ਫੀਸ 50 ਡਾਲਰ ਕਰਨ ਦੀ ਗੱਲ ਸ਼ੁਰੂ ਕਰ ਦਿੱਤੀ ਹੈ, ਤਾਂ ਕਿ ਭਾਰਤ ਸਰਕਾਰ 20 ਡਾਲਰ ਦੀ ਸ਼ਰਤ ਨੂੰ ਸਵੀਕਾਰ ਕਰ ਲਵੇ।
ਪਾਕਿਸਤਾਨ ਸਰਕਾਰ ਨੇ ਦੁਹਰਾਇਆ ਕਿ ਇਹ ਪ੍ਰਾਜੈਕਟ ਉਨ੍ਹਾਂ ਵੱਲੋਂ ਸੈਰ-ਸਪਾਟੇ ਨੂੰ ਵਧਾਵਾ ਦੇਣ ਲਈ ਹੈ। ਇਸ ਲਈ ਉਨ੍ਹਾਂ ਨੇ ਵਿਸ਼ਵ ਬੈਂਕ ਤੋਂ ਕਰਜ਼ਾ ਲਿਆ ਹੋਇਆ ਹੈ। ਜੇਕਰ ਕਰਜ਼ਾ ਵਾਪਸ ਕਰਨ 'ਚ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਭਾਰਤੀ ਸ਼ਰਧਾਲੂਆਂ ਤੋਂ ਜਿਹੜੀ 20 ਡਾਲਰ ਫੀਸ ਵਸੂਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਉਹ ਵੀ ਵਧਾ ਕੇ 50 ਡਾਲਰ ਕੀਤੀ ਜਾ ਸਕਦੀ ਹੈ। ਭਾਰਤੀ ਮਾਹਿਰ ਇਸ ਗੱਲ ਨੂੰ ਭਾਰਤ 'ਤੇ 20 ਡਾਲਰ ਲਈ ਸਹਿਮਤੀ ਬਣਾਉਣ ਲਈ ਇਕ ਚਾਲ ਮੰਨ ਰਹੇ ਹਨ। ਭਾਰਤ ਸਰਕਾਰ ਨੇ 20 ਡਾਲਰ ਵਸੂਲ ਕਰਨ ਦੀ ਪਾਕਿਸਤਾਨ ਦੀ ਮੰਗ ਨੂੰ ਅਸਵੀਕਾਰ ਕਰ ਰੱਖਿਆ ਹੈ।
ਉੱਥੇ ਹੀ ਦੂਸਰੇ ਪਾਸੇ ਭਾਰਤ ਸਰਕਾਰ ਨੇ ਐਲਾਨ ਕੀਤਾ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਇਹ ਲਾਂਘਾ 9 ਨਵੰਬਰ ਨੂੰ ਖੋਲ੍ਹਿਆ ਜਾਵੇਗਾ। ਸਾਰੀ ਤਿਆਰੀ ਉਸੇ ਹੀ ਹਿਸਾਬ ਨਾਲ ਚੱਲ ਰਹੀ ਹੈ। ਇਸ ਸਬੰਧੀ ਵੀਜ਼ਾ-ਧਾਰਕ ਸਿੱਖ ਸ਼ਰਧਾਲੂਆਂ ਨੂੰ ਇਕ ਮਹੀਨਾ ਪਹਿਲਾਂ ਆਪਣਾ ਪੰਜੀਕਰਨ ਕਰਨ ਦੀ ਸ਼ਰਤ ਭਾਰਤ ਸਰਕਾਰ ਨੇ ਰੱਖੀ ਹੋਈ ਹੈ। ਪਰ ਅੱਜ ਤੱਕ ਇਹ ਵੀਜ਼ਾ ਮੁਕਤ ਲਾਂਘੇ ਰਸਤੇ ਜਾਣ ਲਈ ਆਨ-ਲਾਈਨ ਪ੍ਰਾਰਥਨਾ-ਪੱਤਰ ਦੇਣ ਲਈ ਵੈੱਬਸਾਈਟ ਸ਼ੁਰੂ ਨਹੀਂ ਕੀਤੀ ਗਈ ਹੈ। ਜੋ ਸਪੱਸ਼ਟ ਕਰਦਾ ਕਿ 9 ਨਵੰਬਰ ਤੋਂ ਇਹ ਯਾਤਰਾ ਸ਼ੁਰੂ ਨਹੀਂ ਹੋ ਸਕੇਗੀ।
ਜਾਣਕਾਰੀ ਮੁਤਾਬਕ ਜੋ ਵੀ ਸ਼ਰਧਾਲੂ ਲਾਂਘੇ ਦੇ ਰਸਤੇ ਸ੍ਰੀ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਪ੍ਰਾਰਥਨਾ-ਪੱਤਰ ਕੇਂਦਰ ਸਰਕਾਰ ਨੂੰ ਦੇਵੇਗਾ ਉਸ ਦੀ ਪੰਜਾਬ ਪੁਲਸ ਵੱਲੋਂ ਜਾਂਚ-ਪੜਤਾਲ ਹੋਵੇਗੀ ਅਤੇ ਇਸ ਲਈ ਪੁਲਸ ਨੇ 20 ਦਿਨ ਨਿਰਧਾਰਤ ਕੀਤੇ ਹਨ। ਉਪਰੰਤ ਇਹ ਪ੍ਰਾਰਥਨਾ-ਪੱਤਰ ਪਾਕਿਸਤਾਨ ਦੇ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ ਤਾਂ ਕਿ ਪਾਕਿਸਤਾਨ ਦੀ ਮਨਜ਼ੂਰੀ ਮਿਲ ਸਕੇ। ਪਾਕਿਸਤਾਨ ਸਰਕਾਰ ਇਸ ਪ੍ਰਕਿਰਿਆ ਨੂੰ 4-5 ਦਿਨ 'ਚ ਪੂਰੀ ਕਰ ਕੇ ਭਾਰਤ ਸਰਕਾਰ ਨੂੰ ਵਾਪਸ ਸੂਚੀ ਭੇਜੇਗੀ। ਭਾਰਤ ਸਰਕਾਰ ਨੇ ਵੀ ਇਸ ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ ਕਰਨ ਦਾ ਐਲਾਨ ਕੀਤਾ ਸੀ ਪਰ ਪ੍ਰਧਾਨ ਮੰਤਰੀ ਦਫਤਰ ਤੋਂ ਇਸ ਦੀ ਮਨਜ਼ੂਰੀ ਪ੍ਰਾਪਤ ਨਹੀਂ ਹੋਈ ਹੈ।