ਕੋਰੋਨਾ ਤੋਂ ਬਾਅਦ ਹੁਣ ਲੋਕਾਂ ਦੀ ਲੜਾਈ ''ਟਿੱਡੀ ਦਲ'' ਨਾਲ, ਫਸਲਾਂ ਨੂੰ ਹੋਵੇਗਾ ਭਾਰੀ ਨੁਕਸਾਨ
Wednesday, May 27, 2020 - 04:16 PM (IST)
ਗੁਰਦਾਸਪੁਰ (ਵਿਨੋਦ) : ਇਕ ਪਾਸੇ ਜਿਥੇ ਪੂਰੀ ਦੁਨੀਆ ਨੂੰ ਕੋਰੋਨਾ ਵਾਇਰਸ ਕਾਰਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਉਥੇ ਹੀ ਹੁਣ ਪੰਜਾਬ ਵੱਲ ਵੱਧ ਰਹੇ ਟਿੱਡੀ ਦਲ ਨੇ ਵੀ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਭਾਵੇਂ ਪੰਜਾਬ 'ਚ ਕਿਤੇ ਵੀ ਇਨ੍ਹਾਂ ਟਿੱਡੀਆ ਵਲੋਂ ਨੁਕਸਾਨ ਪਹੁੰਚਾਉਣ ਦੀ ਕੋਈ ਖਬਰ ਨਹੀਂ ਸਾਹਮਣੇ ਆਈ ਹੈ ਪਰ ਪੰਜਾਬ ਸਰਕਾਰ ਨੂੰ ਹੁਣ ਤੋਂ ਹੀ ਇਨ੍ਹਾਂ ਟਿੱਡੀ ਤੋਂ ਬਚਣ ਦੇ ਲਈ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ।
ਇਸ ਸੰਬੰਧੀ ਸਰਹੱਦੀ ਇਲਾਕਿਆਂ ਦੇ ਕਿਸਾਨਾਂ ਸੁਖਦੇਵ ਸਿੰਘ ਅਲੜਪਿੰਡੀ, ਸਤਨਾਮ ਸਿੰਘ, ਸੁਖਵਿੰਦਰ ਸਿੰਘ, ਗੁਰਪਾਲ ਸਿੰਘ ਨੇ ਕਿਹਾ ਟਿੱਡੀ ਦਲ ਜਿਹੜੀਆਂ ਵੀ ਫਸਲਾਂ 'ਤੇ ਬੈਠ ਜਾਂਦਾ ਹੈ ਉਸ ਨੂੰ ਤਬਾਹ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਹਰੀਆਂ ਚੀਜ਼ਾਂ ਜਿਵੇ ਮਾਂ, ਮੂੰਗੀ, ਪਨੀਰੀ, ਪਸ਼ੂਆਂ ਦੇ ਚਾਰੇ ਸਮੇਤ ਹੋਰ ਫਸਲਾਂ 'ਤੇ ਇਹ ਜ਼ਿਆਦਾ ਹਮਲਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਅਜੇ ਪੰਜਾਬ 'ਚ ਇਹ ਟਿੱਡੀ ਦਾ ਦਲ ਨਹੀਂ ਪਹੁੰਚਿਆ ਪਰ ਹੁਣ ਤੋਂ ਹੀ ਪੰਜਾਬ ਸਰਕਾਰ ਨੂੰ ਇਸ ਸੰਬੰਧੀ ਖੇਤੀਬਾੜੀ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਇਸ ਦਾ ਹੱਲ ਕੱਢਣਾ ਚਾਹੀਦਾ ਹੈ।
ਇਸ ਸੰਬੰਧੀ ਜਦ ਖੇਤੀਬਾੜੀ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਬਲਾਕ ਪੱਧਰ 'ਤੇ ਟੀਮਾਂ ਤਿਆਰ ਕਰਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਟੀਮਾਂ ਰਾਹੀਂ ਸਰਵੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ ਰਾਬਤਾ ਕਾਇਮ ਕਰਕੇ ਇਸ ਸੰਬੰਧੀ ਪੂਰੀ ਨਜ਼ਰ ਰੱਖੀ ਜਾ ਰਹੀ ਹੈ।