ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ’ਚੋਂ ਮਿਲੀਆਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਨਿਸ਼ਾਨੀਆਂ

Saturday, Jul 16, 2022 - 07:51 PM (IST)

ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ’ਚੋਂ ਮਿਲੀਆਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਨਿਸ਼ਾਨੀਆਂ

ਗੁਰਦਾਸਪੁਰ (ਬਿਊਰੋ) - ਗੁਰਦਾਸਪੁਰ ਦੀ ਪੌਣੇ ਦੋ ਸੌ ਸਾਲ ਪੁਰਾਣੀ ਕੇਂਦਰੀ ਜੇਲ੍ਹ ਦੇ ਇਤਿਹਾਸ ਸਬੰਧੀ ਬੇਹੱਦ ਅਹਿਮ ਤੇ ਦਿਲਚਸਪ ਤੱਥ ਸਾਹਮਣੇ ਆਏ ਹਨ। ਜਿਸ ਥਾਂ ’ਤੇ ਕੇਂਦਰੀ ਜੇਲ੍ਹ ਮੌਜੂਦ ਹੈ, ਉਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੜ੍ਹੀ ਦਾ ਨਿਰਮਾਣ ਕਰਵਾਇਆ ਸੀ, ਜਿਸ ਨੂੰ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਦੇ ਲਸ਼ਕਰ ਨੇ ਤਬਾਹ ਕਰ ਦਿੱਤਾ ਸੀ। ਬਾਅਦ ਵਿੱਚ ਅੰਗਰੇਜ਼ਾਂ ਨੇ ਇਸੇ ਖੰਡਰ ਗੜ੍ਹੀ ਦੀਆਂ ਇੱਟਾਂ ਅਤੇ ਹੋਰ ਸਾਜ਼ੋ ਸਾਮਾਨ ਨਾਲ ਜੇਲ੍ਹ ਦੀ ਉਸਾਰੀ ਕਰਵਾਈ ਸੀ। ਇਸ ਸੰਬੰਧ ’ਚ ਪੰਜਾਬ ਦੇ ਪ੍ਰਸਿੱਧ ਇਤਿਹਾਸਕਾਰ ਪ੍ਰੋ. ਰਾਜ ਕੁਮਾਰ ਸ਼ਰਮਾ ਨੇ ਦਸਿਆ ਕਿ ਜੇਲ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੀ ਪਹਿਲਕਦਮੀ ਨੇ ਇਸ ਜੇਲ੍ਹ ਅੰਦਰੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੜ੍ਹੀ ਨਾਲ ਸਬੰਧਤ ਕਈ ਨਿਸ਼ਾਨੀਆਂ ਖੋਜ ਕੱਢੀਆਂ ਹਨ। ਖੋਜ ਦੌਰਾਨ ਕੇਂਦਰੀ ਜੇਲ੍ਹ ਵਿਚੋਂ ਇਤਿਹਾਸਿਕ ਖੂਹ ਮਿਲਿਆ ਹੈ, ਜੋ ਬਾਬਾ ਬੰਦਾ ਬਹਾਦਰ ਦੇ ਇਸ ਇਤਿਹਾਸਕ ਸਥਾਨ ਦੀ ਹੋਂਦ ਨੂੰ ਤਸਦੀਕ ਕਰਦੀਆਂ ਹਨ।

ਪ੍ਰੋ. ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਖੋਜ ਕਾਰਜ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਜਾਰੀ ਸੀ, ਜਿਸ ਦੇ ਮੁਕੰਮਲ ਹੋਣ ਪਿੱਛੋਂ ਇਸ ਦਾ ਖੁਲਾਸਾ ਕੀਤਾ ਗਿਆ ਹੈ। ਸਭ ਤੋਂ ਅਹਿਮ ਪਹਿਲੂ ਜੇਲ੍ਹ ਅੰਦਰੋਂ ਇਤਿਹਾਸਕ ਖੂਹ ਦਾ ਮਿਲਣਾ ਹੈ। ਇਹ ਪਵਿੱਤਰ ਖੂਹ ਬਾਬਾ ਜੀ ਦੀ ਗੜ੍ਹੀ ਦੇ ਮੱਧ ਵਿੱਚ ਮੌਜੂਦ ਸੀ। ਸ਼ਰਮਾ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ 11 ਦਸੰਬਰ 1710 ਈਸਵੀ ਨੂੰ ਲੋਹਗੜ੍ਹ (ਹਰਿਆਣਾ) ਦੇ ਕਿਲੇ ਤੋਂ ਮੁਗਲ ਸੈਨਾ ਦੇ ਘੇਰੇ ਵਿੱਚੋਂ ਝਕਾਨੀ ਦੇ ਕੇ ਬਚ ਨਿਕਲੇ। ਇਬਾਰਤਨਾਮਾ ਦੇ ਲੇਖਕ ਮੁਹੰਮਦ ਹਰੀਸੀ ਅਤੇ ਡਾ. ਹਰੀ ਰਾਮ ਗੁਪਤਾ ਅਨੁਸਾਰ ਬਾਬਾ ਜੀ ਪਹਾੜਾਂ ਵਿੱਚ ਕੁਝ ਸਮਾਂ ਗੁਜ਼ਾਰਨ ਤੋਂ ਬਾਅਦ 1711 ਈਸਵੀ ਦੇ ਸ਼ੁਰੂ ਵਿੱਚ ਬਹਿਰਾਮਪੁਰ ਦੇ ਇਲਾਕੇ ਵਿਚ ਆ ਗਏ ਅਤੇ ਮੌਜੂਦਾ ਗੁਰਦਾਸਪੁਰ ਵੱਲ ਆਪਣਾ ਰਸੂਖ ਵਧਾਉਣ ਲੱਗੇ। ਇਸ ਕਾਲ ਵਿਚ ਬਾਬਾ ਜੀ ਨੇ ਤ੍ਰਿਮੋ ਰੋਡ (ਮੌਜੂਦਾ ਜੇਲ੍ਹ ਰੋਡ) ਦੇ ਨਾਲ-ਨਾਲ ਲੋਹਗੜ੍ਹ ਕਿਲ੍ਹਾ, ਗੁਰਦਾਸਪੁਰ ਦੀ ਗੜ੍ਹੀ ਅਤੇ ਪਿੰਡ ਬਥਵਾਲਾ ਵਿਖੇ ਦੋ ਹੋਰ ਗੜ੍ਹੀਆਂ ਦਾ ਨਿਰਮਾਣ ਕੀਤਾ। ਇਸ ਗੜ੍ਹੀ ਦਾ ਇਸਤੇਮਾਲ ਸਿੱਖ ਯੋਧਿਆਂ ਨੂੰ ਠਹਿਰਾਉਣ ਅਤੇ ਘੋੜਿਆਂ ਦੀ ਰਿਹਾਇਸ਼ ਦੇ ਤੌਰ ’ਤੇ ਕੀਤਾ ਜਾਂਦਾ ਸੀ। 

PunjabKesari

ਇਸ ਗੜ੍ਹੀ ਨੂੰ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਦੇ ਲਸ਼ਕਰ ਨੇ ਤਬਾਹ ਕਰ ਦਿੱਤਾ ਸੀ, ਜਿਸ ਕਾਰਨ ਇਸ ਨੇ ਖੰਡਰ ਦਾ ਰੂਪ ਧਾਰਨ ਕਰ ਲਿਆ। ਦੂਸਰੇ ਐਂਗਲੋ ਸਿੱਖ ਯੁੱਧ ਜੋ 1848-49 ਵਿੱਚ ਹੋਇਆ ਸੀ, ਤੋਂ ਬਾਅਦ ਅੰਗਰੇਜ਼ਾਂ ਨੇ ਇਸ ’ਤੇ ਕਬਜ਼ਾ ਕਰ ਲਿਆ। ਇੱਕ ਮਈ 1852 ਵਿੱਚ ਅੰਗਰੇਜ਼ੀ ਸ਼ਾਸਕਾਂ ਨੇ ਗੁਰਦਾਸਪੁਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਬਣਾ ਦਿੱਤਾ। ਰਾਜ ਕੁਮਾਰ ਸ਼ਰਮਾ ਨੇ ਦਸਿਆ ਕਿ ਜੇਲ੍ਹ ਨਾਲ ਸਬੰਧਤ ਰਿਕਾਰਡ ਅਤੇ ਜ਼ਿਲ੍ਹਾ ਗਜ਼ਟੀਅਰ ਮੁਤਾਬਕ 1854-55 ਦੌਰਾਨ ਅੰਗਰੇਜ਼ਾਂ ਨੇ ਖੰਡਰ ਹੋਈ ਗੜ੍ਹੀ ਦੀਆਂ ਇੱਟਾਂ ਦੇ ਨਾਲ ਜੇਲ੍ਹ ਦੀ ਉਸਾਰੀ ਕਰ ਦਿੱਤੀ। ਇਹ ਨਿਸ਼ਾਨੀਆਂ 1960-70 ਦੇ ਦਹਾਕੇ ਤੱਕ ਮੌਜੂਦ ਅਤੇ ਪ੍ਰਤੱਖ ਸਨ, ਜਿਸ ਦੇ ਗਵਾਹ ਉਹ ਖੁਦ ਵੀ ਰਹੇ। ਉਸ ਵੇਲੇ ਕੱਚੀਆਂ ਇੱਟਾਂ ਨਾਲ ਬਣਿਆ ਖੂਹ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦਿਵਾਉਂਦਾ ਸੀ। ਇਸ ਦੇ ਆਲੇ-ਦੁਆਲੇ ਇਕ ਮਣ ਬਣੀ ਹੋਈ ਸੀ। 

ਅੱਗੇ ਦੱਸਿਆ ਕਿ ਇੱਥੇ ਇੱਕ ਰੌਚਕ ਗੱਲ ਦੱਸਣੀ ਬਣਦੀ ਹੈ ਕਿ ਜੇਲ੍ਹ ਅੰਦਰ ਬੰਦੀਆਂ ਵੱਲੋਂ ਇਸ ਖੂਹ ਦੇ ਪਾਣੀ ਨੂੰ ਪਵਿੱਤਰ ਮੰਨਿਆ ਜਾਂਦਾ ਸੀ। ਵਿਸ਼ਵਾਸ ਕੀਤਾ ਜਾਂਦਾ ਸੀ ਕਿ ਇਸ ਪਵਿੱਤਰ ਖੂਹ ਦੇ ਪਾਣੀ ਨੂੰ ਪੀਣ ਨਾਲ ਸਜ਼ਾ ਮੁਆਫ਼ ਹੋ ਜਾਂਦੀ ਹੈ। ਇਸ ਖੂਹ ਵਿੱਚ ਕਿਸੇ ਕੈਦੀ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ, ਜਿਸ ਉਪਰੰਤ ਜੇਲ੍ਹ ਦੀ ਮੌਜੂਦਾ ਵਰਕਸ਼ਾਪ/ਫੈਕਟਰੀ ਦੀ ਉਸਾਰੀ ਸਮੇਂ ਇਸ ਖੂਹ ਨੂੰ ਵੀ ਮਿੱਟੀ ਪਾ ਕੇ ਪੂਰਾ ਦਿੱਤਾ ਗਿਆ, ਜਿਸ ਨਾਲ ਖੂਹ ਦਾ ਵਜ਼ੂਦ ਹੀ ਮਿਟ ਗਿਆ। ਇਤਿਹਾਸਕਾਰ ਪ੍ਰੋ. ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਜੇਲ੍ਹ ਦੇ ਸੀਨੀਅਰ ਸੁਪਰਡੈਂਟ ਰਜਿੰਦਰ ਸਿੰਘ ਹੁੰਦਲ ਨਾਲ ਜੇਲ੍ਹ ਦੇ ਇਤਿਹਾਸ ਸਬੰਧੀ ਚਰਚਾ ਛੇੜੀ ਗਈ ਤਾਂ ਆਖ਼ਰ ਉਨ੍ਹਾਂ ਨੇ ਜੇਲ੍ਹ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਨਿਸ਼ਾਨੀਆਂ ਨੂੰ ਮੁੜ ਉਜਾਗਰ ਕਰਨ ਦਾ ਟੀਚਾ ਮਿੱਥਿਆ। ਖੋਜ ਕਾਰਜ ਸ਼ੁਰੂ ਹੋਇਆ।

PunjabKesari

ਕੁਝ ਪੁਰਾਣੇ ਜੇਲ੍ਹ ਅਧਿਕਾਰੀਆਂ ਦੀ ਨਿਸ਼ਾਨਦੇਹੀ, ਇਤਹਾਸਕ ਤੱਥਾਂ ਦੇ ਆਧਾਰ ’ਤੇ ਅਤੇ ਮੌਜੂਦਾ ਜੇਲ੍ਹ ਮੁਲਾਜ਼ਮਾਂ ਦੀ ਮਦਦ ਨਾਲ ਇਸ ਥਾਂ ਦੀ ਪੁਟਾਈ ਕਰਨ ’ਤੇ ਤਕਰੀਬਨ 8 ਤੋਂ 10 ਫੁੱਟ ਹੇਠਾਂ ਇਹ ਖੂਹ ਮਿਲ ਗਿਆ। ਇਸ ਪਵਿੱਤਰ ਖੂਹ ਤੋਂ ਥੋੜ੍ਹੀ ਦੂਰ ਜੇਲ੍ਹ ਦੇ ਪ੍ਰਵੇਸ਼ ਦੁਆਰ ’ਤੇ ਸੱਜੇ ਅਤੇ ਖੱਬੇ ਪਾਸੇ, ਉੱਤਰ ਮੱਧਕਾਲੀਨ ਸਮੇਂ ਦੀਆਂ ਨਾਨਕਸ਼ਾਹੀ ਇੱਟਾਂ ਦੇ ਸਬੂਤ ਵੀ ਇੱਥੇ ਮੌਜੂਦ ਪਾਏ ਗਏ। ਇਤਿਹਾਸਕ ਖੂਹ ਲੱਭਣ ਮਗਰੋਂ ਜੇਲ੍ਹ ਪ੍ਰਸ਼ਾਸਨ ਨੇ ਖੂਹ ਦੇ 8-10 ਫੁੱਟ ਘੇਰੇ ਦੀ ਪੁਟਾਈ ਕੀਤੀ ਅਤੇ ਪੱਕੀਆਂ ਇੱਟਾਂ ਲਾਈਆਂ। ਖੂਹ ਦੀ ਸੁਰੱਖਿਆ ਲਈ ਉੱਪਰ ਸ਼ੈੱਡ ਵੀ ਬਣਾ ਦਿੱਤੀ ਗਈ। ਖੂਹ ਦੇ ਅੰਦਰ ਇਕ ਟਿਊਬਵੈੱਲ ਲਾ ਕੇ ਪਾਈਪਾਂ ਜੇਲ੍ਹ ਦੇ ਅੰਦਰੂਨੀ ਹਿੱਸੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਗੁਰਦੁਆਰਾ ਸਾਹਿਬ ਤੱਕ ਪਹੁੰਚਾਈਆਂ ਗਈਆਂ ਤਾਂ ਜੋ ਕੈਦੀ ਇੱਥੋਂ ਟੂਟੀਆਂ ਰਾਹੀਂ ਪਵਿੱਤਰ ਖੂਹ ਦਾ ਜਲ ਪ੍ਰਸਾਦ ਵਜੋਂ ਗ੍ਰਹਿਣ ਕਰ ਸਕਣ। ਇੱਥੇ ਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਵੀ ਸਥਾਪਤ ਕੀਤਾ ਗਿਆ ਹੈ। ਖੂਹ ਦੀਆਂ ਕੁਝ ਕੱਚੀਆਂ ਇੱਟਾਂ ਨੂੰ ਸ਼ੀਸ਼ੇ ਦੇ ਫਰੇਮ ’ਚ ਰੱਖ ਕੇ ਜੇਲ੍ਹ ਦੇ ਬਾਹਰੀ ਹਿੱਸੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਕੋਲ ਰੱਖਿਆ ਗਿਆ ਹੈ ਤਾਂ ਜੋ ਸ਼ਰਧਾਲੂ ਦਰਸ਼ਨ ਕਰ ਸਕਣ। 

ਇਤਿਹਾਸਕਾਰ ਪ੍ਰੋ. ਰਾਜ ਕੁਮਾਰ ਸ਼ਰਮਾ ਨੇ ਸਰਕਾਰ ਕੋਲ ਅਪੀਲ ਕੀਤੀ ਕਿ ਸਰਕਾਰ ਨੂੰ ਇਨ੍ਹਾਂ ਪੁਰਾਣੀਆਂ ਯਾਦਗਾਰੀ ਨੂੰ ਮੁੜ ਤੋਂ ਸੁਰਜੀਤ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਨੌਜਵਾਨ ਪੀੜ੍ਹੀ ਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ ਕਿਤੇ ਇਹ ਨਾ ਹੋਵੇ ਕਿ ਇਹ ਸਾਰਾ ਇਤਿਹਾਸ ਕਿਤਾਬਾਂ ਵਿਚ ਹੀ ਲਿਖਿਆ ਰਹਿ ਜਾਵੇ।


author

rajwinder kaur

Content Editor

Related News