ਜੀ. ਐੱਸ. ਟੀ. ਵਿਰੁੱਧ ਸੜਕਾਂ ''ਤੇ ਉਤਰੀ ਭਾਕਪਾ
Sunday, Jul 02, 2017 - 12:33 AM (IST)

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਨੇ ਅੱਜ ਜੀ. ਐੱਸ. ਟੀ. ਦੇ ਵਿਰੋਧ 'ਚ ਮੁੱਖ ਸੜਕਾਂ 'ਤੇ ਰੋਸ ਮੁਜ਼ਾਹਰਾ ਕੀਤਾ। ਇਸ ਤੋਂ ਪਹਿਲਾਂ ਬਾਰਾਂਦਰੀ ਬਾਗ 'ਚ ਹੋਏ ਇਕੱਠ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਆਗੂਆਂ ਐਡਵੋਕੇਟ ਦਲਜੀਤ ਸਿੰਘ, ਕੁਲਵਿੰਦਰ ਸਿੰਘ ਵੜੈਚ ਤੇ ਜਸਵੀਰ ਸਿੰਘ ਦੀਪ ਨੇ ਕਿਹਾ ਕਿ ਜੀ. ਐੱਸ. ਟੀ. ਨੂੰ ਸਭ ਤੋਂ ਪਹਿਲਾਂ ਯੂ. ਪੀ. ਏ. ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲੈ ਕੇ ਆਈ ਸੀ। ਜੀ. ਐੱਸ. ਟੀ. 'ਤੇ ਵਿਰੋਧ ਦਰਜ ਕਰਨ ਵਾਲੀ ਕਾਂਗਰਸ ਡਰਾਮੇਬਾਜ਼ੀ ਕਰ ਰਹੀ ਹੈ, ਜਦੋਂਕਿ ਉਸ ਦਾ ਵਿਰੋਧ ਜੀ. ਐੱਸ. ਟੀ. ਪ੍ਰਤੀ ਘੱਟ ਤੇ ਜੀ. ਐੱਸ. ਟੀ. ਦੀ ਸ਼ੁਰੂਆਤ ਰਾਤ ਦੇ ਸਮੇਂ ਦੇਸ਼ ਦੀ ਆਜ਼ਾਦੀ ਵਾਂਗ ਕੀਤੇ ਜਾਣ ਪ੍ਰਤੀ ਵਧੇਰੇ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਭਾਰਤ ਨੇ ਵਿਸ਼ਵ ਵਪਾਰ ਸੰਗਠਨ (ਡਬਲਯੂ.ਟੀ.ਓ.) ਦੀ ਮੈਂਬਰਸ਼ਿਪ ਹਾਸਲ ਕੀਤੀ ਹੈ, ਉਦੋਂ ਤੋਂ ਹੀ ਦੇਸ਼ ਦੀਆਂ ਸਰਕਾਰਾਂ ਰਾਸ਼ਟਰ ਵਿਰੋਧੀ ਫ਼ੈਸਲੇ ਲੈਣ 'ਚ ਲੱਗੀਆਂ ਹੋਈਆਂ ਹਨ। ਰਾਸ਼ਟਰ ਨੂੰ ਨਾ ਸਿਰਫ ਵਿਦੇਸ਼ੀ ਸਰਕਾਰਾਂ ਦੇ ਇਸ਼ਾਰੇ 'ਤੇ ਚੱਲਣਾ ਬੰਦ ਕਰਨਾ ਚਾਹੀਦਾ ਹੈ, ਸਗੋਂ ਵਰਲਡ ਟ੍ਰੇਡ ਆਰਗੇਨਾਈਜ਼ੇਸ਼ਨ ਤੋਂ ਵੀ ਬਾਹਰ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਫ਼ੈਸਲੇ ਦੇਸ਼ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਜੀ. ਐੱਸ. ਟੀ. ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੀਬੀ ਗੁਰਬਖ਼ਸ਼ ਕੌਰ ਸੰਘਾ, ਸੁਰਿੰਦਰ ਸਿੰਘ ਬੈਂਸ, ਅਵਤਾਰ ਸਿੰਘ ਤਾਰੀ ਆਦਿ ਨੇ ਵੀ ਸੰਬੋਧਨ ਕੀਤਾ।
ਗੜ੍ਹਸ਼ੰਕਰ, (ਬ੍ਰਹਮਪੁਰੀ)- ਅੱਜ ਲਾਈਫ ਇੰਸ਼ੋਰੈਂਸ ਫੈੱਡਰੇਸ਼ਨ ਗੜ੍ਹਸ਼ੰਕਰ ਵੱਲੋਂ ਕੇਂਦਰ ਸਰਕਾਰ ਵੱਲੋਂ ਲਾਏ ਗਏ ਜੀ. ਐੱਸ. ਟੀ. ਦਾ ਵਿਰੋਧ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਰਣਜੀਤ ਸਿੰਘ ਬਿੰਜੋਂ, ਪ੍ਰਧਾਨ ਬਲਵਿੰਦਰ ਕੁਮਾਰ, ਸਕੱਤਰ ਅਮਰੀਕ ਲਾਲ ਤੇ ਡਵੀਜ਼ਨ ਉਪ ਪ੍ਰਧਾਨ ਤਰਸੇਮ ਸਿੰਘ ਨੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਤੇ ਕਿਹਾ ਕਿ ਜੇਕਰ ਸਰਕਾਰ ਨੇ ਐੱਲ. ਆਈ. ਸੀ. ਨੂੰ ਜੀ. ਐੱਸ. ਟੀ. ਤੋਂ ਬਾਹਰ ਨਾ ਕੀਤਾ ਤਾਂ ਆਉਣ ਵਾਲੇ ਸਮੇਂ 'ਚ ਵਿਰੋਧ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੁਨੀਲ ਪੁਰੀ, ਹਰਵਿੰਦਰ ਕੁਮਾਰ, ਸੁਰਿੰਦਰ ਕੁਮਾਰ, ਮਾਸਟਰ ਅਸ਼ੋਕ ਕੁਮਾਰ, ਸੁਨੀਲ, ਵਰਿੰਦਰ ਕੁਮਾਰ, ਹੇਮਰਾਜ ਲਾਖਾ, ਪਵਨ, ਹਰਦੇਵ ਕੁਮਾਰ, ਜਸਵੀਰ ਕੁਮਾਰ, ਸਤਵਿੰਦਰ ਭਾਮ, ਮਨਜੀਤ ਸਿੰਘ ਪਨੇਸਰ, ਚਿਰੰਜੀ ਲਾਲ, ਭਾਰਤ ਭੂਸ਼ਣ ਆਦਿ ਹਾਜ਼ਰ ਸਨ।