2024 ਦੇ ਚੋਣ ਫਿਨਾਲੇ ਤੋਂ ਪਹਿਲਾਂ ਅਗਲੇ 18 ਮਹੀਨਿਆਂ 'ਚ ਸਿਆਸੀ ਪਾਰਟੀਆਂ 'ਚ ਚੱਲੇਗੀ ‘ਸ਼ਹਿ-ਮਾਤ’ ਦੀ ਖੇਡ

Monday, Oct 17, 2022 - 12:01 PM (IST)

2024 ਦੇ ਚੋਣ ਫਿਨਾਲੇ ਤੋਂ ਪਹਿਲਾਂ ਅਗਲੇ 18 ਮਹੀਨਿਆਂ 'ਚ ਸਿਆਸੀ ਪਾਰਟੀਆਂ 'ਚ ਚੱਲੇਗੀ ‘ਸ਼ਹਿ-ਮਾਤ’ ਦੀ ਖੇਡ

ਜਲੰਧਰ (ਅਨਿਲ ਪਾਹਵਾ)- ਚੋਣ ਕਮਿਸ਼ਨ ਵੱਲੋਂ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੀਆਂ ਤਾਰੀਖ਼ਾਂ ਦੇ ਐਲਾਨ ਦੇ ਨਾਲ ਹੀ 2023-24 ਦਾ ‘ਗ੍ਰੇਟ ਇੰਡੀਅਨ ਇਲੈਕਸ਼ਨ ਸੀਜ਼ਨ’ ਸ਼ੁਰੂ ਹੋ ਗਿਆ ਹੈ। ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਨੇ ਹਿਮਾਚਲ ਦੀਆਂ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕੀਤਾ ਅਤੇ ਜੋ ਸਿਲਸਿਲਾ ਸ਼ੁਰੂ ਕੀਤਾ ਹੈ, ਉਹ ਅਗਲੇ 18 ਮਹੀਨਿਆਂ ਤੱਕ ਲਗਾਤਾਰ ਜਾਰੀ ਰਹੇਗੀ। ਇਸ ‘ਗ੍ਰੇਟ ਇੰਡੀਅਨ ਇਲੈਕਸ਼ਨ ਸੀਜ਼ਨ’ ਦਾ ਅੰਤਮ ਪੜਾਅ ਜਾਂ ਇੰਝ ਕਹੋ ਕਿ ਫਿਨਾਲੇ 2024 ਦੀਆਂ ਲੋਕ ਸਭਾ ਚੋਣਾਂ ਨਾਲ ਹੋਵੇਗਾ।

ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਅਗਲੇ 18 ਮਹੀਨਿਆਂ ’ਚ ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ ਅਤੇ ਛੱਤੀਸਗੜ੍ਹ ’ਚ ਚੋਣਾਂ ਹੋਣੀਆਂ ਹਨ। ਇਹ 7 ਸੂਬੇ ਦੇਸ਼ ਦੀ ਆਬਾਦੀ ਦਾ ਇਕ ਚੌਥਾਈ ਹਿੱਸਾ ਕਵਰ ਕਰਦੇ ਹਨ। ਇਸ ਸਾਲ ’ਚ ਹਿਮਾਚਲ ਪ੍ਰਦੇਸ਼, ਗੁਜਰਾਤ ਅਤੇ ਬਾਕੀ ਸੂਬਿਆਂ ’ਚ ਅਗਲੇ ਸਾਲ ਚੋਣਾਂ ਹੋਣਗੀਆਂ। ਇਨ੍ਹਾਂ ਚੋਣਾਂ ’ਚ ਜਿੱਥੇ ਹਰ ਸੂਬੇ ਦੀਆਂ ਚੋਣਾਂ ਅਹਿਮ ਹਨ, ਉੱਥੇ ਹੀ ਤੇਲੰਗਾਨਾ 'ਚ ਸਿਆਸੀ ਪਾਰਟੀਆਂ ਵਿਚਾਲੇ ਰੱਸਾਕਸ਼ੀ ਕਾਫ਼ੀ ਤਿੱਖੀ ਹੈ। ਇਥੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ ਹੈ। ਪਿਛਲੇ ਕੁਝ ਸਾਲਾਂ ’ਚ ਸਿਆਸਤ ਨੂੰ ਲੈ ਕੇ ਲੋਕਾਂ ’ਚ ਜਾਗਰੂਕਤਾ ਵਧੀ ਹੈ, ਜਿਸ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਲਈ ਇਹ ਰਾਹ ਇੰਨਾ ਸੌਖਾ ਨਹੀਂ ਰਿਹਾ। ਇਹ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ 2024 ’ਚ ਹੋਣ ਵਾਲੀਆਂ ਆਮ ਚੋਣਾਂ ’ਚ ਕੀ ਸਥਿਤੀ ਰਹੇਗੀ, ਉਸ ਨੂੰ ਸਪਸ਼ਟ ਕਰਨ 'ਚ ਬਹੁਤ ਅਹਿਮ ਭੂਮਿਕਾ ਨਿਭਾਉਣਗੀਆਂ।

ਇਹ ਵੀ ਪੜ੍ਹੋ: ਜਲੰਧਰ 'ਚ ਸ਼ਰੇਆਮ ਕੁੜੀ ਵੱਲੋਂ ਕੀਤੇ ਗਏ ਹਵਾਈ ਫਾਇਰ ਦੇ ਮਾਮਲੇ 'ਚ ਸਾਹਮਣੇ ਆਈ ਹੈਰਾਨ ਕਰਦੀ ਗੱਲ

ਹਿਮਾਚਲ ’ਚ ਭਾਜਪਾ ਦਾ ਸਮੀਕਰਨ
ਜਿੱਥੋਂ ਤੱਕ ਹਿਮਾਚਲ ਪ੍ਰਦੇਸ਼ ਦੀ ਗੱਲ ਹੈ, ਤਾਂ ਉੱਥੇ ਹਰ 5 ਸਾਲ ਬਾਅਦ ਸੱਤਾਧਾਰੀ ਪਾਰਟੀ ਨੂੰ ਬਾਹਰ ਦਾ ਰਸਤਾ ਵਿਖਾਉਣ ਦੀ ਪੁਰਾਣੀ ਪਰੰਪਰਾ ਹੈ ਪਰ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਭਰੋਸਾ ਹੈ ਕਿ ਜਿਸ ਤਰ੍ਹਾਂ ਉਸ ਨੇ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ’ਚ ਆਪਣੇ ਆਪ ਨੂੰ ਦੁਹਰਾਇਆ ਹੈ, ਉਸੇ ਤਰ੍ਹਾਂ ਹਿਮਾਚਲ ’ਚ ਵੀ ਉਸ ਨੂੰ ਸਫ਼ਲਤਾ ਮਿਲੇਗੀ। ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਿੱਧੀ ਦੇ ਨਾਲ-ਨਾਲ ਆਪਣੇ ਡਬਲ ਇੰਜਣ ਵਾਲੀ ਸਰਕਾਰ ਦੇ ਨਾਅਰੇ ਨੂੰ ਵੀ ਕੈਸ਼ ਕਰਨ ਦੀ ਕੋਸ਼ਿਸ਼ ਕਰੇਗੀ।
ਭਾਜਪਾ ਨੇ ਕੋਵਿਡ ਦੌਰਾਨ ਜੋ ਵੈਕਸੀਨੇਸ਼ਨ ਮੁਹਿੰਮ ਚਲਾਈ, ਉਸ 'ਚ ਪਹਾੜੀ ਸੂਬਿਆਂ ਵਿਚ ਸਭ ਤੋਂ ਵੱਧ ਸਫ਼ਲਤਾ ਪਾਰਟੀ ਨੂੰ ਮਿਲੀ। ਇਸ ਨੂੰ ਲੈ ਕੇ ਵੀ ਪਾਰਟੀ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਬਿਹਤਰ ਕੰਮ ਕਰਨ ਲਈ ਖੁਦ ਦੀ ਪਿੱਠ ਥਾਪੜ ਰਹੀ ਹੈ ਪਰ ਇਹ ਖੇਡ ਇੰਨੀ ਸੌਖੀ ਨਹੀਂ ਹੈ ਕਿਉਂਕਿ ਹਾਲ ਹੀ ਵਿਚ ਜ਼ਰੂਰੀ ਵਸਤਾਂ ਦੀਆਂ ਕੀਮਤਾਂ ’ਚ ਵਾਧਾ, ਬੇਰੋਜ਼ਗਾਰੀ ਅਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਰੋਸ ਪ੍ਰਗਟਾ ਰਹੇ ਪੁਰਾਣੇ ਕਰਮਚਾਰੀਆਂ ਕਾਰਨ ਭਾਜਪਾ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।

ਮਜ਼ਬੂਤ ਆਗੂ ਦੀ ਘਾਟ ਨਾਲ ਜੂਝ ਰਹੀ ਕਾਂਗਰਸ
ਦੂਜੇ ਪਾਸੇ ਕਾਂਗਰਸ, ਜੋ ਭਾਜਪਾ ਨੂੰ ਸੂਬੇ ’ਚ ਹਮੇਸ਼ਾ ਤੋਂ ਹੀ ਸਖ਼ਤ ਟੱਕਰ ਦਿੰਦੀ ਰਹੀ ਹੈ, ਇਸ ਵਾਰ ਵੱਖਰੀ ਹੀ ਸਮੱਸਿਆ ਨਾਲ ਜੂਝ ਰਹੀ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਦਿਹਾਂਤ ਤੋਂ ਬਾਅਦ ਪਾਰਟੀ ਕੋਲ ਉਨ੍ਹਾਂ ਦੇ ਪੱਧਰ ਦਾ ਕੋਈ ਆਗੂ ਨਹੀਂ ਹੈ, ਜਿਸ ਕਾਰਨ ਸੂਬੇ ’ਚ ਅਜੇ ਤੱਕ ਕਾਂਗਰਸ ਆਪਣੀ ਮੁਹਿੰਮ ਤੇਜ਼ ਨਹੀਂ ਕਰ ਸਕੀ ਹੈ। ਹਾਲ ਹੀ 'ਚ ਪਿਛਲੇ ਸਾਲ ਹੋਈਆਂ ਜ਼ਿਮਨੀ ਚੋਣਾਂ ’ਚ ਕਾਂਗਰਸ ਨੇ 3 ਵਿਧਾਨ ਸਭਾ ਅਤੇ 1 ਲੋਕ ਸਭਾ ਸੀਟ 'ਤੇ ਜਿੱਤ ਹਾਸਲ ਕੀਤੀ ਸੀ, ਜਿਸ ਤੋਂ ਸਾਬਤ ਹੁੰਦਾ ਹੈ ਕਿ ਲੋਕ ਭਾਜਪਾ ਤੋਂ ਨਾਰਾਜ਼ ਹਨ ਅਤੇ ਲੋਕ ਕਾਂਗਰਸ ਵੱਲ ਝੁਕ ਰਹੇ ਹਨ। ਇਸ ਸੋਚ ਦਾ ਫਾਇਦਾ ਪੂਰੀ ਤਰ੍ਹਾਂ ਕਾਂਗਰਸ ਨੂੰ ਹੀ ਮਿਲੇਗਾ, ਇਹ ਵੀ ਸਪੱਸ਼ਟ ਨਹੀਂ ਹੈ।

ਇਹ ਵੀ ਪੜ੍ਹੋ: ਸੁਲਤਾਲਪੁਰ ਲੋਧੀ ਵਿਖੇ ਵੱਡੀ ਵਾਰਦਾਤ, ਬਜ਼ੁਰਗ ਔਰਤ ਦੇ ਹੱਥ-ਪੈਰ ਬੰਨ੍ਹ ਬੇਰਹਿਮੀ ਨਾਲ ਕੀਤਾ ਕਤਲ

ਪੰਜਾਬ-ਦਿੱਲੀ ਦੇ ਸਹਾਰੇ ਹਿਮਾਚਲ 'ਚ ‘ਆਪ’
ਸੂਬੇ 'ਚ ਤੀਜੀ ਧਿਰ ਵਜੋਂ ਆਮ ਆਦਮੀ ਪਾਰਟੀ ਚੋਣ ਮੈਦਾਨ 'ਚ ਹੈ ਅਤੇ ਸਿੱਖਿਆ ਅਤੇ ਸਿਹਤ ਦੇ ਖੇਤਰ 'ਚ ਦਿੱਲੀ ਅਤੇ ਪੰਜਾਬ 'ਚ ਕੀਤੇ ਕੰਮਾਂ ਨੂੰ ਲੈ ਕੇ ਹਿਮਾਚਲ ਦੇ ਲੋਕਾਂ ਨਾਲ ਵਾਅਦੇ ਕਰ ਰਹੀ ਹੈ। ਲਗਭਗ 7 ਕਰੋੜ ਦੀ ਆਬਾਦੀ ਵਾਲੇ ਇਸ ਸੂਬੇ 'ਚ ਲੋਕਾਂ ਦਾ ਮੂਡ ਸਵਿੰਗ ਕਿਸ ਪਾਸੇ ਜਾਂਦਾ ਹੈ, ਇਹ ਬਹੁਤ ਵੱਡਾ ਸਵਾਲ ਹੈ। ਇਸੇ ਤਰ੍ਹਾਂ ਗੁਜਰਾਤ 'ਚ ਵੀ ਤਿੰਨੇ ਸਿਆਸੀ ਪਾਰਟੀਆਂ ਆਪਣੇ ਵੱਲੋਂ ਪੂਰੀ ਜ਼ੋਰ ਅਜ਼ਮਾਇਸ਼ ਕਰ ਰਹੀਆਂ ਹਨ, ਜਿੱਥੇ ਆਉਣ ਵਾਲੇ ਸਰਦੀਆਂ ਦੇ ਮੌਸਮ 'ਚ ਚੋਣਾਂ ਹੋਣੀਆਂ ਹਨ। ਕੁੱਲ ਮਿਲਾ ਕੇ 2024 ’ਚ ਖੁਦ ਨੂੰ ਬਿਹਤਰ ਕਰਨ ਲਈ ਕਾਂਗਰਸ ਨੂੰ ਸੂਬਿਆਂ 'ਚ ਹੋ ਰਹੀਆਂ ਚੋਣਾਂ ’ਚ ਭਾਜਪਾ ਤੋਂ ਵੱਧ ਮਜ਼ਬੂਤ ਹੋ ਕੇ ਨਿਕਲਣਾ ਹੋਵੇਗਾ।

ਇਹ ਵੀ ਪੜ੍ਹੋ: ਗ੍ਰਿਫ਼ਤਾਰ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ 3 ਦਿਨਾਂ ਦੇ ਪੁਲਸ ਰਿਮਾਂਡ ’ਤੇ, ਪਰਿਵਾਰ ਨੂੰ ਮਿਲ ਹੋਏ ਭਾਵੁਕ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News