ਮੌਜੂਦਾ ਹਾਲਾਤ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਬੋਲੇ- ਸਰਕਾਰਾਂ ਨੂੰ ਦੂਰਅੰਦੇਸ਼ੀ ਤੇ ਸਬਰ ਨਾਲ ਕੰਮ ਕਰਨ ਦੀ ਲੋੜ

Friday, Mar 24, 2023 - 04:59 AM (IST)

ਫਰੀਦਕੋਟ/ਚੰਡੀਗੜ੍ਹ (ਬਿਊਰੋ) : ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਅਤੇ ਦੇਸ਼ 'ਚ ਪਿਛਲੇ ਕੁਝ ਦਿਨਾਂ ਤੋਂ ਵਾਪਰ ਰਹੇ ਘਟਨਾਕ੍ਰਮ 'ਤੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸੂਬੇ ਵਿੱਚ ਅਮਨ ਤੇ ਭਾਈਚਾਰਕ ਸਾਂਝ ਬਣਾਏ ਰੱਖਣ ਅਤੇ ਕਿਸੇ ਤਰ੍ਹਾਂ ਦੇ ਸਰਕਾਰੀ ਦਮਨ ਚੱਕਰ ਤੋਂ ਗੁਰੇਜ਼ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਘੜੀ ਸਰਕਾਰਾਂ ਵੱਲੋਂ ਦੂਰਅੰਦੇਸ਼ੀ, ਸੂਝ-ਬੂਝ ਅਤੇ ਤੁਹੱਮਲ ਤੋਂ ਕੰਮ ਲੈਣ ਦੀ ਹੈ।

ਇਹ ਵੀ ਪੜ੍ਹੋ : ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਰੇਲਵੇ ਸਟੇਸ਼ਨ ਸ਼ੰਭੂ 'ਤੇ ਹੋਇਆ ਸੀ ਔਰਤ ਦਾ ਕਤਲ

ਸਮੂਹ ਪੰਜਾਬੀਆਂ ਅਤੇ ਦੇਸ਼ ਵਾਸੀਆਂ ਦੇ ਨਾਂ ਇੱਥੋਂ ਜਾਰੀ ਇਕ ਸੰਦੇਸ਼ ਵਿੱਚ ਬਾਦਲ ਨੇ ਕਿਹਾ ਕਿ ਖਾਲਸਾ ਪੰਥ, ਪੰਜਾਬ ਤੇ ਦੇਸ਼ ਇਸ ਵਕਤ ਨਾਜ਼ੁਕ ਘੜੀ 'ਚੋਂ ਲੰਘ ਰਿਹਾ ਹੈ। ਪੰਜਾਬ 'ਚ ਪਿਛਲੇ ਕੁਝ ਦਿਨਾਂ ਦੌਰਾਨ ਵਾਪਰੀਆਂ ਘਟਨਾਵਾਂ ਨੂੰ "ਬੇਹੱਦ ਚਿੰਤਾਜਨਕ ਅਤੇ ਦੁਖਦਾਈ" ਕਰਾਰ ਦਿੰਦਿਆਂ ਬਜ਼ੁਰਗ ਸਿਆਸਤਦਾਨ ਨੇ ਕਿਹਾ, "ਇਨ੍ਹਾਂ ਘਟਨਾਵਾਂ ਨਾਲ ਸੂਬੇ ਅੰਦਰ ਤਣਾਅ ਦਾ ਮਾਹੌਲ ਸਰਕਾਰ ਵੱਲੋਂ ਸਥਿਤੀ ਨਾਲ ਸਮੇਂ ਸ‌ਿਰ ਅਤੇ ਸੂਝ-ਬੂਝ ਨਾਲ ਨਜਿੱਠਣ ਵਿੱਚ ਫੇਲ੍ਹ ਹੋਣ ਦਾ ਨਤੀਜਾ ਹੈ।

ਇਹ ਵੀ ਪੜ੍ਹੋ : ਸ. ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ : ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾਉਣ ਵਾਲੇ ਕੌਮੀ ਸ਼ਹੀਦ ਨੂੰ ਸਿਜਦਾ

ਉਨ੍ਹਾਂ ਸਮੂਹ ਸਬੰਧਿਤ ਧਿਰਾਂ ਵਿਸ਼ੇਸ਼ ਕਰਕੇ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਸੂਬੇ 'ਚ ਅਮਨ ਤੇ ਭਾਈਚਾਰਕ ਸਾਂਝ 'ਤੇ ਹਰ ਕੀਮਤ 'ਤੇ ਪਹਿਰਾ ਦਿੱਤਾ ਜਾਵੇ ਪਰ ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਸੂਬੇ 'ਚ ਅਮਨ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਦੇ ਆਪਣੇ ਬੁਨਿਆਦੀ ਸੰਵਿਧਾਨਕ ਫਰਜ਼ ਨਿਭਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਸਰਕਾਰ ਵੱਲੋਂ ਪਿਛਲੇ ਦਿਨਾਂ ਦੌਰਾਨ ਕੀਤੀ ਗਈ ਕਾਰਵਾਈ 'ਤੇ ਟਿੱਪਣੀ ਕਰਦਿਆਂ ਬਾਦਲ ਨੇ ਕਿਹਾ ਕਿ ਇਹ ਕਾਰਵਾਈ ਜਿਸ ਕਾਰਜ ਲਈ ਕੀਤੀ ਗਈ ਉਸ ਵਿੱਚ ਵੀ ਪੂਰੀ ਤਰ੍ਹਾਂ ਅਸਫਲ ਰਹੀ ਹੈ, ਜੋ ਕਿ ਕਿਸੇ ਵੀ ਸਰਕਾਰ ਲਈ ਨਮੋਸ਼ੀ ਦਾ ਕਾਰਨ ਹੋਣਾ ਚਾਹੀਦਾ ਹੈ ਪਰ ਮੈਨੂੰ ਹੈਰਾਨੀ ਹੈ ਕਿ ਇਹ ਸਰਕਾਰ ਇਸ ਕਾਰਵਾਈ ਨੂੰ ਸਫਲ ਦੱਸ ਰਹੀ ਹੈ, ਜਦਕਿ ਇਸ ਕਾਰਵਾਈ ਨੇ ਸਥਿਤੀ ਨੂੰ ਸੁਖਾਵਾਂ ਬਣਾਉਣ ਦੀ ਥਾਂ ਹੋਰ ਵੀ ਗੰਭੀਰ ਤੇ ਪੇਚੀਦਾ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ : ਰਾਸ਼ਟਰਪਤੀ ਵੱਲੋਂ ਉੱਘੇ ਸਿੱਖ ਵਿਦਵਾਨ ਡਾ. ਰਤਨ ਸਿੰਘ ਜੱਗੀ ਦਾ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨ

ਉਨ੍ਹਾਂ ਮੀਡੀਆ ਸਮੇਤ ਸਭ ਧਿਰਾਂ ਨੂੰ ਅਪੀਲ ਕੀਤੀ ਕਿ ਪੰਜਾਬੀਆਂ ਤੇ ਖਾਸ ਕਰਕੇ ਦੇਸ਼ ਭਗਤ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਮੁਹਿੰਮ ਬੰਦ ਕੀਤੀ ਜਾਵੇ। ਕੁਝ ਥਾਵਾਂ ’ਤੇ ਬੇਦੋਸ਼ੇ ਸਿੱਖ ਨੌਜਵਾਨਾਂ ਨੂੰ ਸਿਰਫ ਸ਼ੱਕ ਦੇ ਆਧਾਰ ’ਤੇ ਕੇਸਾਂ 'ਚ ਫਸਾਏ ਜਾਣ ਤੇ ਗ੍ਰਿਫ਼ਤਾਰ ਕਰਨ ਨੂੰ ਗੈਰ-ਸੰਵਿਧਾਨਕ ਦੱਸਦਿਆਂ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ  ਨੋਟਿਸ 'ਚ ਆਇਆ ਹੈ ਕਿ ਅਮਨ ਕਾਨੂੰਨ ਕਾਇਮ ਰੱਖਣ ਦੇ ਬਹਾਨੇ ਕਈ ਮਾਸੂਮ ਨੌਜਵਾਨਾਂ ਨੂੰ ਸੰਗੀਨ ਝੂਠੇ ਮੁਕੱਦਮਿਆਂ ਵਿੱਚ ਫਸਾਇਆ ਜਾ ਰਿਹਾ ਹੈ ਤੇ ਇਸ ਨਾਲ ਸੂਬੇ 'ਚ ਦਮਨ ਵਾਲਾ ਮਾਹੌਲ ਖੜ੍ਹਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਸੂਬਾ ਤੇ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸੂਝ-ਬੂਝ ਤੇ ਦੂਰਅੰਦੇਸ਼ੀ ਤੋਂ ਕੰਮ ਲਿਆ ਜਾਏ ਤੇ ਸਿਰਫ ਸ਼ੱਕ ਦੇ ਆਧਾਰ ’ਤੇ ਝੂਠੇ ਕੇਸਾਂ 'ਚ ਫਸਾਏ ਗਏ ਮਾਸੂਮ ਲੋਕਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News