ਗੁਰਾਇਆ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ, ਹਥਿਆਰਾਂ ਤੇ ਹੋਰ ਸਾਮਾਨ ਸਮੇਤ 6 ਨੂੰ ਕੀਤਾ ਗ੍ਰਿਫ਼ਤਾਰ
Monday, Jul 25, 2022 - 07:55 PM (IST)
ਗੋਰਾਇਆ (ਮੁਨੀਸ਼ ਬਾਵਾ) : ਸਵਰਨਦੀਪ ਸਿੰਘ ਪੀ.ਪੀ.ਐੱਸ. ਸੀਨੀਅਰ ਪੁਲਸ ਕਪਤਾਨ ਜਲੰਧਰ (ਦਿਹਾਤੀ) ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਦੇ ਮਾੜੇ ਅਨਸਰਾਂ ਤੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਰਬਜੀਤ ਸਿੰਘ ਪੁਲਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਤੇ ਜਗਦੀਸ਼ ਰਾਜ ਪੀ.ਪੀ.ਐੱਸ. ਉਪ ਪੁਲਸ ਕਪਤਾਨ ਸਬ-ਡਵੀਜ਼ਨ ਫਿਲੌਰ ਦੀ ਅਗਵਾਈ ਹੇਠ ਐੱਸ.ਆਈ. ਹਰਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਗੁਰਾਇਆ ਦੀ ਪੁਲਸ ਟੀਮ ਨੇ 2 ਪਿਸਟਲ 7.65 ਐੱਮ.ਐੱਮ. ਸਮੇਤ 3 ਮੈਗਜ਼ੀਨ, 22 ਜ਼ਿੰਦਾ ਰੌਂਦ, 1 ਦੇਸੀ ਕੱਟਾ 32 ਬੋਰ ਸਮੇਤ ਜ਼ਿੰਦਾ 2 ਰੌਂਦ, 1 ਦੇਸੀ ਕੱਟਾ 315 ਬੋਰ ਬਿਨਾਂ ਰੌਂਦ, 1 ਗੰਡਾਸੀ ਅਤੇ 1 ਖੰਡਾ, 7 ਮੋਬਾਇਲ, 1 ਮੋਟਰਸਾਈਕਲ ਪਲਸਰ ਤੇ 1 ਸਕੂਟਰੀ ਸਮੇਤ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਨ੍ਹਾਂ ਗ੍ਰਿਫ਼ਤਾਰ ਦੋਸ਼ੀਆਂ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਬੇਨਕਾਬ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬੇਅਦਬੀ ਮਾਮਲਾ: ਸਰਕਾਰ ਦੇ ਨੁਮਾਇੰਦਿਆਂ ਨੇ ਮੰਗਿਆ 6 ਮਹੀਨੇ ਦਾ ਸਮਾਂ, ਇਨਸਾਫ਼ ਮੋਰਚਾ ਨੇ ਲਿਆ ਇਹ ਫੈਸਲਾ
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਵਰਨਦੀਪ ਸਿੰਘ ਪੀ.ਪੀ.ਐੱਸ. ਸੀਨੀਅਰ ਪੁਲਸ ਕਪਤਾਨ ਜਲੰਧਰ (ਦਿਹਾਤੀ) ਨੇ ਦੱਸਿਆ ਕਿ ਮਿਤੀ 24 ਜੁਲਾਈ ਨੂੰ ਐੱਸ.ਆਈ. ਹਰਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਗੁਰਾਇਆ ਦੀ ਪੁਲਸ ਟੀਮ ਦੇ ਸਬ-ਇੰਸਪੈਕਟਰ ਜਗਦੀਸ਼ ਰਾਜ ਸਮੇਤ ਸਾਥੀ ਕਰਮਚਾਰੀਆਂ ਨੇ ਬੱਸ ਅੱਡਾ ਗੁਰਾਇਆ ਵਿਖੇ ਨਾਕਾਬੰਦੀ ਦੌਰਾਨ ਕਿਸੇ ਨੇ ਆ ਕੇ ਦੱਸਿਆ ਕਿ ਅਨੂਪ ਬੰਗੜ ਪੁੱਤਰ ਸੰਤੋਖ ਲਾਲ ਵਾਸੀ ਚਚਰਾੜੀ ਦੇ ਘਰ ਅੱਗੇ ਬਣੀਆਂ ਦੁਕਾਨਾਂ 'ਤੇ ਬਣੇ ਕਮਰਿਆਂ ਵਿੱਚ ਵਿਸ਼ਾਲ ਬੱਸੀ ਪੁੱਤਰ ਵਿਜੇ ਕੁਮਾਰ, ਜਤਿੰਦਰ ਸਿੰਘ ਪੁੱਤਰ ਅਵਤਾਰ ਸਿੰਘ, ਮਨਵੀਰ ਸਿੰਘ ਪੁੱਤਰ ਤਰਸੇਮ ਸਿੰਘ, ਸੁਰਿੰਦਰ ਸਿੰਘ ਪੁੱਤਰ ਮਲਕੀਤ ਸਿੰਘ, ਪਰੀਜਨ ਕੁਮਾਰ ਪੁੱਤਰ ਸੁਰਿੰਦਰ ਕੁਮਾਰ (ਸਾਰੇ ਵਾਸੀ) ਪਿੰਡ ਪਾਂਸ਼ਟਾ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਜਿਨ੍ਹਾਂ ਕੋਲ ਪਿਸਤੌਲ, ਦਾਤਰ ਤੇ ਹੋਰ ਮਾਰੂ ਹਥਿਆਰ ਹਨ, ਵੱਲੋਂ ਪਿੰਡ ਪਾਂਸ਼ਟਾ ਦੇ ਸਰਪੰਚ ਹਰਜੀਤ ਸਿੰਘ ਤੇ ਉਸ ਦੇ ਭਤੀਜੇ ਕੁਲਵੰਤ ਸਿੰਘ ਪੁੱਤਰ ਸਰਬਜੀਤ ਸਿੰਘ ਨਾਲ ਕਾਫੀ ਲੰਬੇ ਸਮੇਂ ਤੋਂ ਰੰਜਿਸ਼ ਚੱਲ ਰਹੀ ਹੈ। ਇਸ ਰੰਜਿਸ਼ ਤਹਿਤ ਪਹਿਲਾਂ ਕੁਲਵੰਤ ਸਿੰਘ ਨੇ ਵਿਸ਼ਾਲ ਬੱਸੀ ਨੂੰ ਪਿੰਡ ਵਿੱਚ ਹੀ ਵੱਢਿਆ ਸੀ ਅਤੇ ਬਾਅਦ ਵਿੱਚ ਵਿਸ਼ਾਲ ਬੱਸੀ ਪਾਰਟੀ ਵੱਲੋਂ ਸਰਪੰਚ ਹਰਜੀਤ ਸਿੰਘ ਨੂੰ ਬੁਰੀ ਤਰ੍ਹਾਂ ਵੱਢਿਆ ਗਿਆ ਸੀ।
ਇਹ ਵੀ ਪੜ੍ਹੋ : ਤਲਾਅ ਦਾ ਨਾਂ ਅੰਮ੍ਰਿਤ ਸਰੋਵਰ ਰੱਖਣ 'ਤੇ ਭੜਕੀਆਂ ਸਿੱਖ ਜਥੇਬੰਦੀਆਂ, ਟੋਲ ਪਲਾਜ਼ਾ 'ਤੇ ਦਿੱਤਾ ਧਰਨਾ, ਦੇਖੋ ਵੀਡੀਓ
ਵਿਸ਼ਾਲ ਬੱਸੀ, ਜਤਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਪਰੀਜਨ ਥਾਣਾ ਰਾਵਲਪਿੰਡੀ ਦੇ ਸਾਲ 2020 ਤੋਂ ਭਗੌੜੇ ਹਨ, ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਅਸਲੇ ਸਮੇਤ ਕਾਬੂ ਆ ਸਕਦੇ ਹਨ। ਇਸ 'ਤੇ ਮੁਕੱਦਮਾ ਨੰਬਰ 102 ਮਿਤੀ 24-07-2022 ਜੁਰਮ 115 ਆਈ.ਪੀ.ਸੀ. ਤੇ 25-54-59 ਆਰਮ ਐਕਟ ਥਾਣਾ ਗੁਰਾਇਆ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ 'ਚ ਲਿਆਂਦੀ ਗਈ। ਛਾਪੇਮਾਰੀ ਦੌਰਾਨ ਉਪਰੋਕਤ ਮੁਲਜ਼ਮਾਂ ਨੂੰ ਪੁਲਸ ਪਾਰਟੀ ਨੇ ਕਾਬੂ ਕੀਤਾ ਤੇ ਤਲਾਸ਼ੀ ਦੌਰਾਨ ਮਾਰੂ ਹਥਿਆਰ ਤੇ ਹੋਰ ਸਾਮਾਨ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਝਗੜਾ ਕਾਫੀ ਲੰਬੇ ਤੋਂ ਪਿੰਡ ਪਾਂਸ਼ਟਾ ਦੇ ਸਰਪੰਚ ਹਰਜੀਤ ਸਿੰਘ ਅਤੇ ਉਸ ਦੇ ਭਤੀਜੇ ਕੁਲਵੰਤ ਸਿੰਘ ਪੁੱਤਰ ਸਰਬਜੀਤ ਸਿੰਘ ਨਾਲ ਚੱਲ ਰਿਹਾ ਸੀ, ਹੁਣ ਅਸੀਂ ਕੁਲਵੰਤ ਸਿੰਘ ਨੂੰ ਮਾਰਨ ਲਈ ਇਕੱਠੇ ਹੋਏ ਸੀ ਅਤੇ ਸਹੀ ਸਮੇਂ ਦੀ ਉਡੀਕ ਕਰ ਰਹੇ ਸੀ। ਦੋਸ਼ੀਆਂ ਨੂੰ ਮਾਣਯੋਗ ਇਲਾਕਾ ਮੈਜਿਸਟ੍ਰੇਟ ਫਿਲੌਰ ਦੀ ਅਦਾਲਤ 'ਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀਆਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਵੱਖ-ਵੱਖ ਥਾਣਿਆਂ 'ਚ 18 ਮੁਕੱਦਮੇ ਦਰਜ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।