ਜਲੰਧਰ ਦੇ ਇਸ ਮਸ਼ਹੂਰ ਮਾਲ ’ਚ ਜੀ. ਐੱਸ. ਟੀ. ਮਹਿਕਮੇ ਦੀ ਰੇਡ, ਕਈ ਦਸਤਾਵੇਜ਼ ਕੀਤੇ ਜ਼ਬਤ

Saturday, Oct 15, 2022 - 02:05 PM (IST)

ਜਲੰਧਰ ਦੇ ਇਸ ਮਸ਼ਹੂਰ ਮਾਲ ’ਚ ਜੀ. ਐੱਸ. ਟੀ. ਮਹਿਕਮੇ ਦੀ ਰੇਡ, ਕਈ ਦਸਤਾਵੇਜ਼ ਕੀਤੇ ਜ਼ਬਤ

ਜਲੰਧਰ (ਸੋਨੂੰ, ਪੁਨੀਤ)— ਜਲੰਧਰ ’ਚ ਫੈਸਟੀਵਲ ਸੀਜ਼ਨ ਦੇ ਚਲਦਿਆਂ ਸਿਹਤ ਮਹਿਕਮਾ ਅਤੇ ਜੀ. ਐੱਸ. ਟੀ. ਮਹਿਕਮੇ ਵੱਲੋਂ ਜ਼ਿਲ੍ਹੇ ’ਚ  ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਜਲੰਧਰ ਦੇ ਜੀ. ਐੱਸ. ਟੀ. ਮਹਿਕਮੇ ਵੱਲੋਂ ਸੈਫਰਨ ਮਾਲ ਸਥਿਤ ਸਚਦੇਵਾ ਸ਼ੋਅਰੂਮ ’ਤੇ ਰੇਡ ਕੀਤੀ ਗਈ। ਇਸ ਦੌਰਾਨ ਮਹਿਕਮੇ ਵੱਲੋਂ ਕਈ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ। ਉਥੇ ਹੀ ਸੂਤਰਾਂ ਦੀ ਮੰਨੀਏ ਤਾਂ ਜੀ. ਐੱਸ. ਟੀ. ਮਹਿਰਮੇ ਵੱਲੋਂ ਕਈ ਫਾਈਲਾਂ ਨੂੰ ਵੀ ਜ਼ਬਤ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਅਧਿਕਾਰਤ ਤੌਰ ’ਤੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ। 

ਇਹ ਵੀ ਪੜ੍ਹੋ:  ਕੈਨੇਡਾ ਤੋਂ ਮੰਦਭਾਗੀ ਖ਼ਬਰ: ਨਕੋਦਰ ਦੇ 22 ਸਾਲਾ ਨੌਜਵਾਨ ਦੀ ਮੌਤ, ਜਨਮ ਦਿਨ ਦਾ ਤੋਹਫ਼ਾ ਉਡੀਕਦੀ ਰਹੀ ਭੈਣ

PunjabKesari

ਇਸ ਦੌਰਾਨ ਪੁਲਸ ਮੁਲਾਜ਼ਮ ਵੀ ਮੀਡੀਆ ਨੂੰ ਇਕ ਪਾਸੇ ਕਰਦੇ ਨਜ਼ਰ ਆਏ। ਪੁਲਸ ਵੱਲੋਂ ਗਾਹਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਸੀ ਪਰ ਉਹ ਮੀਡੀਆ ਨੂੰ ਇਕ ਪਾਸੇ ਕਰਦੀ ਰਹੀ। ਇਹ ਪੁਲਸ ਦੀ ਕਾਰਜਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ। ਉਥੇ ਹੀ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ ਦਿਨਾਂ ’ਚ ਸ਼ਾਇਦ ਮਹਿਕਮਾ ਹੋਰ ਮੁਸਤੈਦੀ ਨਾਲ ਕਈ ਵੱਡੇ ਸ਼ੋਅਰੂਮਾਂ ਅਤੇ ਮਾਲ ’ਚ ਵੀ ਦਬਿਸ਼ ਦੇ ਸਕਦੀ ਹੈ।  ਦੱਸਣਯੋਗ ਹੈ ਕਿ ਤਿਉਹਾਰਾਂ ਅਤੇ ਵਿਆਹਾਂ ਦਾ ਸੀਜ਼ਨ ਜ਼ੋਰਾਂ ’ਤੇ ਹੈ, ਜਿਸ ਕਾਰਨ ਕੱਪੜਿਆਂ ਦੀ ਸੇਲ ਵਿਚ ਭਾਰੀ ਵਾਧਾ ਦਰਜ ਹੋ ਰਿਹਾ ਹੈ। ਸੀਜ਼ਨ ਦੇ ਬਾਵਜੂਦ ਜੀ. ਐੱਸ. ਟੀ. ਵਿਭਾਗ ਨੂੰ ਬਣਦਾ ਰੈਵੇਨਿਊ ਪ੍ਰਾਪਤ ਨਹੀਂ ਹੋ ਪਾ ਰਿਹਾ, ਜਿਸ ਕਾਰਨ ਕੱਪੜਿਆਂ ਦੇ ਵਪਾਰ ’ਤੇ ਫੋਕਸ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿਚ ਸਟੇਟ ਜੀ. ਐੱਸ. ਟੀ. ਜਲੰਧਰ-1 ਦੀ ਟੀਮ ਨੇ ਸੈਫਰਨ ਮਾਲ ਸਥਿਤ ਮੈਸਰਜ਼ ਸਚਦੇਵਾ ਸਾੜ੍ਹੀ ਇੰਪੋਰੀਅਮ ਵਿਚ ਛਾਪੇਮਾਰੀ ਨੂੰ ਅੰਜਾਮ ਦਿੱਤਾ। ਟੈਕਸ ਅਦਾਇਗੀ ਵਿਚ ਗੜਬੜੀ ਦੀ ਸੂਚਨਾ ਦੇ ਆਧਾਰ ’ਤੇ ਹੋਈ ਇਸ ਕਾਰਵਾਈ ਵਿਚ ਵਿਭਾਗ ਦੇ ਹੱਥ ਕਈ ਪੁਖ਼ਤਾ ਕਾਗਜ਼ਾਤ ਲੱਗੇ ਹਨ, ਜਿਸ ਨੂੰ ਜਾਂਚ ਦਾ ਵਿਸ਼ਾ ਬਣਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਟੈਕਸੇਸ਼ਨ ਪਰਮਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਸਿਸਟੈਂਟ ਕਮਿਸ਼ਨਰ-1 ਅਮਨ ਗੁਪਤਾ ਨੇ ਸਵੇਰੇ 11 ਵਜੇ ਦੇ ਲਗਭਗ ਸਚਦੇਵਾ ਸਾੜ੍ਹੀ ਇੰਪੋਰੀਅਮ ਵਿਚ ਛਾਪੇਮਾਰੀ ਕਰਕੇ ਸਰਚ ਮੁਹਿੰਮ ਸ਼ੁਰੂ ਕੀਤੀ। ਹਰ ਸਾਲ ਟਰਨਓਵਰ ਦੀ ਰਕਮ ਵਿਚ ਹੋਣ ਵਾਲੇ ਬਦਲਾਅ ਤਹਿਤ ਸਬੰਧਤ ਇਕਾਈ ਦੀ ਟਰਨਓਵਰ 12 ਤੋਂ 15 ਕਰੋੜ ਦੇ ਵਿਚਕਾਰ ਦਰਜ ਹੋ ਰਹੀ ਹੈ। ਇਸ ਵਾਰ ਟੈਕਸ ਕੁਲੈਕਸ਼ਨ ਵਿਚ ਕਮੀ ਆਉਣ ਕਾਰਨ ਵਿਭਾਗ ਵੱਲੋਂ ਸਬੰਧਤ ਇਕਾਈ ’ਤੇ ਨਜ਼ਰ ਰੱਖੀ ਜਾ ਰਹੀ ਸੀ।
PunjabKesari

ਮਹਿਕਮੇ ਨੂੰ ਪੁਖ਼ਤਾ ਜਾਣਕਾਰੀ ਮਿਲੀ ਕਿ ਟੈਕਸ ਦੀ ਦੇਣਦਾਰੀ ਨੂੰ ਸਟਾਕ ਦੇ ਨਾਲ ਐਡਜਸਟ ਕਰ ਕੇ ਬਣਦਾ ਟੈਕਸ ਅਦਾ ਨਹੀਂ ਕੀਤਾ ਜਾ ਰਿਹਾ। ਸਚਦੇਵਾ ਸਾੜ੍ਹੀ ਇੰਪੋਰੀਅਮ ਵਿਚ ਬਰਾਈਡਲ ਸਾੜ੍ਹੀਆਂ, ਲਹਿੰਗੇ, ਪਾਰਟੀਵੀਅਰ ਸੂਟ ਸਮੇਤ ਔਰਤਾਂ ਦੇ ਕੱਪੜਿਆਂ ਦੀ ਮਹਿੰਗੀ ਵਰਾਇਟੀ ਉਪਲੱਬਧ ਹੈ ਪਰ ਇਸਦੇ ਬਾਵਜੂਦ ਵਿਭਾਗ ਨੂੰ ਉਮੀਦ ਦੇ ਮੁਤਾਬਕ ਟੈਕਸ ਅਦਾ ਨਹੀਂ ਕੀਤਾ ਜਾ ਰਿਹਾ ਸੀ। ਇਸੇ ਦੇ ਆਧਾਰ ’ਤੇ ਵਿਭਾਗ ਨੇ ਛਾਪੇਮਾਰੀ ਕਰ ਕੇ ਮਹੱਤਵਪੂਰਨ ਕਾਗਜ਼ਾਤ, ਕੱਚੀਆਂ ਪਰਚੀਆਂ, ਮੋਬਾਇਲ, ਕੰਪਿਊਟਰ ਦਾ ਡਾਟਾ ਅਤੇ ਹੋਰ ਜ਼ਰੂਰੀ ਚੀਜ਼ਾਂ ਜ਼ਬਤ ਕੀਤੀਆਂ ਹਨ। ਬਿਨਾਂ ਬਿੱਲ ਦੇ ਸਾਮਾਨ ਵੇਚਣ ਸਬੰਧੀ ਮਿਲੀਆਂ ਸੂਚਨਾਵਾਂ ਦੇ ਆਧਾਰ ’ਤੇ ਵਿਭਾਗ ਵੱਲੋਂ ਕੁਝ ਦਿਨ ਪਹਿਲਾਂ ਆਪਣੇ ਅਧਿਕਾਰੀਆਂ ਨੂੰ ਗਾਹਕ ਬਣਾ ਕੇ ਸਬੰਧਤ ਇਕਾਈ ਵਿਚ ਭੇਜਿਆ ਗਿਆ ਅਤੇ ਇਸ ਦੌਰਾਨ ਕਈ ਤੱਥ ਜੁਟਾਏ ਗਏ।

ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਪ੍ਰਗਤੀ ਸੇਠੀ, ਬਲਜੀਤ ਕੌਰ, ਨਰਿੰਦਰਪਾਲ ਕੌਰ, ਓਂਕਾਰ ਨਾਥ ਸਮੇਤ ਕਈ ਇੰਸਪੈਕਟਰਾਂ ਅਤੇ ਵਿਭਾਗੀ ਪੁਲਸ ਦੀ ਟੀਮ ਵੱਲੋਂ 10 ਘੰਟੇ ਤੋਂ ਵੱਧ ਸਮੇਂ ਤੱਕ ਜਾਂਚ-ਪੜਤਾਲ ਕੀਤੀ ਗਈ। ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਇਕਾਈ ਵੱਲੋਂ ਖਰੀਦੇ ਗਏ ਮਾਲ ਨੂੰ ਪੈਂਡਿੰਗ ਸਟਾਕ ਵਿਚ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਟੈਕਸ ਬਚਾਇਆ ਜਾ ਰਿਹਾ ਹੈ। ਰਾਤ 8 ਵਜੇ ਤੋਂ ਬਾਅਦ ਤੱਕ ਚੱਲੀ ਜਾਂਚ ਦੌਰਾਨ ਵਿਭਾਗੀ ਅਧਿਕਾਰੀਆਂ ਨੇ ਅੰਦਰ ਪਏ ਸਟਾਕ ਨੂੰ ਨੋਟ ਕਰ ਲਿਆ ਹੈ, ਜਿਸ ਨੂੰ ਸਬੰਧਤ ਇਕਾਈ ਦੇ ਰਿਕਾਰਡ ਨਾਲ ਕਰਾਸ ਚੈੱਕ ਕੀਤਾ ਜਾਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਇਕਾਈ ਵੱਲੋਂ ਲੈਣ-ਦੇਣ ਵਿਚ ਵਰਤੇ ਜਾਂਦੇ ਮੋਬਾਇਲ ਫੋਨ ਦਾ ਡਾਟਾ ਵਿਭਾਗ ਲਈ ਅਹਿਮ ਕੜੀ ਸਾਬਿਤ ਹੋਵੇਗਾ। ਇਸ ਦੇ ਨਾਲ-ਨਾਲ ਕੰਪਿਊਟਰ ਵਿਚੋਂ ਮਿਲੇ ਰਿਕਾਰਡ ਤੋਂ ਵੀ ਕਈ ਅਹਿਮ ਜਾਣਕਾਰੀਆਂ ਮਿਲ ਸਕਦੀਆਂ ਹਨ।
 

PunjabKesari

ਰੈਡੀਮੇਡ ਗਾਰਮੈਂਟਸ ਦੇ ਕਾਰੋਬਾਰ ਵਿਚ ਲੱਗ ਰਹੀ ਟੈਕਸ ਦੀ ਸੰਨ੍ਹ : ਅਮਨ ਗੁਪਤਾ
ਅਸਿਸਟੈਂਟ ਕਮਿਸ਼ਨਰ-1 ਅਮਨ ਗੁਪਤਾ ਨੇ ਦੱਸਿਆ ਕਿ ਰੈਡੀਮੇਡ ਗਾਰਮੈਂਟਸ ਦੇ ਕਾਰੋਬਾਰ ਵਿਚ ਟੈਕਸ ਦੀ ਸੰਨ੍ਹ ਲਾਈ ਜਾ ਰਹੀ ਹੈ, ਜਿਸ ਦੇ ਕਈ ਪੁਖਤਾ ਤੱਥ ਵਿਭਾਗ ਵੱਲੋਂ ਜੁਟਾਏ ਗਏ ਹਨ। ਗਾਰਮੈਂਟ ਸਟੋਰ ਖਰੀਦੇ ਗਏ ਮਾਲ ਨੂੰ ਆਪਣੇ ਸਟਾਕ ਵਿਚ ਦਿਖਾਉਂਦੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਸੇਲ ਨਹੀਂ ਦਿਖਾਈ ਜਾਂਦੀ।

ਜਾਂਚ ਤੋਂ ਪਹਿਲਾਂ ਅਧਿਕਾਰੀਆਂ ਨੂੰ ਤੱਥ ਜੁਟਾਉਣ ਦੀਆਂ ਹਦਾਇਤਾਂ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਟੈਕਸੇਸ਼ਨ ਪਰਮਜੀਤ ਸਿੰਘ ਨੇ ਕਿਹਾ ਕਿ ਟੈਕਸ ਦੀ ਗੜਬੜੀ ਕਰ ਕੇ ਵਿਭਾਗ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਗਾਹਕਾਂ ਨੂੰ ਬਿਨਾਂ ਬਿੱਲ ਦੇ ਮਾਲ ਵੇਚਣਾ ਇਸ ਵਿਚ ਮੁੱਖ ਤੌਰ ’ਤੇ ਸਾਹਮਣੇ ਆ ਰਿਹਾ ਹੈ। ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਾਂਚ ਕਰਨ ਤੋਂ ਪਹਿਲਾਂ ਤੱਥ ਜੁਟਾਉਣ ਤਾਂ ਕਿ ਵਿਭਾਗ ਨੂੰ ਹਰੇਕ ਕਾਰਵਾਈ ਵਿਚ ਵਧੀਆ ਰਿਜ਼ਲਟ ਮਿਲੇ।

ਇਹ ਵੀ ਪੜ੍ਹੋ:  ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ 'ਚ ਦਰਦਨਾਕ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News