ਗੁਰਦਾਸਪੁਰ ਜ਼ਿਮਨੀ ਚੋਣ : ਕਾਂਗਰਸ ਹਾਈਕਮਾਨ ਦਾ ਝੁਕਾਅ ਜਾਖੜ ਵੱਲ!
Tuesday, Sep 19, 2017 - 08:34 PM (IST)
ਨਵੀਂ ਦਿੱਲੀ— ਗੁਰਦਾਸਪੁਰ ਦੀ ਲੋਕ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਹਾਈਕਮਾਨ ਵਲੋਂ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਨਾਂ 'ਤੇ ਲਗਭਗ ਸਹਿਮਤੀ ਜਤਾ ਦਿੱਤੀ ਗਈ ਹੈ। ਮੰਗਲਵਾਰ ਨੂੰ ਨਵੀਂ ਦਿੱਲੀ ਵਿਖੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਸੁਨੀਲ ਜਾਖੜ ਅਤੇ ਪ੍ਰਤਾਪ ਸਿੰਘ ਬਾਜਵਾ ਨਾਲ ਮੀਟਿੰਗ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਈਕਮਾਨ ਵਲੋਂ ਗੁਰਦਾਸਪੁਰ ਦੀ ਸੀਟ ਨੂੰ ਇਕ ਹਿੰਦੂ ਪ੍ਰਭਾਵ ਵਾਲੀ ਸੀਟ ਦੱਸ ਕੇ ਪ੍ਰਤਾਪ ਬਾਜਵਾ ਨੂੰ ਜਾਖੜ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ। ਸੂਤਰ ਇਹ ਵੀ ਦਸਦੇ ਹਨ ਕਿ ਇਸ ਦੌਰਾਨ ਬਾਜਵਾ ਵਲੋਂ ਹਲਕੇ ਦੀਆਂ ਪੰਜ ਵਿਧਾਨ ਸਭਾ ਸੀਟਾਂ ਨੂੰ ਸਿੱਖ ਵੋਟ ਬੈਂਕ ਵਾਲੀ ਦੱਸ ਕੇ ਆਪਣੀ ਪਤਨੀ ਚਰਣਜੀਤ ਕੌਰ ਨੂੰ ਟਿਕਟ ਦੇਣ ਦੀ ਮੰਗ ਕੀਤੀ ਗਈ।
ਸਿਆਸੀ ਪੰਡਿਤਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਾਖੜ ਦੀ ਹਮਾਇਤ 'ਚ ਖੜੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਬਾਜਵਾ ਨੇ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਕੀਤਾ ਹੋਇਆ ਵਾਅਦਾ ਵੀ ਯਾਦ ਕਰਵਾਇਆ, ਜਿਸ ਵਿਚ ਵਿਧਾਨ ਸਭਾ ਦੀਆਂ ਪੰਜ ਸੀਟਾਂ ਦੇ ਨਾਲ-ਨਾਲ ਲੋਕ ਸਭਾ ਟਿਕਟ ਦਾ ਵੀ ਭਰੋਸਾ ਦਿੱਤਾ ਗਿਆ ਸੀ। ਜੇਕਰ ਜਾਤੀ ਸਮੀਕਰਨਾਂ ਨੂੰ ਵੀ ਪਿੱਛੇ ਕਰ ਦਿੱਤਾ ਜਾਵੇ ਤਾਂ ਵੀ ਜਾਖੜ ਦਾ ਪਲੜਾ ਭਾਰੀ ਹੀ ਮੰਨਿਆ ਜਾ ਰਿਹਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਜਾਖੜ ਨੂੰ ਚੋਣ ਲੜਵਾਉਣਾ ਚਾਹੁੰਦੇ ਹਨ। ਫਿਲਹਾਲ ਸਥਿਤੀ ਇਹ ਹੈ ਕਿ ਵਿਰੋਧੀਆਂ ਤੋਂ ਪਹਿਲਾਂ ਪਾਰਟੀ ਅੰਦਰ ਹੀ ਨੇਤਾਵਾਂ ਦੀ ਆਪਸ 'ਚ ਚੋਣ ਜੰਗ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਬਾਜਵਾ ਦੇ ਭਰਾ ਫਤਿਹਜੰਗ ਬਾਜਵਾ ਵੀ ਜਾਖੜ ਨੂੰ ਗੁਰਦਾਸਪੁਰ 'ਚ ਉਨ੍ਹਾਂ ਦੇ ਪਰਿਵਾਰ ਦਾ ਅਧਾਰ ਦੱਸ ਕੇ ਚੋਣ ਤੋਂ ਪਿੱਛੇ ਹੱਟਣ ਲਈ ਕਹਿ ਚੁੱਕੇ ਹਨ। ਬਾਜਵਾ ਜਿੱਥੇ ਹਲਕੇ 'ਚ ਵਿਧਾਇਕਾਂ ਨੂੰ ਉਨ੍ਹਾਂ ਦੇ ਪੱਖ 'ਚ ਦੱਸ ਚੁੱਕੇ ਹਨ, ਉੱਥੇ ਕਈ ਵਿਧਾਇਕਾਂ ਨੇ ਖੁੱਲ੍ਹੇਆਮ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਹਮਾਇਤ ਕੀਤੀ ਹੈ।
