ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਰਵਾਨਾ ਹੋਣਗੀਆਂ ਪੋਲਿੰਗ ਪਾਰਟੀਆਂ

05/18/2019 12:00:17 PM

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ) : 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ, ਜਿਸ ਤਹਿਤ ਇਸ ਸਮੁੱਚੇ ਲੋਕ ਸਭਾ ਹਲਕੇ ਅਧੀਨ ਪੈਂਦੇ ਤਿੰਨ ਪੁਲਸ ਜ਼ਿਲਿਆਂ 'ਚ ਪੁਲਸ ਨੇ ਸੰਵੇਦਨਸ਼ੀਲ ਅਤੇ ਅਤੀਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਸ਼ਨਾਖਤ ਕਰ ਕੇ ਉਥੇ ਪੈਰਾ-ਮਿਲਟਰੀ ਫੋਰਸਾਂ ਤਾਇਨਾਤ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ, ਜਦੋਂਕਿ ਬਾਕੀ ਦੇ ਸਾਰੇ ਪੋਲਿੰਗ ਬੂਥਾਂ 'ਤੇ ਪੰਜਾਬ ਪੁਲਸ ਦੇ ਜਵਾਨ ਤਾਇਨਾਤ ਰਹਿਣਗੇ। ਇਸ ਸਮੁੱਚੀ ਪ੍ਰਕਿਰਿਆ ਨੂੰ ਸਮੇਂ ਸਿਰ, ਸ਼ਾਂਤੀਪੂਰਵਕ ਅਤੇ ਨਿਰਪੱਖ ਰੂਪ ਨਾਲ ਨੇਪਰੇ ਚੜ੍ਹਾਉਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਬੂਥਾਂ 'ਤੇ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ਤੋਂ ਇਲਾਵਾ ਚੋਣ ਅਮਲੇ ਨੂੰ ਲੋੜੀਂਦੀ ਸਿਖਲਾਈ ਵੀ ਦਿੱਤੀ ਜਾ ਚੁੱਕੀ ਹੈ, ਜਿਸ ਤੋਂ ਬਾਅਦ 18 ਮਈ ਦੀ ਸ਼ਾਮ ਤੱਕ ਸਾਰੇ ਪੋਲਿੰਗ ਬੂਥਾਂ 'ਤੇ ਪੋਲਿੰਗ ਪਾਰਟੀਆਂ ਪਹੁੰਚ ਜਾਣਗੀਆਂ। ਇਸ ਤਹਿਤ ਇਸ ਹਲਕੇ ਦਾ ਸਾਰਾ ਪ੍ਰਸ਼ਾਸਨ ਅਤੇ ਚੋਣ ਅਧਿਕਾਰੀ ਲੋੜੀਂਦੀਆਂ ਤਿਆਰੀਆਂ ਅਤੇ ਕਾਰਵਾਈਆਂ 'ਚ ਦਿਨ-ਰਾਤ ਰੁਝੇ ਦਿਖਾਈ ਦੇ ਰਹੇ ਹਨ।

1826 ਪੋਲਿੰਗ ਸਟੇਸ਼ਨਾਂ 'ਤੇ 15000 ਕਰਮਚਾਰੀ ਦੇਣਗੇ ਡਿਊਟੀ
ਇਕੱਤਰ ਵੇਰਵਿਆਂ ਮੁਤਾਬਕ ਸਮੁੱਚੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ 9 ਵਿਧਾਨ ਸਭਾ ਹਲਕਿਆਂ 'ਚ 15000 ਸਿਵਲ ਅਤੇ ਪੁਲਸ ਕਰਮਚਾਰੀ ਡਿਊਟੀ ਦੇਣਗੇ, ਜਿਸ ਤਹਿਤ ਹਰੇਕ ਪੋਲਿੰਗ ਬੂਥ 'ਤੇ 4-4 ਸਿਵਲ ਕਰਮਚਾਰੀਆਂ ਤੋਂ ਇਲਾਵਾ ਸੁਰੱਖਿਆ ਕਰਮੀ ਤਾਇਨਾਤ ਕੀਤੇ ਜਾਣੇ ਹਨ। ਇਸ ਤਰ੍ਹਾਂ ਤਕਰੀਬਨ 1826 ਪੋਲਿੰਗ ਬੂਥਾਂ 'ਤੇ ਤਾਇਨਾਤ ਕੀਤੇ ਗਏ ਸਿਵਲ ਕਰਮਚਾਰੀਆਂ ਤੋਂ ਇਲਾਵਾ ਸੁਰੱਖਿਆ ਲਈ ਪੈਰਾ-ਮਿਲਟਰੀ ਫੋਰਸਾਂ ਅਤੇ ਪੁਲਸ ਦੇ ਜਵਾਨ ਮੁਸਤੈਦ ਰਹਿਣਗੇ।

ਜ਼ਿਲੇ 'ਚ ਪੈਰਾ-ਮਿਲਟਰੀ ਦੀਆਂ 9 ਕੰਪਨੀਆਂ ਪੁੱਜੀਆਂ
ਜ਼ਿਲਾ ਗੁਰਦਾਸਪੁਰ ਦੇ ਐੱਸ. ਐੱਸ. ਪੀ. ਸਵਰਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਜ਼ਿਲਾ ਗੁਰਦਾਸਪੁਰ ਅੰਦਰ ਜਿੱਥੇ ਪੰਜਾਬ ਪੁਲਸ ਦੇ ਮੁਲਾਜ਼ਮ ਚੋਣਾਂ ਦੌਰਾਨ ਡਿਊਟੀ ਦੇਣਗੇ, ਉਥੇ ਪੈਰਾ-ਮਿਲਟਰੀ ਫੋਰਸਾਂ ਦੀਆਂ 9 ਕੰਪਨੀਆਂ ਵੀ ਗੁਰਦਾਸਪੁਰ ਪਹੁੰਚੀਆਂ ਹਨ। ਉਨ੍ਹਾਂ ਦੱਸਿਆ ਕਿ ਤਕਰੀਬਨ 2400 ਸੁਰੱਖਿਆ ਕਰਮੀ ਚੋਣ ਡਿਊਟੀ ਦੇਣਗੇ, ਜਿਨ੍ਹਾਂ 'ਚੋਂ 177 ਸੰਵੇਦਨਸ਼ੀਲ ਅਤੇ ਅਤੀ ਸੰਵੇਦਨਸ਼ੀਲ ਪੋਲਿੰਗ ਬੂਥਾਂ 'ਤੇ ਪੈਰਾ-ਮਿਲਟਰੀ ਫੋਰਸਾਂ ਤਾਇਨਾਤ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਕਾਊਟਿੰਗ ਵਾਲੇ ਦਿਨ ਕਾਊਟਿੰਗ ਸੈਂਟਰਾਂ 'ਤੇ ਵੀ ਪੈਰਾ-ਮਿਲਟਰੀ ਫੋਰਸਾਂ ਤਾਇਨਾਤ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਕਈ ਪੋਲਿੰਗ ਬੂਥਾਂ 'ਤੇ ਪੋਲਿੰਗ ਮੌਕੇ ਬਕਾਇਦਾ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ।

1826 ਪੋਲਿੰਗ ਬੂਥਾਂ 'ਤੇ 15 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ : ਵਿਪੁਲ ਉਜਵਲ
ਡਿਪਟੀ ਕਮਿਸ਼ਨਰ ਅਤੇ ਜ਼ਿਲੇ ਦੇ ਚੋਣ ਮੁੱਖ ਅਧਿਕਾਰੀ ਵਿਪੁਲ ਉਜਵਲ ਨੇ ਦੱਸਿਆ ਕਿ ਚੋਣਾਂ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਜਿਸ ਤਹਿਤ ਅੱਜ ਸ਼ਾਮ ਤੱਕ ਸਮੁੱਚੇ ਹਲਕੇ ਦੇ ਸਾਰੇ ਪੋਲਿੰਗ ਬੂਥਾਂ 'ਤੇ ਪੋਲਿੰਗ ਪਾਰਟੀਆਂ ਪਹੁੰਚ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਹਲਕੇ ਅੰਦਰ 15 ਲੱਖ 95 ਹਜ਼ਾਰ 284 ਵੋਟਰ 1826 ਪੋਲਿੰਗ ਬੂਥਾਂ 'ਤੇ 15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਉਨ੍ਹਾਂ ਜ਼ਿਲੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਲਾਲਚ, ਡਰ ਅਤੇ ਭੈਅ ਤੋਂ ਮੁਕਤ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ। ਉਨ੍ਹਾਂ ਦੱਸਿਆ ਕਿ ਹਰੇਕ ਪੋਲਿੰਗ ਬੂਥ 'ਤੇ ਵੋਟਰਾਂ ਦੀ ਸਹੂਲਤ ਲਈ ਹਰ ਪੱਖੋਂ ਸੁਚੱਜੇ ਪ੍ਰਬੰਧ ਕੀਤੇ ਗਏ ਹਨ।

ਗੁਰਦਾਸਪੁਰ ਹਲਕੇ 'ਚ ਵੋਟਰਾਂ ਦੀ ਗਿਣਤੀ
ਕੁੱਲ ਵੋਟਰ 15 ਲੱਖ 95 ਹਜ਼ਾਰ 284
ਪੁਰਸ਼-849761
ਔਰਤਾਂ-745479
ਥਰਡ ਜੈਂਡਰ-44

ਐੱਨ. ਆਰ. ਆਈ. ਵੋਟਰਾਂ ਦੀ ਗਿਣਤੀ
ਜ਼ਿਲਾ ਗੁਰਦਾਸਪੁਰ-361
ਜ਼ਿਲਾ ਪਠਾਨਕੋਟ-31
ਕੁੱਲ ਐੱਨ. ਆਰ. ਆਈ. ਵੋਟਰ-392

18 ਤੋਂ 19 ਸਾਲ ਦੇ ਨਵੇਂ ਵੋਟਰਾਂ ਦੀ ਗਿਣਤੀ
ਜ਼ਿਲਾ ਗੁਰਦਾਸਪੁਰ-32890
ਜ਼ਿਲਾ ਪਠਾਨਕੋਟ-9731
ਕੁੱਲ ਵੋਟਰ-42621

ਗੁਰਦਾਸਪੁਰ ਲੋਕ ਸਭਾ ਹਲਕੇ ਅੰਦਰ ਪੋਲਿੰਗ ਸਟੇਸ਼ਨਾਂ ਦੀ ਗਿਣਤੀ-1826
ਜ਼ਿਲਾ ਗੁਰਦਾਸਪੁਰ ਦੇ ਕੁੱਲ ਸਟੇਸ਼ਨ-1252
ਪੁਲਸ ਜ਼ਿਲਾ ਗੁਰਦਾਸਪੁਰ ਦੇ ਕੁੱਲ ਸਟੇਸ਼ਨ-521
ਪੁਲਸ ਜ਼ਿਲਾ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ-177

24 ਘੰਟੇ ਡਿਊਟੀ ਦੇ ਰਹੀਆਂ ਹਨ ਚੈਕਿੰਗ ਟੀਮਾਂ
ਚੋਣਾਂ ਦੌਰਾਨ ਨਸ਼ੇ ਅਤੇ ਪੈਸੇ ਦੀ ਵਰਤੋਂ ਕਰ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਹਰ ਤਰ੍ਹਾਂ ਦੀ ਸੰਭਾਵਨਾ ਨੂੰ ਰੋਕਣ ਲਈ ਜ਼ਿਲੇ ਅੰਦਰ ਤਾਇਨਾਤ ਕੀਤੀਆਂ ਗਈਆਂ ਚੈਕਿੰਗ ਟੀਮਾਂ ਅਤੇ ਫਲਾਇੰਗ ਸਕੁਐਡ ਟੀਮਾਂ 24 ਘੰਟੇ ਡਿਊਟੀ ਦੇ ਰਹੀਆਂ ਹਨ। ਤਕਰੀਬਨ ਹਰੇਕ ਮੁੱਖ ਸੜਕ 'ਤੇ ਪੈਰਾ-ਮਿਲਟਰੀ ਫੋਰਸਾਂ ਨੇ ਸਿਵਲ ਅਧਿਕਾਰੀਆਂ ਦੇ ਨਾਲ ਨਾਕਾਬੰਦੀ ਕਰ ਕੇ ਵਾਹਨਾਂ ਦੀ ਅਚਨਚੇਤ ਚੈਕਿੰਗ ਦਾ ਸਿਲਸਿਲਾ ਹੋਰ ਤੇਜ਼ ਕਰ ਦਿੱਤਾ ਹੈ, ਜਿਸ ਤਹਿਤ ਚੈਕਿੰਗ ਦੇ ਨਾਲ-ਨਾਲ ਬਕਾਇਦਾ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਪੁਲਸ ਵੱਲੋਂ ਬਖਤਰਬੰਦ ਗੱਡੀਆਂ ਸਮੇਤ ਕਮਾਂਡੋਜ਼ ਵੀ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵੱਲੋਂ ਸਾਰੀ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ।


Baljeet Kaur

Content Editor

Related News