ਫਗਵਾੜਾ ਗੇਟ ਗੋਲੀਕਾਂਡ: 24 ਘੰਟੇ ਬਾਅਦ ਵੀ ਨਹੀਂ ਹੋਈ ਹਰਿਆਣਾ ਪੁਲਸ 'ਤੇ ਕੋਈ ਕਾਰਵਾਈ

Friday, Jun 26, 2020 - 08:09 PM (IST)

ਜਲੰਧਰ (ਸੋਮਨਾਥ, ਵਰੁਣ)— ਸ਼ਹਿਰ ਦੇ ਭੀੜ ਭਰੇ ਇਲਾਕੇ ਫਗਵਾੜਾ ਗੇਟ 'ਚ ਮੋਬਾਇਲ ਹਾਊਸ ਦੇ ਬਾਹਰ ਗੈਂਗਸਟਰ ਅਜੇ ਕੁਮਾਰ ਨੂੰ ਫੜਨ ਲਈ ਗੋਲੀ ਚਲਾ ਦਿੱਤੀ ਗਈ ਸੀ। ਬਾਅਦ 'ਚ ਪਤਾ ਲੱਗਾ ਕਿ ਗੋਲੀ ਚਲਾਉਣ ਵਾਲੇ ਹਰਿਆਣਾ ਪੁਲਸ ਦੇ ਮੁਲਾਜ਼ਮ ਹਨ। ਸ਼ੁਕਰ ਹੈ ਕਿ ਗੋਲੀ ਗੱਡੀ ਦੇ ਟਾਇਰ 'ਚ ਹੀ ਲੱਗੀ। ਇੰਨੀ ਭੀੜ 'ਚ ਜੇਕਰ ਗੋਲੀ ਕਿਸੇ ਆਮ ਵਿਅਕਤੀ ਨੂੰ ਲੱਗ ਜਾਂਦੀ ਤਾਂ ਇਸ ਸਵਾਲ ਦਾ ਜਵਾਬ ਕਿਸੇ ਕੋਲ ਨਾ ਹੁੰਦਾ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰਦਾਤ ਨੂੰ ਵਾਪਰੇ 24 ਘੰਟਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ ਪਰ ਸ਼ਰੇਆਮ ਜਲੰਧਰ ਆ ਕੇ ਗੋਲੀ ਚਲਾਉਣ ਵਾਲੀ ਹਰਿਆਣਾ ਪੁਲਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਬੁੱਧਵਾਰ ਨੂੰ ਜਦੋਂ ਗੋਲੀ ਚੱਲੀ ਤਾਂ ਪੁਲਸ ਅਧਿਕਾਰੀ ਕਹਿ ਰਹੇ ਸਨ ਕਿ ਗੋਲੀ ਚਲਾਉਣਾ ਗਲਤ ਗੱਲ ਹੈ ਅਤੇ ਗੋਲੀ ਚਲਾਉਣ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅੱਜ ਉਹ ਹੀ ਪੁਲਸ ਕਹਿ ਰਹੀ ਹੈ ਕਿ ਹਰਿਆਣਾ ਪੁਲਸ ਦਾ ਇਹ ਸਪੈਸ਼ਲ ਆਪਰੇਸ਼ਨ ਸੀ। ਹਰਿਆਣਾ ਪੁਲਸ ਆਈ ਅਤੇ ਇਨਾਮੀ ਗੈਂਗਸਟਰ ਨੂੰ ਫੜ ਕੇ ਲੈ ਗਈ। ਕਾਰਵਾਈ ਲਈ ਵੱਡੇ ਅਧਿਕਾਰੀਆਂ ਨੂੰ ਕਹਿ ਦਿੱਤਾ ਗਿਆ ਹੈ। ਇਹ ਸਟੇਟ ਟੂ ਸਟੇਟ ਮਾਮਲਾ ਹੈ।

ਸਾਫਟਵੇਅਰ 'ਚ ਅਪਲੋਡ ਨਹੀਂ ਸੀ. ਐੱਚ. 01 ਸੀ. ਏ. 6399 ਨੰਬਰ ਦੀ ਗੱਡੀ
ਫਗਵਾੜਾ ਗੇਟ ਮਾਰਕੀਟ 'ਚ ਜਿਸ ਗੱਡੀ ਦੇ ਟਾਇਰ 'ਚ ਹਰਿਆਣਾ ਪੁਲਸ ਨੇ ਗੋਲੀ ਮਾਰੀ ਸੀ, ਉਸ ਗੱਡੀ ਦਾ ਨੰਬਰ ਸੀ. ਐੱਚ. 01 ਸੀ. ਏ. 6399 ਸਾਫਟਵੇਅਰ 'ਚ ਅਪਲੋਡ ਨਹੀਂ ਹੈ। ਨਾਲ ਹੀ ਇਹ ਵੀ ਪਤਾ ਲੱਗਾ ਹੈ ਕਿ ਬਿਨਾਂ ਚੈਸੀ ਨੰਬਰ ਦੇ ਇਹ ਪਤਾ ਲਾਉਣਾ ਮੁਸ਼ਕਲ ਹੈ ਕਿ ਗੱਡੀ ਚੰਡੀਗੜ੍ਹ ਦੀ ਹੈ ਜਾਂ ਨਹੀਂ। ਚੈਸੀ ਨੰਬਰ ਬਿਨਾਂ ਇਸ ਗੱਡੀ ਦੇ ਮਾਲਕ ਤੱਕ ਪਹੁੰਚ ਸਕਣਾ ਮੁਸ਼ਕਿਲ ਹੈ।

PunjabKesari

2 ਦਿਨ ਦੇ ਰਿਮਾਂਡ 'ਤੇ ਭੇਜਿਆ ਅਜੇ ਨੂੰ
ਕੈਥਲ ਪੁਲਸ ਦੇ ਐੱਸ. ਪੀ. ਸੁਸ਼ਾਂਕ ਕੁਮਾਰ ਸਾਵਨ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਗੈਂਗਸਟਰ ਅਜੇ ਪੁੱਤਰ ਰਾਮ ਕਿਸ਼ਨ ਵਾਸੀ ਖੇੜੀ ਸ਼ੇਰ ਖਾਂ ਜ਼ਿਲ੍ਹਾ ਕੈਥਲ ਜੋ ਕਿ ਕੈਥਲ, ਕੁਰੂਕਸ਼ੇਤਰ,ਜੀਂਦ ਸਮੇਤ ਹੋਰ ਕਈ ਜ਼ਿਲ੍ਹਿਆਂ 'ਚ ਲੋੜੀਂਦਾ ਹੈ, ਪੰਜਾਬ ਦੇ ਜਲੰਧਰ 'ਚ ਰਹਿਣ ਵਾਲੇ ਇਕ ਵਿਅਕਤੀ ਕੋਲ ਰਹਿ ਰਿਹਾ ਹੈ। ਉਕਤ ਮੁਲਜ਼ਮ ਅਜੇ ਥਾਣਾ ਕੁਰੂਕਸ਼ੇਤਰ ਯੂਨੀਵਰਸਿਟੀ 'ਚ 17 ਅਕਤੂਬਰ 2011 ਨੂੰ ਦਰਜ ਹੱਤਿਆ ਅਤੇ ਕਾਤਲਾਨਾ ਹਮਲੇ ਦੇ ਮਾਮਲੇ 'ਚ ਮਾਣਯੋਗ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਪਾ ਚੁੱਕਾ ਹੈ।

ਹਾਈ ਕੋਰਟ ਦੇ ਹੁਕਮਾਂ ਅਨੁਸਾਰ ਮਿਤੀ 3 ਨਵੰਬਰ 2016 ਨੂੰ ਇਕ ਮਹੀਨੇ ਦੇ ਪੈਰੋਲ 'ਤੇ ਛੱਡਿਆ ਗਿਆ ਸੀ, ਜਿਸ ਨੇ 13 ਦਸੰਬਰ 2016 ਨੂੰ ਕੁਰੂਕਸ਼ੇਤਰ ਜੇਲ 'ਚ ਵਾਪਸ ਪਰਤਣਾ ਸੀ। ਮਾਣਯੋਗ ਅਦਾਲਤ ਨੇ 6 ਜੁਲਾਈ 2017 ਨੂੰ ਅਜੇ ਕੁਮਾਰ ਨੂੰ ਭਗੌੜਾ ਕਰਾਰ ਦੇ ਦਿੱਤਾ।15 ਜਨਵਰੀ 2019 ਨੂੰ ਪੁਲਸ ਵੱਲੋਂ ਮੁਲਜ਼ਮ ਦੀ ਗ੍ਰਿਫਤਾਰੀ 'ਤੇ ਇਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ। ਪੁਲਸ ਨੂੰ ਮਿਲੀ ਸੂਚਨਾ ਅਨੁਸਾਰ ਮੁਲਜ਼ਮ ਅਜੇ ਨੇ ਵੋਕਸ ਵੈਗਨ ਗੱਡੀ ਨੰਬਰ ਸੀ. ਐੱਚ. 01 ਸੀ. ਏ. 6399 ਲਈ ਹੋਈ ਹੈ ਅਤੇ ਉਸ ਨੂੰ ਪਠਾਨਕੋਟ ਬਾਈਪਾਸ ਰੋਡ ਜਲੰਧਰ ਨਿਵਾਸੀ ਕਰਮਜੀਤ ਆਪਣੇ ਕੋਲ ਰੱਖ ਰਿਹਾ ਹੈ। ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਅਜੇ ਖ਼ਿਲਾਫ਼ ਥਾਣਾ ਥਾਣੇਸਰ, ਥਾਣਾ ਕੇ. ਯੂ. ਕੇ. ਕੁਰੂਕਸ਼ੇਤਰ , ਥਾਣਾ ਨਾਰਾਇਣਗੜ੍ਹ ਜ਼ਿਲਾ ਅੰਬਾਲਾ, ਥਾਣਾ ਉਚਾਨਾ, ਥਾਣਾ ਸਦਰ ਨਰਵਾਣਾ, ਥਾਣਾ ਅਲੇਵਾ ਜ਼ਿਲ੍ਹਾ ਜੀਂਦ ਅਤੇ ਥਾਣਾ ਰਾਜੌਂਦ 'ਚ ਹੱਤਿਆ, ਹੱਤਿਆ ਦੀ ਕੋਸ਼ਿਸ਼, ਆਰਮਜ਼ ਐਕਟ,ਅਗਵਾ, ਸਦਾਚਾਰ ਕੈਦੀ ਐਕਟ,ਅਪਰਾਧਿਕ ਤੰਗ ਪਰੇਸ਼ਾਨ ਕਰਨਾ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਸਮੇਤ ਵੱਖ-ਵੱਖ 11 ਮਾਮਲੇ ਦਰਜ ਹਨ। ਪੁੱਛਗਿੱਛ ਲਈ ਮੁਲਜ਼ਮ ਅਜੇ ਖੇੜੀ ਸ਼ੇਰ ਖਾਂ ਦਾ ਮਿਤੀ 25 ਜੂਨ ਨੂੰ ਸੀ. ਆਈ. ਏ. 1 ਪੁਲਸ ਵਲੋਂ ਮਾਣਯੋਗ ਅਦਾਲਤ ਤੋਂ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।

PunjabKesari

ਕਰਮਜੀਤ ਸਿੰਘ ਨੇ ਆਪਣੇ ਕੋਲ ਕਿਉਂ ਰੱਖਿਆ ਸੀ ਗੈਂਗਸਟਰ ਅਜੇ ਨੂੰ?
ਪਠਾਨਕੋਟ ਚੌਕ ਨੇੜੇ ਰਹਿਣ ਵਾਲੇ ਕਰਮਜੀਤ ਸਿੰਘ ਕੋਲ ਕਿੰਨੀ ਦੇਰ ਤੋਂ ਗੈਂਗਸਟਰ ਅਜੇ ਕੁਮਾਰ ਰਹਿ ਰਿਹਾ ਸੀ। ਇਸ ਸਬੰਧੀ ਪੁਲਸ ਕੋਈ ਜਾਣਕਾਰੀ ਨਹੀਂ ਦੇ ਰਹੀ ਹੈ। ਪੇਸ਼ੇ ਤੋਂ ਕਰਮਜੀਤ ਪ੍ਰਾਪਰਟੀ ਕਾਰੋਬਾਰੀ ਹੈ ਪਰ ਉਸ ਨੇ ਗੈਂਗਸਟਰ ਨੂੰ ਆਪਣੇ ਕੋਲ ਕਿਉਂ ਰੱਖਿਆ, ਇਸ ਨੂੰ ਲੈ ਕੇ ਪੁਲਸ ਅਜੇ ਚੁੱਪ ਧਾਰੀ ਬੈਠੀ ਹੈ।


shivani attri

Content Editor

Related News